ਅਮਰੀਕਾ ਦੇ ਕਈ ਸੂਬਿਆਂ ਦੀ ਬੱਤੀ ਗੁੱਲ, ਲੱਖਾਂ ਲੋਕ ਹਨੇਰੇ ‘ਚ ਕੱਟ ਰਹੇ ਨੇ ਰਾਤਾਂ

Global Team
3 Min Read

ਵਾਸ਼ਿੰਗਟਨ: ਅਮਰੀਕਾ ਦੇ ਕਈ ਸੂਬੇ ਇਸ ਸਮੇਂ ਖਰਾਬ ਮੌਸਮ ਦੀ ਲਪੇਟ ‘ਚ ਹਨ। ਲਗਾਤਾਰ ਤੇਜ਼ ਹਵਾਵਾਂ, ਝੱਖੜ ਅਤੇ ਮੀਂਹ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਖ਼ਰਾਬ ਮੌਸਮ ਕਾਰਨ ਕਈ ਸ਼ਹਿਰਾਂ ਵਿੱਚ ਬਿਜਲੀ ਬੰਦ ਹੈ। ਰਾਸ਼ਟਰੀ ਮੌਸਮ ਸੇਵਾ (NWS) ਨੇ ਚਿਤਾਵਨੀ ਦਿੱਤੀ ਹੈ ਕਿ ਨਿਊਯਾਰਕ, ਪੈਨਸਿਲਵੇਨੀਆ, ਨਿਊ ਜਰਸੀ ਅਤੇ ਮੈਰੀਲੈਂਡ ਦੇ ਕੁਝ ਹਿੱਸਿਆਂ ਸਣੇ ਪੂਰਬੀ ਤੱਟ ‘ਤੇ ਮੰਗਲਵਾਰ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਕਿਹਾ ਹੈ ਕਿ ਭਾਰੀ ਮੀਂਹ ਕਾਰਨ ਅਮਰੀਕਾ ਦੇ ਉੱਤਰ-ਪੂਰਬ ਤੋਂ ਦੱਖਣ-ਪੂਰਬ ਤੱਕ ਦੇ ਹਿੱਸਿਆਂ ‘ਚ ਭਿਆਨਕ ਤੂਫਾਨ ਦਾ ਖ਼ਤਰਾ ਬਣਿਆ ਰਹੇਗਾ। ਨਾਲ ਹੀ ਵਿਭਾਗ ਨੇ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਅਤੇ ਟੈਕਸਾਸ ਵਿੱਚ ਤੂਫ਼ਾਨ ਦੀ ਭਵਿੱਖਬਾਣੀ ਕੀਤੀ ਹੈ।

ਲੱਖਾਂ ਲੋਕਾਂ ਦੇ ਘਰਾਂ ਦੀ ਬੱਤੀ ਗੁੱਲ

ਤੂਫਾਨ ਨੇ ਅਮਰੀਕਾ ਦੇ 7 ਸੂਬਿਆਂ ਦੇ ਲਗਭਗ 3 ਲੱਖ ਵਾਸੀਆਂ ਨੂੰ ਬਿਜਲੀ ਤੋਂਸੱਖਣਾ ਕੲ ਦਿੱਤਾ ਹੈ। ਬਿਜਲੀ ਨਾਂ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੂਰੇ ਹਫਤੇ ‘ਚ ਆਏ ਤੂਫਾਨ ‘ਚ ਕਰੀਬ 23 ਲੋਕਾਂ ਦੀ ਜਾਨ ਜਾ ਚੁੱਕੀ ਹੈ। ਖਰਾਬ ਮੌਸਮ ਕਾਰਨ ਸੈਂਕੜੇ ਕਾਰਾਂ ਅਤੇ ਇਮਾਰਤਾਂ ਨੁਕਸਾਨੀਆਂ ਗਈਆਂ ਹਨ।

ਖ਼ਰਾਬ ਮੌਸਮ ਦੇ ਲਿਹਾਜ਼ ਨਾਲ ਪਿਛਲਾ ਐਤਵਾਰ ਇਸ ਸਾਲ ਦਾ ਸਭ ਤੋਂ ਖ਼ਰਾਬ ਦਿਨ ਸੀ, ਜਿਸ ਵਿਚ 20 ਸੂਬਿਆਂ ‘ਚ ਤੂਫ਼ਾਨ ਕਾਰਨ ਹੋਏ ਨੁਕਸਾਨ ਦੀ 600 ਤੋਂ ਵੱਧ ਰਿਪੋਰਟਾਂ ਦਰਜ ਕੀਤੀਆਂ ਗਈਆਂ ਸਨ। ਤੂਫ਼ਾਨ ਅਤੇ ਤੇਜ਼ ਹਵਾਵਾਂ ਨੇ ਇਮਾਰਤਾਂ ਨੂੰ ਮਲਬੇ ਦੇ ਢੇਰਾਂ ਵਿੱਚ ਬਦਲ ਦਿੱਤਾ। ਕਾਰਾਂ ਪਲਟ ਗਈਆਂ ਅਤੇ ਬਿਜਲੀ ਦੀਆਂ ਤਾਰਾਂ ਡਿੱਗ ਗਈਆਂ, ਜਿਸ ਕਾਰਨ ਸੂਬੇ ਵਿੱਚ ਬਿਜਲੀ ਬੰਦ ਹੋ ਗਈ। ਇਸ ਦੌਰਾਨ ਅਸਮਾਨੀ ਬਿਜਲੀ ਅਤੇ ਭਾਰੀ ਮੀਂਹ ਕਾਰਨ ਲਗਭਗ 125,000 ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।

ਜਿਨ੍ਹਾਂ ਸੂਬਿਆਂ ਵਿੱਚ ਮੌਸਮ ਕਾਰਨ ਮੌਤਾਂ ਹੋਈਆਂ ਹਨ, ਉਨ੍ਹਾਂ ਵਿੱਚ ਅਰਕਨਸਾਸ ਵਿੱਚ 8, ਟੈਕਸਾਸ ਵਿੱਚ 7, ਓਕਲਾਹੋਮਾ ਵਿੱਚ 2 ਅਤੇ ਕੈਂਟਕੀ ਵਿੱਚ 5 ਮੌਤਾਂ ਸ਼ਾਮਲ ਹਨ। ਸਥਾਨਕ ਮੀਡੀਆ ਨੇ ਦੱਸਿਆ ਕਿ ਅਲਬਾਮਾ ‘ਚ ਸੋਮਵਾਰ ਸਵੇਰੇ ਇਕ 79 ਸਾਲਾ ਔਰਤ ‘ਤੇ ਦਰੱਖਤ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment