ਮੋਗਾ ਦੇ ਇੱਕ ਗੁਰਦੁਆਰਾ ਸਾਹਿਬ ‘ਚ ਲਹਿਰਾਇਆ ਤਿਰੰਗਾ ਝੰਡਾ, ਲੋਕਾਂ ‘ਚ ਰੋਸ

TeamGlobalPunjab
1 Min Read

ਮੋਗਾ : ਇੱਥੋਂ ਦੇ ਪ੍ਰਬੰਧਕੀ ਕੰਪਲੈਕਸ ਵਿੱਚ ਇੱਕ ਕੇਸਰੀ ਝੰਡਾ ਫਹਿਰਾਉਣ ਤੋਂ ਬਾਅਦ ਹੁਣ ਗੁਰਦੁਆਰਾ ਸਾਹਿਬ ਵਿੱਚ ਤਿਰੰਗਾ ਲਗਾਉਣ ਦਾ ਵਿਵਾਦ ਛਿੜ ਗਿਆ ਹੈ। ਪਿੰਡ ਢੁੱਡੀਕੇ ਵਿੱਚ ਗੁਰਦੁਆਰਾ ਡੇਰਾ ਬਾਬਾ ਭਗਤ ਰਾਮ ਵਿੱਚ ਤਿਰੰਗਾ ਝੰਡਾ ਫਹਿਰਾਇਆ ਗਿਆ ਜਿਸ ਤੋਂ ਬਾਅਦ ਇਲਾਕੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਰੋਸ ਹੈ ਕਿ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਤੋੜ ਕੇ ਤਿਰੰਗਾ ਲਹਿਰਾਇਆ ਗਿਆ, ਜਦਕਿ ਸਿੱਖ ਧਰਮ ਵਿੱਚ ਨਿਸ਼ਾਨ ਸਾਹਿਬ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿੱਚ ਹੋਰ ਕੋਈ ਝੰਡਾ ਨਹੀਂ ਲਗਾਇਆ ਜਾ ਸਕਦਾ।

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਗੁਰਦੁਆਰਾ ਟਰੱਸਟ ਵੱਲੋਂ ਪੰਜਾਬ ਨੈਸ਼ਨਲ ਬੈਂਕ ਨੂੰ ਜਗ੍ਹਾ ਕਿਰਾਏ ‘ਤੇ ਦਿੱਤੀ ਹੋਈ ਸੀ। ਪਿੰਡ ਕੁੱਝ ਆਗੂਆਂ ਅਤੇ ਬੈਂਕ ਮੁਲਾਜ਼ਮਾਂ ਨੇ ਆਜ਼ਾਦੀ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਬਾਹਰ ਤਿਰੰਗਾ ਝੰਡਾ ਲਹਿਰਾ ਦਿੱਤਾ।

ਮੋਗਾ ਦੇ ਪ੍ਰਬੰਧਕੀ ਕੰਪਲੈਕਸ ਵਿੱਚ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਕੇਸਰੀ ਝੰਡਾ ਲਹਿਰਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਜਾਰੀ ਕੀਤੀ ਗਈ ਸੀਸੀਟੀਵੀ ਵੀਡੀਓ ਵਿੱਚ ਦੇਖਣ ਨੂੰ ਮਿਲਿਆ ਸੀ, ਕਿ ਇਸ ਘਟਨਾ ਨੂੰ ਦੋ ਨੌਜਵਾਨਾਂ ਵੱਲੋਂ ਅੰਜਾਮ ਦਿੱਤਾ ਗਿਆ। ਹੁਣ ਪਿੰਡ ਢੁੱਡੀਕੇ ਵਿੱਚ ਲਗਾਏ ਗਏ ਤਿਰੰਗੇ ਝੰਡੇ ਨੂੰ ਲੈ ਕੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੋਕਾਂ ਵੱਲੋਂ ਰੋਸ ਜਾਹਿਰ ਕੀਤਾ ਜਾ ਰਿਹਾ ਹੈ।

Share this Article
Leave a comment