ਲੁਧਿਆਣਾ ‘ਚ ਹੌਜ਼ਰੀ ਕਾਰੋਬਾਰੀ ਦੀ ਕੋਠੀ ਵਿੱਚ ਲੱਗੀ ਭਿਆਨਕ ਅੱਗ, ਦਾਦੀ ਤੇ ਪੌਤੇ ਦੀ ਮੌਤ

Global Team
2 Min Read

ਲੁਧਿਆਣਾ: ਲੁਧਿਆਣਾ ਵਿੱਚ ਅੱਜ ਅਚਾਨਕ ਇੱਕ ਹੌਜ਼ਰੀ ਕਾਰੋਬਾਰੀ ਦੀ ਕੋਠੀ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਪਰਿਵਾਰ ਦੇ ਦੋ ਮੈਂਬਰਾਂ, 77 ਸਾਲਾ ਸੁਧਾ ਚੋਪੜਾ ਅਤੇ 18 ਸਾਲਾ ਗਰਵ ਚੋਪੜਾ, ਦੀ ਮੌਤ ਹੋ ਗਈ। ਮ੍ਰਿਤਕ ਦਾਦੀ ਅਤੇ ਪੋਤੇ ਸਨ।

ਲੋਕਾਂ ਅਨੁਸਾਰ, ਅੱਗ ਲੱਗਣ ‘ਤੇ ਕੋਠੀ ਵਿੱਚ ਮੌਜੂਦ 6 ਮੈਂਬਰਾਂ ਵਿਅਕਤੀਆਂ ਵਿੱਚੋਂ ਚਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ, ਪਰ ਸੁਧਾ ਅਤੇ ਗਰਵ ਅੰਦਰ ਫਸ ਗਏ। ਧੂੰਏਂ ਕਾਰਨ ਦਮ ਘੁੱਟਣ ਨਾਲ ਦੋਵਾਂ ਦੀ ਮੌਤ ਹੋ ਗਈ। ਅੱਗ ਦੀਆਂ ਲਪਟਾਂ ਅਤੇ ਧੂੰਏ ਨੇ ਨਾਲ ਵਾਲੀ ਕੋਠੀ ਨੂੰ ਵੀ ਪ੍ਰਭਾਵਿਤ ਕੀਤਾ, ਜਿਸ ਕਾਰਨ ਆਸ-ਪਾਸ ਦੇ ਲੋਕਾਂ ਨੇ ਰੌਲਾ ਪਾ ਕੇ ਦੋਵਾਂ ਕੋਠੀਆਂ ਦੇ ਵਸਨੀਕਾਂ ਨੂੰ ਬਾਹਰ ਕੱਢਿਆ।

ਅੱਗ ਦਾ ਕਾਰਨ

ਅੱਗ ਲੱਗਣ ਦਾ ਮੁੱਢਲਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਕੋਠੀ ਦੇ ਮਾਲਕ ਰਜਤ ਚੋਪੜਾ ਨੇ ਦੱਸਿਆ ਕਿ ਗਰਾਊਂਡ ਫਲੋਰ ‘ਤੇ ਹੌਜ਼ਰੀ ਦਾ ਸਾਮਾਨ, ਜਿਵੇਂ ਧਾਗਾ, ਰੱਖਿਆ ਹੋਇਆ ਸੀ। ਅੱਗ ਸਭ ਤੋਂ ਪਹਿਲਾਂ ਧਾਗੇ ਨੂੰ ਲੱਗੀ ਅਤੇ ਤੇਜ਼ੀ ਨਾਲ ਪੂਰੇ ਗਰਾਊਂਡ ਫਲੋਰ ‘ਤੇ ਫੈਲ ਗਈ, ਜਿਸ ਨੇ ਪਹਿਲੀ ਮੰਜ਼ਿਲ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।

ਫਾਇਰ ਬ੍ਰਿਗੇਡ ਦੀ ਕਾਰਵਾਈ

ਪ੍ਰਤੱਖਦਰਸ਼ੀਆਂ ਨੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਹਾਲਾਤ ਵਿਗੜਦੇ ਗਏ। ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਅਤੇ 8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਅਧਿਕਾਰੀਆਂ ਨੇ ਸੁਰੱਖਿਆ ਦੇ ਮੱਦੇਨਜ਼ਰ ਨੇੜਲੇ ਘਰਾਂ ਦੇ ਲੋਕਾਂ ਨੂੰ ਵੀ ਬਾਹਰ ਕੱਢਿਆ। ਕੁਝ ਸਮੇਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾ ਲਿਆ।

ਹਾਦਸੇ ਕਾਰਨ ਭਾਰਤ ਨਗਰ ਚੌਕ ਦੀ ਪੈਟਰੋਲ ਪੰਪ ਵਾਲੀ ਗਲੀ ਵਿੱਚ ਅਫਰਾ-ਤਫਰੀ ਦਾ ਮਾਹੌਲ ਰਿਹਾ। ਲੋਕਾਂ ਦੀ ਭੀੜ ਮੌਕੇ ‘ਤੇ ਇਕੱਠੀ ਹੋ ਗਈ, ਅਤੇ ਅੱਗ ਦੀਆਂ ਲਪਟਾਂ ਅਤੇ ਧੂੰਆਂ ਦੇਖ ਕੇ ਲੋਕ ਸਹਿਮ ਗਏ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment