ਸਾਬਕਾ ਪੀਐੱਮ ਅਟਲ ਬਿਹਾਰੀ ਵਾਜਪੇਈ ਦੀ ਦੂਜੀ ਬਰਸੀ ‘ਤੇ ਪ੍ਰਧਾਨ ਮੰਤਰੀ ਸਮੇਤ ਕਈ ਵੱਡੇ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

TeamGlobalPunjab
2 Min Read

ਨਵੀਂ ਦਿੱਲੀ: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਅਟਲ ਬਿਹਾਰੀ ਵਾਜਪੇਈ ਦੀ ਅੱਜ ਦੂਜੀ ਬਰਸੀ ਹੈ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਦੱਸ ਦਈਏ ਕਿ ਸਾਬਕਾ ਪ੍ਰਧਾਨ ਮੰਤਰੀ ਵਾਜਪੇਈ ਦਾ ਲੰਬੀ ਬਿਮਾਰੀ ਦੇ ਚੱਲਦਿਆਂ ਸਾਲ 2018 ‘ਚ ਦੇਹਾਂਤ ਹੋ ਗਿਆ ਸੀ।

ਰਾਸ਼ਟਰਪਤੀ ਕੋਵਿੰਦ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਦਿੱਲੀ ਸਥਿਤ ਸਦੈਵ ਅਟਲ ਯਾਦਗਾਰ ‘ਤੇ ਪਹੁੰਚੇ ਕੇ ਵਾਜਪੇਈ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਦੀ ਬੇਟੀ ਨਮਿਤਾ ਕੌਲ ਭੱਟਾਚਾਰੀਆ ਅਤੇ ਪੋਤੀ ਨਿਫੀਕ ਨੇ ਵੀ ਅਟਲ ਯਾਦਗਾਰ ‘ਤੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਪੀਐੱਮ ਮੋਦੀ ਨੇ ਟਵੀਟ ‘ਚ ਲਿਖਿਆ, ‘ਪਿਆਰੇ ਅਟਲ ਜੀ ਨੂੰ ਉਨ੍ਹਾਂ ਦੀ ਬਰਸੀ’ ਤੇ ਸ਼ਰਧਾਂਜਲੀ। ਭਾਰਤ ਹਮੇਸ਼ਾਂ ਉਨ੍ਹਾਂ ਦੀ ਉੱਤਮ ਸੇਵਾ ਅਤੇ ਸਾਡੇ ਦੇਸ਼ ਦੀ ਤਰੱਕੀ ਲਈ ਕੀਤੇ ਯਤਨਾਂ ਨੂੰ ਯਾਦ ਰੱਖੇਗਾ। ਪੀਐਮ ਮੋਦੀ ਨੇ ਇੱਕ ਹੋਰ ਸੰਦੇਸ਼ ‘ਚ ਕਿਹਾ, ‘ਇਹ ਦੇਸ਼ ਅਟਲ ਜੀ ਦੇ ਯੋਗਦਾਨ ਨੂੰ ਕਦੇ ਨਹੀਂ ਭੁੱਲ ਸਕਦਾ। ਉਨ੍ਹਾਂ ਦੀ ਅਗਵਾਈ ਵਿੱਚ ਅਸੀਂ ਪ੍ਰਮਾਣੂ ਸ਼ਕਤੀ ਵਿੱਚ ਵੀ ਦੇਸ਼ ਦਾ ਸਿਰ ਉੱਚਾ ਕੀਤਾ। ਪਾਰਟੀ ਦੇ ਨੇਤਾ ਹੋਣ, ਸੰਸਦ ਮੈਂਬਰ ਹੋਣ, ਮੰਤਰੀ ਹੋਣ ਜਾਂ ਪ੍ਰਧਾਨ ਮੰਤਰੀ, ਅਟਲ ਜੀ ਨੇ ਹਰ ਭੂਮਿਕਾ ਵਿੱਚ ਆਦਰਸ਼ ਸਥਾਪਿਤ ਕੀਤਾ ਹੈ।

ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਵੀ ਟਵੀਟ ਕਰ ਲਿਖਿਆ ‘ਮੈਂ ਆਪਣੀ ਪੀੜ੍ਹੀ ਦੇ ਮਹਾਨ ਵਕਤਾ’ ਅਜਤਸ਼ਤਰੂ ‘, ਉਦਾਰ ਲੋਕਤੰਤਰਿਕ ਕਦਰਾਂ ਕੀਮਤਾਂ ਦੇ ਧਾਰਨੀ, ਰਾਸ਼ਟਰਵਾਦੀ ਕਵੀ, ਕੁਸ਼ਲ ਪ੍ਰਬੰਧਕ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ’ ਤੇ ਸ਼ਰਧਾਂਜਲੀ ਭੇਟ ਕਰਦਾ ਹਾਂ।’

Share this Article
Leave a comment