ਟੋਰਾਂਟੋ: ਗ੍ਰੇਟਰ ਟੋਰਾਂਟੋ ਏਰੀਆ ‘ਚ ਕੰਜ਼ਰਵੇਸ਼ਨ ਅਧਿਕਾਰੀਆਂ ਵੱਲੋਂ ਅਗਲੇ 24 ਘੰਟਿਆਂ ਵਿੱਚ ਪੈਣ ਵਾਲੇ ਮੀਂਹ ਤੇ ਤਾਪਮਾਨ ਵਿੱਚ ਆਉਣ ਵਾਲੀ ਗਿਰਾਵਟ ਕਾਰਨ ਚਿਤਾਵਨੀ ਜਾਰੀ ਕੀਤੀ ਗਈ ਹੈ।
ਵਾਤਾਵਰਣ ਕੈਨੇਡਾ ਵੱਲੋਂ ਟੋਰਾਂਟੋ ਲਈ ਜਾਰੀ ਕੀਤੀ ਗਈ ਮੌਸਮ ਸਬੰਧੀ ਵਿਸ਼ੇਸ਼ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਕੁੱਝ ਇਲਾਕੇ ਵਿੱਚ ਗਰਜ ਬਿਜਲੀ ਗੜ੍ਹਕਣ ਦੇ ਨਾਲ ਨਾਲ ਮੀਂਹ ਵੀ ਪੈ ਸਕਦਾ ਹੈ ਤੇ ਕੁੱਝ ਇਲਾਕਿਆਂ ‘ਚ ਅੱਜ ਸ਼ਾਮ ਤੱਕ 15 ਤੋਂ 25 ਮਿਲੀਮੀਟਰ ਮੀਂਹ ਪੈ ਸਕਦਾ ਹੈ।
ਮੌਸਮ ਦਾ ਮਿਜਾਜ਼ ਵੇਖਣ ਤੋਂ ਬਾਅਦ ਟੋਰਾਂਟੋ ਐਂਡ ਰੀਜਨ ਕੰਜ਼ਰਵੇਸ਼ਨ ਅਥਾਰਟੀ ਤੇ ਕ੍ਰੈਡਿਟ ਵੈਲੀ ਕੰਜ਼ਰਵੇਸਨ ਵੱਲੋਂ ਜੀਟੀਏ ਦੇ ਕਈ ਹਿੱਸਿਆਂ ਵਿੱਚ ਅੱਜ ਤੇ ਕੱਲ੍ਹ ਹੜ੍ਹ ਆਉਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
- Advertisement -
ਮੀਂਹ ਤੋਂ ਇਲਾਵਾ ਸੁ਼ੱਕਰਵਾਰ ਰਾਤ ਤੱਕ ਤਾਪਮਾਨ ਮਨਫੀ ਤੋਂ ਉੱਪਰ ਰਹਿਣ ਦੀ ਸੰਭਾਵਨਾ ਹੈ। ਜਿਸ ਕਾਰਨ ਬਰਫ ਵੀ ਪਿਘਲ ਸਕਦੀ ਹੈ। ਟੀਅਰਸੀਏ ਦੀਆਂ ਕਈ ਨਦੀਆਂ ਤੇ ਨਾਲੇ ਇਸ ਸਮੇਂ ਬਰਫ ਨਾਲ ਢਕੇ ਹੋਏ ਹਨ। ਪਾਣੀ ਦਾ ਪੱਧਰ ਵੱਧਣ ਤੇ ਬਰਫ ਪਿਘਲਣ ਕਾਰਨ ਇਹ ਬਰਫ ਦੀ ਤਹਿ ਟੁੱਟ ਵੀ ਸਕਦੀ ਹੈ। ਜੀਟੀਏ ਵਿਚਲੀਆਂ ਸਾਰੀਆਂ ਨਹਿਰਾਂ ਵਿੱਚ ਪਾਣੀ ਦਾ ਪੱਧਰ ਵੱਧਣ ਨਾਲ ਹੜ੍ਹ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।