ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਥਕ ਏਕਤਾ ਲਈ ਦਿੱਤਾ ਗਿਆ ਸੱਦਾ ਕਿੰਨਾ ਕੁ ਸਾਰਥਕ ਹੈ? ਅਸਲ ਵਿਚ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਪੰਥਕ ਏਕਤਾ ਦੀ ਗੱਲ ਸ਼ੁਰੂ ਕੀਤੀ ਗਈ ਸੀ ਹੁਣ ਜਥੇਦਾਰ ਅਕਾਲ ਤਖਤ ਨੇ ਇਸ ਗੱਲ ਨੂੰ ਅੱਗੇ ਤੋਰਦਿਆਂ ਆਖਿਆ ਹੈ ਕਿ ਪੰਜਾਬ ਨੂੰ ਸੰਕਟ ਵਿਚੋਂ ਕੱਢਣ ਲਈ ਪੰਥਕ ਧਿਰਾਂ ਦਾ ਏੱਕਾ ਹੋਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਪੰਜਾਬ ਨੂੰ ਸੰਕਟ ਵਿਚੋਂ ਬਾਹਰ ਲਿਆਉਣ ਲਈ ਅਸਫਲ ਰਹੀਆਂ ਹਨ। ਪੰਜਾਬ ਦੇ ਨੌਜਵਾਨ ਰੁਜ਼ਗਾਰ ਦੀ ਭਾਲ ਲਈ ਵਿਦੇਸ਼ਾਂ ਵਿਚ ਜਾ ਰਹੇ ਹਨ। ਪੰਜਾਬ ਅੰਦਰ ਨਸ਼ਿਆਂ ਕਾਰਨ ਪੰਜਾਬ ਦਾ ਭਵਿੱਖ ਬਰਬਾਦ ਹੋ ਰਿਹਾ ਹੈ। ਕਿਸਾਨੀ ਵੱਡੇ ਆਰਥਿਕ ਸੰਕਟ ਦਾ ਸ਼ਿਕਾਰ ਹੈ। ਇਸ ਤਰ੍ਹਾਂ ਉਹਨਾਂ ਨੇ ਅਹਿਮ ਮੁੱਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਸਾਰੇ ਮਸਲਿਆਂ ਦੇ ਹੱਲ ਲਈ ਪੰਥਕ ਸ਼ਕਤੀ ਮਜ਼ਬੂਤ ਹੋਈ ਚਾਹੀਦੀ ਹੈ।
ਜਿਸ ਪੰਥਕ ਸ਼ਕਤੀ ਦੀ ਗਿਆਨੀ ਹਰਪ੍ਰੀਤ ਸਿੰਘ ਜ਼ਿਕਰ ਕਰ ਰਹੇ ਹਨ, ਉਹ ਪੰਥਕ ਸ਼ਕਤੀ ਇਸ ਵੇਲੇ ਵੱਖ ਵੱਖ ਧੜਿਆਂ ਅਤੇ ਗਰੁੱਪਾਂ ਵਿਚ ਵੰਡੀ ਹੋਈ ਹੈ। ਮਸਾਲ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਹੁਣ ਜਲੰਧਰ ਵਿਚ ਭਾਜਪਾ ਉਮੀਦਵਾਰ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਹੈ। ਬੀਬੀ ਜਗੀਰ ਕੌਰ ਨੇ ਕਈ ਪੰਥਕ ਮਾਮਲੇ ਭਾਜਪਾ ਆਗੂਆਂ ਅੱਗੇ ਹੱਲ ਕਰਨ ਲਈ ਰੱਖੇ ਹਨ ਤਾਂ ਭਾਜਪਾ ਨੇ ਇਹ ਮਸਲੇ ਹੱਲ ਕਰਨ ਦੀ ਹਮਾਇਤ ਕੀਤੀ ਹੈ। ਇਸੇ ਤਰ੍ਹਾਂ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਸਾਥੀਆਂ ਨਾਲ ਮੀਟਿੰਗ ਕਰਕੇ ਐਲਾਨ ਕੀਤਾ ਹੈ ਕਿ ਜਥੇਦਾਰ ਅਕਾਲ ਤਖਤ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਵੱਖ ਵੱਖ ਧੜਿਆਂ ਦੇ ਪ੍ਰਧਾਨਾਂ ਨੂੰ ਅਸਤੀਫੇ ਦੇਣ ਲਈ ਆਦੇਸ਼ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਬਾਅਦ ਜਥੇਦਾਰ ਨੂੰ ਸਾਰੀਆਂ ਧਿਰਾਂ ਉਪਰ ਅਧਾਰਤ ਪੰਥਕ ਕਮੇਟੀ ਅਕਾਲ ਤਖਤ ਦੀ ਅਗਵਾਈ ਹੇਠਾਂ ਬਣਾਉਣ ਲਈ ਸੁਝਾਅ ਦਿੱਤਾ ਗਿਆ ਹੈ। ਇਸ ਤਰ੍ਹਾਂ ਅਕਾਲੀ ਦਲ ਦੇ ਇਤਹਾਸ ਵਿਚ ਪਹਿਲਾਂ ਵੀ ਕੁੱਝ ਮੌਕਿਆਂ ਉਪਰ ਅਕਾਲੀ ਦਲਾਂ ਨੂੰ ਇਕੱਠੇ ਕਰਨ ਦੀ ਅਜਿਹੀ ਮਸਾਲ ਮਿਲਦੀ ਹੈ ਪਰ ਇਹ ਯਤਨ ਬੀਤੇ ਵਿਚ ਸਫਲ ਨਹੀਂ ਹੋਏ। ਦੂਜੇ ਪਾਸੇ ਜਥੇਦਾਰ ਦੇ ਬਿਆਨ ਉਪਰ ਕਈ ਪੰਥਕ ਧਿਰਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਜਥੇਦਾਰ ਸੁਖਬੀਰ ਸਿੰਘ ਬਾਦਲ ਨੂੰ ਤਗੜਾ ਕਰਨ ਲਈ ਅਜਿਹੀ ਕਾਰਵਾਈ ਕਰ ਰਹੇ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜਥੇਦਾਰ ਇੱਕ ਪਰਿਵਾਰ ਨੂੰ ਤਗੜਾ ਕਰਨ ਦੀ ਗੱਲ ਕਰ ਰਹੇ ਹਨ ਜਾਂ ਪੰਥ ਨੂੰ ਤਗੜਾ ਕਰਨ ਦੀ ਗੱਲ ਕਰ ਰਹੇ ਹਨ? ਇਸ ਤਰ੍ਹਾਂ ਪੰਥਕ ਏਕਤਾ ਲਈ ਜਥੇਦਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦਾ ਨੋਟਿਸ ਤਾਂ ਲਿਆ ਗਿਆ ਪਰ ਵੱਖ ਵੱਖ ਪੰਥਕ ਆਗੂਆਂ ਵੱਲੋਂ ਜਥੇਦਾਰ ਨੂੰ ਸਥਿਤੀ ਸਪਸ਼ਟ ਕਰਨ ਲਈ ਕਿਹਾ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਕਈ ਆਗੂ ਹੁਣ ਬਸਪਾ ਨੂੰ ਅਲਵਿਦਾ ਆਖ ਕੇ ਮੁੜ ਭਾਜਪਾ ਨਾਲ ਸਾਂਝ ਦੀਆਂ ਗੱਲਾਂ ਕਰਨ ਲੱਗੇ ਹਨ। ਬੇਸ਼ੱਕ ਜਲੰਧਰ ਦੀ ਉਪ ਚੋਣ ਬਾਅਦ ਸਥਿਤੀ ਵਧੇਰੇ ਸਪਸ਼ਟ ਹੋਵੇਗੀ ਪਰ ਇਹ ਮੰਨਿਆਂ ਜਾ ਰਿਹਾ ਹੈ ਕਿ ਦੋਹਾਂ ਧਿਰਾਂ ਵਿਚ ਗਠਜੋੜ ਲਈ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਇਸੇ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਉਪਰ ਵੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਉਪਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੀਤੀ ਅਪੀਲ ਬਾਰੇ ਵੀ ਸਵਾਲ ਉਠ ਰਹੇ ਹਨ। ਕਿਹਾ ਇਹ ਜਾ ਰਿਹਾ ਹੈ ਕਿ ਅੰਤਿਮ ਅਰਦਾਸ ਦੇ ਮੌਕੇ ਉਪਰ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਉਠਾਉਣਾ ਕੋਈ ਸੰਜੀਦਾ ਕਾਰਵਾਈ ਨਹੀਂ ਸੀ। ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਲੰਮਾਂ ਸਮਾਂ ਪੰਜਾਬ ਵਿਚ ਸੱਤਾ ਵਿਚ ਰਹੇ ਹਨ ਤਾਂ ਉਸ ਵੇਲੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਜਿਹੇ ਸੰਜੀਦਾ ਯਤਨ ਕਿਉਂ ਨਹੀਂ ਕੀਤੇ ਗਏ?
ਅਜਿਹੀ ਸਥਿਤੀ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਥਕ ਏਕਤਾ ਲਈ ਦਿੱਤਾ ਗਿਆ ਸੱਦਾ ਕਿੰਨਾ ਸਾਰਥਕ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।