ਮੋਗਾ: ਸ਼ਹਿਰ ਦੀ ਗਲੀ ਨੰਬਰ ਇਕ ਵਿਚ ਬੀਤੀ ਸ਼ਾਮ ਨੂੰ ਬਾਈਕ ਸਵਾਰ ਦੋ ਬਦਮਾਸ਼ ਇਕ ਕੱਪੜੇ ਦੇ ਸ਼ੋਅ ਰੂਮ ਅੰਦਰ ਦਾਖਲ ਹੋ ਕੇ ਗੋਲੀਆਂ ਮਾਰਕੇ ਫਰਾਰ ਹੋ ਗਏ। ਦੁਕਾਨ ਮਾਲਕ ਲਗਭਗ ਚਾਰ ਗੋਲੀਆਂ ਲੱਗਣ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਲਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।
ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਸੁੱਖਾ ਗਿੱਲ ਲੰਮੇ ਗਰੁੱਪ ਨੇ ਫੇਸਬੁੱਕ ‘ਤੇ ਲਈ ਹੈ। ਸੁੱਖਾ ਗਿੱਲ ਲੰਮੇ ਨੇ ਪੋਸਟ ਕਰ ਲਿਖਿਆ, ‘ਜੋ ਵੀ ਸੁਪਰ ਸ਼ਾਈਨ ਦੇ ਮਾਲਕ ਨਾਲ ਹੋਇਆ ਉਹ ਮੈ ਕੀਤਾ। ਸਾਡਾ ਇਸਦੇ ਨਾਲ ਦੋ ਦਿਨ ਤੋ ਕੋਈ ਮੈਟਰ ਚੱਲ ਰਿਹਾ ਸੀ, ਅਸੀ ਇਸਨੂੰ ਪਹਿਲਾਂ ਹੀ ਕਿਹਾ ਸੀ ਜੇ ਗੱਲ ਖਤਮ ਕਰਨੀ ਆ ਤਾ ਕਰਲਾ ਨਹੀ ਆਵਦੀ ਤਿਆਰੀ ਕਰਲਾ ਇਸ ਨੇ ਗੱਲ ਖਤਮ ਕਰਨ ਦੀ ਥਾਂ ਪੁਲਿਸ ਕੋਲ ਚਲਾ ਗਿਆ। ਜੋ ਬਹੁਤ ਵੱਡੀ ਗਲਤੀ ਸੀ ਇਸ ਦਾ ਨਤੀਜਾ ਸਾਹਮਣੇ ਆ ਥੋਡੇ ਸਭ ਦੇ।’
ਇਸ ਤੋਂ ਇਲਾਵਾ ਉਸ ਨੇ ਲਿਖਿਆ ਕਿ, ‘ਪੁਲਿਸ ਨੂੰ ਇੱਕ ਬੇਨਤੀ ਹੈ ਵੀ ਮੈਨੂੰ ਫੜੋ ਥੋਡੀ ਡਿਉਟੀ ਆ ਪਰ ਮੇਰੇ ਯਾਰਾ ਦੋਸਤਾ ਨੂੰ ਤੰਗ ਨਾ ਕਰੋ ਤੇ ਨਾ ਮੇਰੇ ਘਰਦਿਆਂ ਨੂੰ ਕਿਉਕੀ ਉਹਨਾਂ ਨੂੰ ਮਾਨ ਆਲੇ ਮੈਟਰ ਦਾ ਨਹੀ ਪਤਾ ਨਾ ਹੀ ਸੁਪਰ ਸ਼ਾਈਨ ਮੋਗਾ ਵਾਲੇ ਮਸਲੇ ਦਾ ਪਤਾ।
ਬਾਕੀ ਆਹ ਕੰਮ ਮੈ ਤੇ ਮੇਰੇ ਵੀਰ ਹਰਵਿੰਦਰ ਸਿੰਘ ਸੰਧੂ ਨੇ ਕਰਿਆ। ( ਨਾਮ ਯਾਦ ਰੱਖਿਉ ਸੁੱਖਾ ਗਿੱਲ ਲੰਮੇ )
ਬਾਕੀ ਜੇ ਕਿਸੇ ਦੇ ਮਨ ਵਿੱਚ ਕੋਈ ਭੁਲੇਖਾ ਹੋਵੇ ਕੱਢ ਦਿਆਗੇ।’
ਉੱਥੇ ਹੀ ਹੁਣ ਸੁੱਖਾ ਗਿੱਲ ਲੰਮੇ ਵਲੋਂ ਫੇਸਬੁੱਕ ਪੇਜ ‘ਤੇ ਮਾਨ ਨਾਮ ਦੇ ਵਿਅਕਤੀ ਨੂੰ ਜਲਦ ਮਿਲਣ ਦੀ ਧਮਕੀ ਨੇ ਪੁਲਿਸ ਦੀਆਂ ਮੁਸੀਬਤਾਂ ‘ਚ ਹੋਰ ਵਾਧਾ ਕਰ ਦਿੱਤਾ ਹੈ। ਉਧਰ ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸੁੱਖਾ ਗਿੱਲ ਲੰਮੇ ਬਾਰੇ ਕਿਹਾ ਕਿ ਉਹ ਨਵਾਂ ਹੀ ਗੈਂਗਸਟਰ ਹੈ। ਕਤਲ ਦੀ ਜਾਂਚ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਬਣਾ ਦਿੱਤੀਆਂ ਹਨ।