ਅੱਜ PM ਮੋਦੀ ਮੱਧ ਪ੍ਰਦੇਸ਼ ਇੱਕ ਦਿਨਾਂ ਦੌਰੇ ‘ਤੇ, ਭੋਪਾਲ ‘ਚ ਜੁਆਇੰਟ ਕਮਾਂਡਰਜ਼ ਕਾਨਫਰੰਸ-2023 ‘ਚ ਕਰਨਗੇ ਸ਼ਿਰਕਤ

Rajneet Kaur
2 Min Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਸ਼ਨੀਵਾਰ ਨੂੰ) ਇੱਕ ਦਿਨਾਂ ਦੌਰੇ ‘ਤੇ ਮੱਧ ਪ੍ਰਦੇਸ਼ ਜਾਣਗੇ । ਇਸ ਦੌਰਾਨ ਪੀਐਮ ਮੋਦੀ ਭੋਪਾਲ ਵਿੱਚ ਜੁਆਇੰਟ ਕਮਾਂਡਰਜ਼ ਕਾਨਫਰੰਸ-2023 ਵਿੱਚ ਸ਼ਿਰਕਤ ਕਰਨਗੇ। ਇਸ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਭੋਪਾਲ ਦੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਅਤੇ ਨਵੀਂ ਦਿੱਲੀ ਵਿਚਕਾਰ ਚੱਲਣ ਵਾਲੀ ਵੰਦੇ-ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਦੌਰਾਨ ਭਾਜਪਾ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇੰਦੌਰ ਦੇ ਸ਼੍ਰੀ ਬੇਲੇਸ਼ਵਰ ਮਹਾਦੇਵ ਮੰਦਿਰ ‘ਚ ਹਾਦਸੇ ‘ਚ 36 ਸ਼ਰਧਾਲੂਆਂ ਦੀ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਭੋਪਾਲ ‘ਚ ਹੋਣ ਵਾਲੇ ਰੋਡ ਸ਼ੋਅ, ਫੁੱਲਾਂ ਦੀ ਵਰਖਾ ਅਤੇ ਰਿਸੈਪਸ਼ਨ ਦੇ ਪ੍ਰੋਗਰਾਮ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਮੱਧ ਪ੍ਰਦੇਸ਼ ਦੇ ਲੋਕ ਸੰਪਰਕ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਭਾਰਤ ਦੀ 11ਵੀਂ ਵੰਦੇ ਭਾਰਤ ਐਕਸਪ੍ਰੈਸ ਹੋਵੇਗੀ। ਵੰਦੇ ਭਾਰਤ ਐਕਸਪ੍ਰੈਸ ਨੂੰ ਸਵਦੇਸ਼ੀ ਰੂਪ ਵਿੱਚ ਤਿਆਰ ਕੀਤਾ ਗਿਆ ਹੈ। ਇਹ ਅਤਿ-ਆਧੁਨਿਕ ਯਾਤਰਾ ਸਹੂਲਤਾਂ ਨਾਲ ਲੈਸ ਹੈ। ਇਸ ਰੇਲਗੱਡੀ ਰਾਹੀਂ ਸਾਰੇ ਯਾਤਰੀ ਤੇਜ਼ ਅਤੇ ਸੁਵਿਧਾਜਨਕ ਯਾਤਰਾ ਕਰ ਸਕਦੇ ਹਨ। ਇਸ ਨਾਲ ਮੱਧ ਪ੍ਰਦੇਸ਼ ਵਿੱਚ ਸੈਰ-ਸਪਾਟਾ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਫੌਜੀ ਕਮਾਂਡਰਾਂ ਦੀ 3 ਰੋਜ਼ਾ ਕਾਨਫਰੰਸ 30 ਮਾਰਚ ਤੋਂ 1 ਅਪ੍ਰੈਲ 2023 ਤੱਕ ਹੈ। ਇਸ ਕਾਨਫਰੰਸ ਦਾ ਥੀਮ ‘ਰੈਡੀ, ਰੀਸੁਰਜੈਂਟ, ਰਿਲੇਵੈਂਟ’ ਹੈ। ਕਾਨਫਰੰਸ ਵਿੱਚ ਹਥਿਆਰਬੰਦ ਸੈਨਾਵਾਂ ਦੀ ਜੰਗ ਦੇ ਮੈਦਾਨ ਨਾਲ ਜੁੜੀਆਂ ਸਾਂਝੀਆਂ ਤਿਆਰੀਆਂ ਦੇ ਮੱਦੇਨਜ਼ਰ ਸਾਰੇ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਥਿਆਰਬੰਦ ਬਲਾਂ ਦੀ ਤਿਆਰੀ ਅਤੇ ਸਵੈ-ਨਿਰਭਰਤਾ ਪ੍ਰਾਪਤ ਕਰਨ ਵੱਲ ਰੱਖਿਆ ਵਾਤਾਵਰਣ ਪ੍ਰਣਾਲੀ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਜਾਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment