ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਐਤਵਾਰ ਰਾਤ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ, ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ISBT-43 ਦੇ ਪਿੱਛੇ ਜੰਗਲ ਵਾਲੇ ਇਲਾਕੇ ਵਿੱਚ ਜ਼ਮੀਨ ’ਚ ਦੱਬਿਆ ਹੋਇਆ ਇੱਕ ਟਿਫਿਨ ਬਰਾਮਦ ਕੀਤਾ ਗਿਆ। ਇਸ ਟਿਫਿਨ ਵਿੱਚ IED ਹੋਣ ਦੀ ਗੱਲ ਸਾਹਮਣੇ ਆਈ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੌਕੇ ’ਤੇ ਡੌਗ ਸਕੁਐਡ ਅਤੇ ਮੋਬਾਈਲ ਫੋਰੈਂਸਿਕ ਮਾਹਿਰਾਂ ਨੂੰ ਬੁਲਾਇਆ ਗਿਆ। ਰਾਤ ਕਰੀਬ ਸਾਢੇ 10 ਵਜੇ IED ਅਤੇ ਹੋਰ ਵਿਸਫੋਟਕ ਸਮੱਗਰੀ ਨੂੰ ਗੱਡੀ ਰਾਹੀਂ ਉਥੋਂ ਲਿਜਾਇਆ ਗਿਆ।
ਜੈਲਟਿਨ ਦੀਆਂ ਛੜਾਂ ਤੇ ਰਿਮੋਟ ਵੀ ਬਰਾਮਦ
ਸੂਤਰਾਂ ਮੁਤਾਬਕ ਬਰਾਮਦ ਸਮੱਗਰੀ ਵਿੱਚ IED ਤੋਂ ਇਲਾਵਾ ਜੈਲਟਿਨ ਦੀਆਂ ਛੜਾਂ ਅਤੇ ਕੁਝ ਹੋਰ ਉਪਕਰਨ ਵੀ ਸ਼ਾਮਲ ਹਨ। ਪੁਲਿਸ ਅਨੁਸਾਰ ਤਿੰਨੇ ਸ਼ੱਕੀ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਨਾਲ ਸਬੰਧਤ ਹਨ। ਇਨ੍ਹਾਂ ਦੀ ਪਛਾਣ ਲਵਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨਦੀਪ ਅਤੇ ਪ੍ਰਭਪ੍ਰੀਤ ਸਿੰਘ ਉਰਫ਼ ਪ੍ਰਭ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਮੁਲਜ਼ਮਾਂ ਕੋਲੋਂ 5 ਕਿਲੋ ਜੈਲਟਿਨ ਦੀਆਂ ਛੜਾਂ, ਇੱਕ ਡੈਟੋਨੇਟਰ, ਪਾਵਰ ਸੋਰਸ, ਰਿਮੋਟ ਕੰਟਰੋਲ ਸਿਸਟਮ, ਪਿਸਤੌਲ, ਮੈਗਜ਼ੀਨ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਆਪਰੇਸ਼ਨ ਸੈੱਲ ਦੇ ਇੰਸਪੈਕਟਰ ਸਤਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਐਤਵਾਰ ਦੇਰ ਸ਼ਾਮ ਬੱਸ ਸਟੈਂਡ ਦੇ ਪਿੱਛੇ ਜੰਗਲ ਵਾਲੇ ਇਲਾਕੇ ਵਿੱਚੋਂ ਲੰਘਦੀ ਸੜਕ ਨੇੜੇ ਤਿੰਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁੱਛਗਿੱਛ ਦੌਰਾਨ IED ਬਾਰੇ ਜਾਣਕਾਰੀ ਮਿਲਣ ਦੀ ਗੱਲ ਵੀ ਸਾਹਮਣੇ ਆਈ ਹੈ।
FSL ਨੂੰ ਭੇਜੀ ਗਈ ਬਰਾਮਦ ਸਮੱਗਰੀ
ਮਾਮਲੇ ਵਿੱਚ ਆਪਰੇਸ਼ਨ ਸੈੱਲ ਵੱਲੋਂ ਸੈਕਟਰ-36 ਥਾਣੇ ਵਿੱਚ ਐਕਸਪਲੋਸਿਵ ਐਕਟ ਤਹਿਤ ਸੀਕ੍ਰੇਟ FIR ਨੰਬਰ 143 ਦਰਜ ਕੀਤੀ ਗਈ ਸੀ। ਬਰਾਮਦ ਕੀਤੀ ਗਈ ਸਮੱਗਰੀ ਨੂੰ ਫੋਰੈਂਸਿਕ ਜਾਂਚ ਲਈ FSL ਭੇਜਿਆ ਗਿਆ ਹੈ।
ਇਸ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀਆਂ ਅਤੇ NIA ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੁਲਿਸ ਵਿਭਾਗ ਦੇ ਵੱਖ-ਵੱਖ ਵਿੰਗਾਂ ਦੇ ਮੁਲਾਜ਼ਮ ਵੀ ਮੌਕੇ ’ਤੇ ਪਹੁੰਚੇ।
ਇਸ ਥਾਂ ’ਤੇ ਪਹਿਲਾਂ ਵੀ ਹੋਈ ਸੀ ਮੁੱਠਭੇੜ
ਜਿਸ ਥਾਂ ਤੋਂ IED ਬਰਾਮਦ ਹੋਇਆ ਹੈ, ਉਥੇ ਦੂਰ-ਦੂਰ ਤੱਕ CCTV ਕੈਮਰੇ ਨਹੀਂ ਹਨ। ਕੁਝ ਮਹੀਨੇ ਪਹਿਲਾਂ ਇਸੇ ਥਾਂ ’ਤੇ ਇੰਸਪੈਕਟਰ ਸਤਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਦੀ ਪੰਜਾਬ ਦੇ ਤਿੰਨ ਗੈਂਗਸਟਰਾਂ ਨਾਲ ਮੁੱਠਭੇੜ ਹੋਈ ਸੀ। ਉਸ ਦੌਰਾਨ ਹੋਈ ਕਰਾਸ ਫਾਇਰਿੰਗ ਵਿੱਚ ਇੱਕ ਗੋਲੀ ASI ਦੀ ਬੁਲੇਟਪਰੂਫ ਜੈਕਟ ਵਿੱਚ ਵੀ ਲੱਗੀ ਸੀ।

