ਕਾਂਗਰਸ ‘ਚ ਨਵਾਂ ਕਲੇਸ਼ : ਅਸ਼ਵਨੀ ਸੇਖੜੀ ਦੇ ਇਲਜ਼ਾਮਾਂ ਨੂੰ ਤ੍ਰਿਪਤ ਬਾਜਵਾ ਨੇ ਨਕਾਰਿਆ

TeamGlobalPunjab
2 Min Read

ਬਟਾਲਾ :  ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਚੇਅਰਮੈਨ ਅਸ਼ਵਨੀ ਸੇਖੜੀ ਵੱਲੋਂ ਉਨ੍ਹਾਂ ਉੱਪਰ ਜੋ ਵੀ ਇਲਜ਼ਾਮ ਲਗਾ ਰਹੇ ਹਨ ਉਹ ਬਿਲਕੁਲ ਝੂਠੇ ਤੇ ਬੇਬਨਿਆਦ ਹਨ। ਉਨ੍ਹਾਂ ਕਿਹਾ ਕਿ ਜੇਕਰ ਸੇਖੜੀ ਸੱਚੇ ਹਨ ਤਾਂ ਉਹ ਮੇਰੇ ‘ਤੇ ਲਗਾਏ ਜਾਣ ਵਾਲੇ ਇਲਜ਼ਾਮਾਂ ਦਾ ਹਲਫ਼ੀਆ ਬਿਆਨ ਦੇਣ। ਉਨ੍ਹਾਂ ਕਿਹਾ ਕਿ ਅਸ਼ਵਨੀ ਸੇਖੜੀ ਨੂੰ ਪਤਾ ਨਹੀਂ ਕਿਸ ਗੱਲ ਦਾ ਸ਼ਿਕਵਾ ਹੈ ਕਿ ਉਹ ਝੂਠੇ ਇਜ਼ਲਾਮ ਲਗਾਉਣ ਅਤੇ ਹੇਠਲੇ ਪੱਧਰ ਦੀ ਰਾਜਨੀਤੀ ‘ਤੇ ਉਤਰ ਆਏ ਹਨ।

ਕੈਬਨਿਟ ਮੰਤਰੀ ਬਾਜਵਾ ਬਟਾਲਾ ਵਿੱਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ ਤਾਂ ਪੱਤਰਕਾਰਾਂ ਦੇੇ ਸੇਖੜੀ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਦੇ ਸੁਆਲ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਸੇਖੜੀ ਜੋ ਵੀ ਇਲਜ਼ਾਮ ਲਗਾ ਰਹੇ ਹਨ ਕੀ ਉਹ ਉਸਦਾ ਹਲਫ਼ੀਆ ਬਿਆਨ ਲਿਖ ਕੇ ਦੇਣ ਨੂੰ ਤਿਆਰ ਹਨ। ਬਾਜਵਾ ਨੇ ਕਿਹਾ ਕਿ ਉਨ੍ਹਾਂ ਦਾ ਦਾਮਨ ਬਿਲਕੁਲ ਪਾਕ-ਸਾਫ਼ ਹੈ ਅਤੇ ਉਹ ਕਿਸੇ ਵੀ ਕਿਸਮ ਦੀ ਜਾਂਚ ਤੋਂ ਨਹੀਂ ਭੱਜਦੇ।

ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਬਟਾਲਾ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਈ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ ਅਤੇ ਉਹ ਕਿਸੇ ਠੇਕੇਦਾਰ ਜਾਂ ਕਿਸੇ ਹੋਰ ਕੋਲੋਂ ਇੱਕ ਨਿੱਕੇ ਪੈਸੇ ਦੀ ਕਮਿਸ਼ਨ ਦੇ ਰਵਾਦਾਰ ਨਹੀਂ ਹਨ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਦੇ ਹੋਏ ਵਿਕਾਸ ਸਾਰੇ ਲੋਕਾਂ ਦੇ ਸਾਹਮਣੇ ਹਨ ਅਤੇ ਇਹ ਸ਼ਹਿਰ ਵਾਸੀ ਫੈਸਲਾ ਕਰਨਗੇ ਕਿ ਵਿਕਾਸ ਕਾਰਜ ਸਹੀ ਹੋਏ ਹਨ ਜਾਂ ਗਲਤ।

ਬਾਜਵਾ ਨੇ ਇੱਕ ਸੁਆਲ ਦੇ ਜੁਆਬ ਵਿੱਚ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੇਣ ਦਾ ਫੈਸਲਾ ਕਾਂਗਰਸ ਪਾਰਟੀ ਦੀ ਹਾਈਕਮਾਨ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਉਹ ਫ਼ਤਹਿਗੜ੍ਹ ਚੂੜੀਆਂ ਤੋਂ ਹੀ ਚੋਣ ਲੜ੍ਹਨਗੇ ਅਤੇ ਓਥੋਂ ਸ਼ਾਨ ਨਾਲ ਜਿੱਤ ਵੀ ਹਾਸਲ ਕਰਨਗੇ।

- Advertisement -

ਬਾਜਵਾ ਨੇ ਕਿਹਾ ਕਿ ਬਟਾਲਾ ਸ਼ਹਿਰ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਸ਼ਿਵ ਭਗਵਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਹੈ ਅਤੇ ਜੇਕਰ ਉਨ੍ਹਾਂ ਨੇ ਬਤੌਰ ਕੈਬਨਿਟ ਮੰਤਰੀ ਇਸ ਸ਼ਹਿਰ ਦੇ ਵਿਕਾਸ ਕਾਰਜ ਕੀਤੇ ਹਨ ਤਾਂ ਇਸ ਵਿੱਚ ਗਲਤ ਕੀ ਹੈ। ਉਨ੍ਹਾਂ ਅਸ਼ਵਨੀ ਸੇਖੜੀ ਨੂੰ ਕਿਹਾ ਕਿ ਉਹ ਨਕਰਾਤਮਕ ਰਾਜਨੀਤੀ ਕਰਨ ਦੀ ਬਜਾਏ ਜੇਕਰ ਲੋਕ ਸੇਵਾ ਵੱਲ ਧਿਆਨ ਦੇਣ ਤਾਂ ਜਿਆਦਾ ਚੰਗਾ ਹੋਵੇਗਾ ਕਿਉਂਕਿ ਆਖਰ ਲੋਕਾਂ ਦੀ ਕਚਿਹਰੀ ਵਿੱਚ ਲੋਕ ਹੀ ਚੰਗੇ-ਮੰਦੇ ਦਾ ਫੈਸਲਾ ਕਰਦੇ ਹਨ।

Share this Article
Leave a comment