Breaking News

ਕੈਨੇਡਾ ‘ਚ 25 ਸਾਲਾ ਪੰਜਾਬੀ ਟਰੱਕ ਡਰਾਈਵਰ ਖਿਲਾਫ ਮੁਕੱਦਮਾ ਸ਼ੁਰੂ

ਓਨਟਾਰੀਓ: ਨਸ਼ਾ ਤਸਕਰੀ ਦੇ ਮਾਮਲੇ ‘ਚ ਘਿਰੇ ਪੰਜਾਬੀ ਟਰੱਕ ਡਰਾਈਵਰ ਵਿਰੁੱਧ ਮੰਗਲਵਾਰ ਨੂੰ ਸਾਰਨੀਆ ਦੀ ਅਦਾਲਤ ‘ਚ ਮੁਕੱਦਮਾ ਸ਼ੁਰੂ ਹੋ ਗਿਆ। ਅਮਰੀਕਾ ਤੋਂ ਕੈਨੇਡਾ ਆ ਰਹੇ 25 ਸਾਲਾ ਹਰਵਿੰਦਰ ਸਿੰਘ ਦੇ ਟਰੱਕ ‘ਚੋਂ 35 ਲੱਖ ਡਾਲਰ ਮੁੱਲ ਦੀ 62 ਕਿਲੋ ਕੋਕੀਨ ਬਰਾਮਦ ਕੀਤੀ ਗਈ ਅਤੇ ਬਾਰਡਰ ਅਫਸਰਾਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਆ ਸੀ.ਐਮ.ਪੀ. ਦੇ ਸਪੁਰਦ ਕਰ ਦਿੱਤਾ।

ਸਰਕਾਰੀ ਵਕੀਲ ਨੇ ਦੋਸ਼ ਲਾਇਆ ਕਿ ਵੱਧ ਤੋਂ ਵੱਧ ਪੈਸੇ ਕਮਾਉਣ ਲਈ ਬਰੈਂਪਟਨ ਦੇ ਹਰਵਿੰਦਰ ਸਿੰਘ ਨੇ ਕਈ ਆਨਲਾਈਨ ਲੇਖ ਪੜ੍ਹੇ ਜਿਨ੍ਹਾਂ ਵਿੱਚ ਨਸ਼ਿਆਂ ਦੀ ਖੇਪ ਬਾਰਡਰ ਪਾਰ ਲਿਜਾਣ ‘ਤੇ ਮਿਲਣ ਵਾਲੀ ਰਕਮ ਦਾ ਖਾਸ ਤੌਰ ‘ਤੇ ਜ਼ਿਕਰ ਕੀਤਾ ਗਿਆ ਸੀ। ਉੱਧਰ ਹਰਵਿੰਦਰ ਸਿੰਘ ਨੇ ਸਫ਼ਾਈ ਪੇਸ਼ ਕਰਦਿਆਂ ਕਿਹਾ ਕਿ ਇਹ ਲੇਖ ਉਸ ਦੇ ਦੋਸਤਾਂ ਨੇ ਗਰੁੱਪ ਚੈਟ ਰਾਹੀਂ ਭੇਜੇ ਸਨ ਪਰ ਉਸ ਨੇ ਕਦੇ ਇਹ ਲੇਖ ਨਹੀਂ ਪੜ੍ਹੇ। ਇਸੇ ਦੌਰਾਨ ਹਰਵਿੰਦਰ ਸਿੰਘ ਦੇ ਵਕੀਲ ਗੁਰਪ੍ਰੀਤ ਧਾਲੀਵਾਲ ਨੇ ਦਲੀਲ ਦਿੱਤੀ ਕਿ ਉਸ ਦੇ ਮੁਵੱਕਲ ਨੂੰ ਸੂਟਕੇਸ ਵਿੱਚ ਮੌਜੂਦ ਚੀਜ਼ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਇਥੇ ਦੱਸਣਾ ਬਣਦਾ ਹੈ ਕਿ 31 ਮਾਰਚ 2021 ਨੂੰ ਬਲੂ ਵਾਟਰ ਬ੍ਰਿਜ ਰਾਹੀਂ ਅਮਰੀਕਾ ਤੋਂ ਕੈਨੇਡਾ ਆ ਰਹੇ ਹਰਵਿੰਦਰ ਸਿੰਘ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫ਼ਸਰਾਂ ਨੇ ਰੋਕਿਆ ਅਤੇ ਮੁਢਲੀ ਤਲਾਸ਼ੀ ਲੈਣ ਤੋਂ ਬਾਅਦ ਟਰੱਕ ਦੀ ਡੂੰਘਾਈ ਨਾਲ ਤਲਾਸ਼ੀ ਲੈਣ ਦਾ ਫੈਸਲਾ ਕੀਤਾ ਗਿਆ। ਦੂਜੀ ਵਾਰ ਤਲਾਸ਼ੀ ਦੌਰਾਨ ਬਾਰਡਰ ਅਫ਼ਸਰਾਂ ਨੂੰ ਦੋ ਸੂਟਕੇਸ ਮਿਲੇ ਜਿਨ੍ਹਾਂ ‘ਚੋਂ ਕਥਿਤ ਤੌਰ ‘ਤੇ ਕੋਕੀਨ ਬਰਾਮਦ ਕੀਤੀ ਗਈ। ਬਾਰਡਰ ਅਫ਼ਸਰਾਂ ਨੇ ਮਾਮਲਾ ਆਰ.ਸੀ.ਐਮ.ਪੀ. ਦੇ ਸਪੁਰਦ ਕਰ ਦਿੱਤਾ ਅਤੇ ਹਰਵਿੰਦਰ ਸਿੰਘ ਵਿਰੁੱਧ ਪਾਬੰਦੀਸ਼ੁਦਾ ਪਦਾਰਥ ਦਰਾਮਦ ਕਰਨ ਅਤੇ ਤਸਕਰੀ ਦੇ ਮਕਸਦ ਨਾਲ ਪਾਬੰਦੀਸ਼ੁਦਾ ਪਦਾਰਥ ਰੱਖਣ ਦੇ ਦੋਸ਼ ਆਇਦ ਕੀਤੇ ਗਏ।

ਪ੍ਰੌਸੀਕਿਊਟਰ ਰਿਕ ਵਿਸਕਾ ਨੇ ਮੰਗਲਵਾਰ ਨੂੰ ਅਦਾਲਤ ਵਿੱਚ ਕਿਹਾ ਕਿ ਹਰਵਿੰਦਰ ਸਿੰਘ ਨੇ ਟ੍ਰੇਲਰ ਦੇ ਹੇਠਲੇ ਹਿੱਸੇ ਵਿਚ ਸੂਟਕੇਸ ਲੁਕਾਉਣ ਦਾ ਯਤਨ ਕੀਤਾ ਪਰ ਬਾਰਡਰ ਅਫਸਰਾਂ ਨੇ ਇਹ ਬਰਾਮਦ ਕਰ ਲਏ। ਹਰਵਿੰਦਰ ਸਿੰਘ ਨੇ ਇਨ੍ਹਾਂ ਦੋਸ਼ਾਂ ਤੋਂ ਸਾਫ਼ ਨਾਂਹ ਕਰ ਦਿਤੀ। ਸਰਕਾਰੀ ਵਕੀਲ ਨੇ ਆਪਣੇ ਅਗਲੇ ਦਾਅਵੇ ‘ਚ ਕਿਹਾ ਕਿ ਚਾਰ ਸਾਲ ਤੋਂ ਟਰੱਕ ਡਰਾਈਵਿੰਗ ਕਰ ਰਹੇ ਹਰਵਿੰਦਰ ਸਿੰਘ ਨੇ ਅਮਰੀਕਾ ਦੇ 70 ਤੋਂ ਵੱਧ ਗੇੜੇ ਲਾਏ ਅਤੇ ਇਹ ਗੱਲ ਚੰਗੀ ਤਰ੍ਹਾਂ ਸਮਝ ਗਿਆ ਕਿ ਬਾਰਡਰ ਏਜੰਟ ਕਿਹੜੀ ਚੀਜ਼ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਸਰਕਾਰੀ ਵਕੀਲ ਨੇ ਸੂਟਕੇਸ ਵਾਲੀ ਥਾਂ ਨੇੜੇ ਹਰਵਿੰਦਰ ਸਿੰਘ ਦੀਆਂ ਉਂਗਲਾਂ ਦੇ ਨਿਸ਼ਾਨ ਦਾ ਵੀ ਜ਼ਿਕਰ ਕੀਤਾ ਅਤੇ ਹਰਵਿੰਦਰ ਸਿੰਘ ਨੂੰ ਪੁੱਛਿਆ ਕਿ ਕੀ ਉਸ ਨੇ ਟਰੇਲਰ ‘ਤੇ ਜਾਣ- ਬੁੱਝ ਕੇ ਸੀਲ ਲਾਈ ਜੋ ਬਾਰਡਰ ਪਾਰ ਕਰਦਿਆਂ ਹੀ ਉਤਾਰ ਦੇਣੀ ਸੀ। ਵਿਸਕਾ ਨੇ ਦਾਅਵਾ ਕੀਤਾ ਕਿ ਬਾਰਡਰ ਪਾਰ ਕਰਦਿਆਂ ਹੀ ਸੂਟਕੇਸ ਵਿਚ ਮੌਜੂਦ ਕਕੀਨ ਕੱਢ ਲਈ ਜਾਣੀ ਸੀ।

Check Also

ਅਮਰੀਕਾ ‘ਚ ਸ਼ਰਾਬ ਪੀ ਕੇ ਗੱਡੀ ਚਲਾ ਰਹੀ ਸੀ ਪੰਜਾਬਣ ਮੁਟਿਆਰ, ਵਾਪਰਿਆ ਹਾਦਸਾ

ਨਿਊਯਾਰਕ: ਅਮਰੀਕਾ ‘ਚ ਪੰਜਾਬਣ ਮੁਟਿਆਰ ਸ਼ਰਾਬ ਪੀ ਕੇ ਗੱਡੀ ਚਲਾ ਰਹੀ ਸੀ ਤਾਂ ਇਸ ਦੌਰਾਨ …

Leave a Reply

Your email address will not be published. Required fields are marked *