ਓਟਾਵਾ : ਫੈਡਰਲ ਸਰਕਾਰ ਨੇ ਐਲਾਨ ਕਰਦਿਆਂ ਕਿਹਾ ਕਿ ਇਸ ਮਹੀਨੇ ਦੇ ਅਖੀਰ ਤੱਕ ਯੋਗ ਬੱਚਿਆਂ ਲਈ ਕੋਵਿਡ-19 ਵੈਕਸੀਨ ਦੀਆਂ ਵਾਧੂ ਡੋਜ਼ਾਂ ਉਪਲਬਧ ਹੋਣਗੀਆਂ। ਇਸ ਤੋਂ ਇਲਾਵਾ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ 140 ਮਿਲੀਅਨ ਵਾਧੂ ਰੈਪਿਡ ਟੈਸਟਸ ਵੀ ਡਿਲੀਵਰ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਪ੍ਰੋਵਿੰਸਾਂ ਤੇ ਟੈਰੇਟਰੀਜ਼ ਵੱਲੋਂ 35 ਮਿਲੀਅਨ ਰੈਪਿਡ ਟੈਸਟਸ ਦੀ ਕੀਤੀ ਗਈ ਮੰਗ ਨੂੰ ਫੈਡਰਲ ਸਰਕਾਰ ਵੱਲੋਂ ਚਾਰ ਗੁਣਾਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ 140 ਮਿਲੀਅਨ ਰੈਪਿਡ ਟੈਸਟ ਲੋੜ ਪੈਣ ਉੱਤੇ ਦੇਸ਼ ਭਰ ਦੇ ਹਰੇਕ ਵਿਅਕਤੀ ਲਈ ਹਫਤੇ ਵਿੱਚ ਇੱਕ ਵਾਰੀ ਇੱਕ ਮਹੀਨੇ ਲਈ ਕਰਨ ਲਈ ਕਾਫੀ ਹਨ। ਉਨ੍ਹਾਂ ਆਖਿਆ ਕਿ ਇਹ ਟੈਸਟ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਨਾਲ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਵੰਡ ਦਿੱਤੇ ਜਾਣਗੇ।
ਇਹ ਪੁੱਛੇ ਜਾਣ ਉੱਤੇ ਕਿ ਫੈਡਰਲ ਸਰਕਾਰ ਪ੍ਰੋਵਿੰਸਾਂ ਨੂੰ ਦੇਣ ਦੀ ਥਾਂ ਹਰ ਘਰ ਵਿੱਚ ਆਪ ਹੀ ਇਹ ਟੈਸਟ ਕਿਉਂ ਨਹੀਂ ਪਹੁੰਚਾ ਦਿੰਦੀ ਤਾਂ ਟਰੂਡੋ ਨੇ ਆਖਿਆ ਕਿ ਇਹ ਪ੍ਰੀਮੀਅਰਜ਼ ਉੱਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਵੱਲੋਂ ਆਪਣੇ ਅਧਿਕਾਰ ਖੇਤਰ ਵਿੱਚ ਇਨ੍ਹਾਂ ਨੂੰ ਕਿਸ ਤਰ੍ਹਾਂ ਵੰਡਣਾ ਹੈ। ਟਰੂਡੋ ਨੇ ਇਹ ਵੀ ਆਖਿਆ ਕਿ ਪਹਿਲੀ, ਦੂਜੀ ਤੇ ਬੂਸਟਰ ਡੋਜ਼ ਲਵਾਉਣ ਦੇ ਯੋਗ ਸਾਰੇ ਬਾਲਗਾਂ ਲਈ ਸਾਡੇ ਕੋਲ ਵਾਧੂ ਵੈਕਸੀਨ ਹੈ।