ਅਜਨਾਲਾ SDM ਦਫਤਰ ਨੇੜ੍ਹੇ ਹੀ ਬਣਾਇਆ ਜਾਵੇਗਾ ਪਟਵਾਰ ਖਾਨਾ: ਧਾਲੀਵਾਲ

Prabhjot Kaur
2 Min Read

ਅਜਨਾਲਾ: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਤਹਿਸੀਲ ਅਤੇ ਐਸ ਡੀ ਐਮ ਦਫਤਰ ਦੀ ਨਵੀਂ ਬਣੀ ਇਮਾਰਤ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਅਜਨਾਲਾ ਵਾਸੀਆਂ ਨੂੰ ਸਾਰੀਆਂ ਸੇਵਾਵਾਂ ਇਕ ਹੀ ਛੱਤ ਹੇਠ ਦੇਣ ਲਈ ਇਸੇ ਇਮਾਰਤ ਦੇ ਉਪਰ ਪਟਵਾਰ ਖਾਨਾ ਬਣਾਇਆ ਜਾਵੇਗਾ ਅਤੇ ਲੋਕਾਂ ਦੀ ਸਹੂਲਤ ਲਈ ਟਾਈਪ ਰਾਈਟਰ, ਅਸ਼ਟਾਮਫਰੋਸ ਆਦਿ ਲਈ ਕੈਬਿਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਮੁੱਖ ਮੰਤਵ ਲੋਕਾਂ ਦੀ ਜਿੰਦਗੀ ਅਸਾਨ ਕਰਨ ਦਾ ਹੈ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਭਿ੍ਸ਼ਟਾਚਾਰ ਮੁਕਤ ਸੇਵਾਵਾਂ ਬਿਨਾ ਕਿਸੇ ਦੇਰੀ ਦੇ ਮਿਲਣ।

ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਸਰਕਾਰੀ ਵਿਭਾਗਾਂ ਵਿਖੇ ਸੇਵਾਵਾਂ ਹਾਸਲ ਕਰਨ ਲਈ ਪਹੁੰਚਣ ਵਾਲੇ ਨਾਗਰਿਕਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਆਪਣੀਆਂ ਸ਼ਿਕਾਇਤਾਂ ਜਾਂ ਸਮੱਸਿਆਵਾਂ ਦੇ ਹੱਲ ਲਈ ਸਰਕਾਰੀ ਵਿਭਾਗਾਂ ਵਿੱਚ ਪਹੁੰਚ ਕਰਨ ਵਾਲੇ ਬਿਨੈਕਾਰਾਂ ਦੀਆਂ ਸਮੱਸਿਆਵਾਂ ਨੂੰ ਹਮਦਰਦੀ ਪੂਰਵਕ ਵਿਚਾਰਦੇ ਹੋਏ ਸਮੇਂ ਸਿਰ ਢੁਕਵੇਂ ਹੱਲ ਕਰਨ ਨੂੰ ਤਰਜੀਹ ਦਿੱਤੀ ਜਾਵੇ ਤਾਂ ਜੋ ਨਾਗਰਿਕਾਂ ਦਾ ਕੀਮਤੀ ਸਮਾਂ ਅਜਾਈਂ ਨਸ਼ਟ ਨਾ ਹੋਵੇ।

ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਵੀ ਲੋੜਵੰਦਾਂ ਤੱਕ ਪ੍ਰਮੁੱਖਤਾ ਦੇ ਆਧਾਰ ’ਤੇ ਪਹੁੰਚਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਵਿਖੇ ਆਉਣ ਵਾਲੇ ਲੋਕਾਂ ਦੇ ਬੈਠਣ ਲਈ ਢੁਕਵੇਂ ਪ੍ਰਬੰਧ ਅਤੇ ਪੀਣ ਲਈ ਸਾਫ਼ ਪਾਣੀ ਦੀ ਵਿਵਸਥਾ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਵਿਭਾਗ ਸਿੱਧੇ ਤੌਰ ’ਤੇ ਪਬਲਿਕ ਡੀਲਿੰਗ ਨਾਲ ਸਬੰਧਤ ਹਨ, ਉਥੇ ਵਧੇਰੇ ਭੀੜ ਨੂੰ ਸੁਚਾਰੂ ਢੰਗ ਨਾਲ ਨਿਯੰਤ੍ਰਿਤ ਕਰਨ ਲਈ ਯੋਗ ਪ੍ਰਣਾਲੀ ਨੂੰ ਅਮਲ ਵਿੱਚ ਲਿਆਂਦਾ ਜਾਵੇ ਤਾਂ ਜੋ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਰਮਚਾਰੀਆਂ ਅਤੇ ਸੇਵਾਵਾਂ ਹਾਸਲ ਕਰਨ ਵਾਲੇ ਬਿਨੈਕਾਰਾਂ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment