ਕੈਨੇਡਾ ‘ਚ ਬਜ਼ੁਰਗ ਜੋੜੇ ਦੇ ਕਤਲ ਮਾਮਲੇ ‘ਚ 3 ਪੰਜਾਬੀ ਨੌਜਵਾਨ ਦੋਸ਼ੀ ਕਰਾਰ, ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜਾਮ

Global Team
3 Min Read

ਐਬਟਸਫੋਰਡ: ਕੈਨੇਡਾ ਦੀ ਇੱਕ ਅਦਾਲਤ ਨੇ ਐਬਟਸਫੋਰਡ ਵਿੱਚ ਸਾਲ 2022 ਵਿੱਚ ਹੋਏ ਇੱਕ ਬਜ਼ੁਰਗ ਜੋੜੇ ਦੇ ਕਤਲ ਦੇ ਸਨਸਨੀਖੇਜ਼ ਮਾਮਲੇ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਪਹਿਲੀ ਸ਼੍ਰੇਣੀ ਦੇ ਕਤਲ (First-degree murder) ਦਾ ਦੋਸ਼ੀ ਪਾਇਆ ਹੈ। ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੀ ਜੱਜ ਬਰੇਂਡਾ ਬ੍ਰਾਊਨ ਨੇ ਸ਼ੁੱਕਰਵਾਰ ਨੂੰ ਇਹ ਇਤਿਹਾਸਕ ਫ਼ੈਸਲਾ ਸੁਣਾਇਆ। ਕੋਰਟ ਨੇ ਅਦਾਲਤ ਨੇ ਤਿੰਨ ਪੰਜਾਬੀ ਨੌਜਵਾਨਾਂ ਗੁਰਕਰਨ ਸਿੰਘ, ਅਭਿਜੀਤ ਸਿੰਘ ਤੇ ਖ਼ੁਸ਼ਵੀਰ ਤੂਰ ਨੂੰ ਦੋਸ਼ੀ ਕਰਾਰ ਦਿੱਤਾ ਹੈ।

ਕੀ ਸੀ ਪੂਰਾ ਮਾਮਲਾ?

ਮਈ 2022 ਵਿੱਚ, ਅਰਨੋਲਡ (77) ਅਤੇ ਜੋਆਨ ਡੀ ਜੋਂਗ (76) ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ ਸਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਤਿੰਨੋਂ ਦੋਸ਼ੀ ਅਭਿਜੀਤ ਸਿੰਘ ਦੀ ਮਲਕੀਅਤ ਵਾਲੀ ਇੱਕ ਸਫ਼ਾਈ (Cleaning) ਕੰਪਨੀ ਵਿੱਚ ਇਕੱਠੇ ਕੰਮ ਕਰਦੇ ਸਨ। ਇਸੇ ਕੰਪਨੀ ਨੇ ਪਹਿਲਾਂ ਡੀ ਜੋਂਗ ਦੇ ਘਰ ਸਫਾਈ ਦਾ ਕੰਮ ਕੀਤਾ ਸੀ, ਜਿਸ ਕਾਰਨ ਉਹ ਘਰ ਦੇ ਭੇਤਾਂ ਤੋਂ ਜਾਣੂ ਸਨ।

ਕਤਲ ਦਾ ਕਾਰਨ

ਜੱਜ ਬਰੇਂਡਾ ਬ੍ਰਾਊਨ ਨੇ ਸਰਕਾਰੀ ਪੱਖ ਦੀਆਂ ਦਲੀਲਾਂ ਨਾਲ ਸਹਿਮਤੀ ਜਤਾਉਂਦਿਆਂ ਕਿਹਾ ਕਿ ਇਹ ਹੱਤਿਆਵਾਂ ਸਿਰਫ਼ ਆਰਥਿਕ ਲਾਲਚ ਕਾਰਨ ਕੀਤੀਆਂ ਗਈਆਂ ਸਨ। ਅਦਾਲਤ ਵਿੱਚ ਪੇਸ਼ ਕੀਤੇ ਗਏ ਤੱਥਾਂ ਅਨੁਸਾਰ ਦੋਸ਼ੀਆਂ ਨੇ ਜੋੜੇ ਨੂੰ ਲੁੱਟਣ ਅਤੇ ਫਿਰ ਉਨ੍ਹਾਂ ਦੀ ਹੱਤਿਆ ਕਰਨ ਦੀ ਪੂਰੀ ਯੋਜਨਾ ਬਣਾਈ ਸੀ। ਵਾਰਦਾਤ ਤੋਂ ਬਾਅਦ ਉਨ੍ਹਾਂ ਨੇ ਘਰ ਵਿੱਚੋਂ ਕ੍ਰੈਡਿਟ ਕਾਰਡ, ਚੈੱਕ ਅਤੇ ਇੱਕ ਪਾਵਰ ਵਾਸ਼ਰ ਚੋਰੀ ਕਰ ਲਿਆ ਸੀ। ਅਦਾਲਤ ਨੇ ਬਚਾਅ ਪੱਖ ਦੀ ਉਸ ਦਲੀਲ ਨੂੰ ਖ਼ਾਰਜ ਕਰ ਦਿੱਤਾ ਕਿ ਇਹ ਮੌਤਾਂ ਲੁੱਟ-ਖੋਹ ਦੀ ਇੱਕ ਨਾਕਾਮ ਕੋਸ਼ਿਸ਼ ਦਾ ਅਚਾਨਕ ਨਤੀਜਾ ਸਨ।

ਮੁਕੱਦਮੇ ਦੌਰਾਨ ਦੋਸ਼ੀਆਂ ਦਾ ਪੱਖ

ਦੱਸਣਯੋਗ ਹੈ ਕਿ ਮੁਕੱਦਮੇ ਦੀ ਸ਼ੁਰੂਆਤ ਵਿੱਚ ਤਿੰਨਾਂ ਮੁਲਜ਼ਮਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ। ਹਾਲਾਂਕਿ, ਸਬੂਤਾਂ ਅਤੇ ਗਵਾਹਾਂ ਦੇ ਆਧਾਰ ‘ਤੇ ਅਦਾਲਤ ਨੇ ਉਨ੍ਹਾਂ ਨੂੰ ਪਹਿਲੀ ਸ਼੍ਰੇਣੀ ਦੇ ਕਤਲ ਦੇ ਦੋ-ਦੋ ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਪਹਿਲੀ ਸ਼੍ਰੇਣੀ ਦੇ ਕਤਲ ਦੇ ਦੋਸ਼ ਵਿੱਚ ਕੈਨੇਡਾ ਵਿੱਚ ਸਖ਼ਤ ਸਜ਼ਾ ਦਾ ਪ੍ਰਬੰਧ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment