ਪੰਜਾਬੀ ਸਾਹਿਤ ਦੇ ਦੋ ਮਹਾਰਥੀਆਂ ਦਾ ਵਿਛੋੜਾ, ਡਾ. ਦਲੀਪ ਕੌਰ ਟਿਵਾਣਾ ਤੇ ਜਸਵੰਤ ਸਿੰਘ ਕੰਵਲ ਨੇ ਕੀਤੀ ਆਪਣੀ ਸਫਲ ਸੰਸਾਰਿਕ ਯਾਤਰਾ

TeamGlobalPunjab
7 Min Read

-ਡਾ.ਸੁਦਰਸ਼ਨ ਗਾਸੋ

ਨਵਾਂ ਵਰ੍ਹਾ ਪੰਜਾਬੀ ਸਾਹਿਤ ਜਗਤ ਲਈ ਇੱਕ ਵੱਡੇ ਸਦਮੇ ਦੀ ਤਰ੍ਹਾਂ ਆਇਆ ਕਹਿ ਸਕਦੇ ਹਾਂ। ਇਸ ਵਰ੍ਹੇ ਦੇ ਪਹਿਲੇ ਮਹੀਨੇ ਦੇ ਆਖਰੀ ਦਿਨ ਭਾਵ 31 ਜਨਵਰੀ 2020 ਨੂੰ ਪੰਜਾਬੀ ਸਾਹਿਤ ਦੀ ਮਾਇਆਨਾਜ਼ ਹਸਤੀ ਡਾ. ਦਲੀਪ ਕੌਰ ਟਿਵਾਣਾ ਸਾਥੋਂ ਸਦਾ ਲਈ ਵਿਦਾ ਲੈ ਕੇ ਅਜੇ ਸਾਹਿਤਕ ਹਲਕਿਆਂ ‘ਚ ਇਸ ਖਬਰ ਬਾਰੇ ਦੁੱਖ-ਸੁੱਖ ਸਾਂਝਾ ਕੀਤਾ ਹੀ ਜਾ ਰਿਹਾ ਸੀ ਕਿ ਏਨੇ ਚਿਰ ‘ਚ ਪੰਜਾਬੀ ਗਲਪ ਦੇ ਹਰਮਨਪਿਆਰੇ ਸਰਦਾਰ ਜਸਵੰਤ ਸਿੰਘ ਕੰਵਲ ਜੀ ਆਪਣੀ ਜ਼ਿੰਦਗੀ ਦੀ ਸਦੀ (ਸੈਂਚਰੀ) ਪੂਰੀ ਕਰਕੇ ਇੱਕ ਫਰਵਰੀ ਨੂੰ ਸਾਨੂੰ ਸਾਰਿਆਂ ਨੂੰ “ਚੰਗਾ ਭਾਈ ਕਿਹਾ ਸੁਣਿਆ ਮੁਆਫ ਕਰਿਓ” ਕਹਿ ਕੇ ਤਾਰਿਆਂ ਦੇ ਹਮਸਫਰ ਬਣ ਗਏ। ਪੰਜਾਬੀ ਸਾਹਿਤ ਜਗਤ ‘ਚ ਇਹ ਦੋਨੋਂ ਸਾਹਿਤਕਾਰ ਆਪਣੀ ਨਿਵੇਕਲੀ ਮਸਤਾਨੀ ਚਾਲ ਚੱਲਣ ਲਈ ਮਸ਼ਹੂਰ ਹੋਏ।

ਦਲੀਪ ਕੌਰ ਟਿਵਾਣਾ ਸਾਰੀ ਜ਼ਿੰਦਗੀ ਠੁੰਮਕ-ਠੁੰਮਕ ਚਲਦਿਆਂ ਆਪਣੇ ਲੋਕਾਂ ਦੀਆਂ ਬਾਤਾਂ ਪਾਉਂਦੇ ਰਹੇ ਅਤੇ ਲੋਕਾਂ ਦੇ ਬਾਈ ਦੇ ਰੂਪ ‘ਚ ਮਸ਼ਹੂਰ ਜਸਵੰਤ ਸਿੰਘ ਕੰਵਲ ਜੀ ਨੇ ਵੀ ਲੋਕਾਂ ਦੇ ਦੁੱਖ ਨੂੰ ਬਿਆਨ ਕਰਨ ਵਾਲੀਆਂ ਰਚਨਾਵਾਂ ਨਾਲ ਲੋਕਾਂ ਦੇ ਦਿਲਾਂ ਉਪਰ ਸਾਰ ਜ਼ਿੰਦਗੀ ਭਰਪੂਰ ਰਾਜ ਕੀਤਾ, ਨਾਮਣਾ ਖੱਟਿਆ, ਪ੍ਰਸਿੱਧੀ ਪ੍ਰਾਪਤ ਕੀਤੀ ਤੇ ਵਿਸ਼ਵ ਪੱਧਰ ਉਪਰ ਮਾਣ ਸਨਮਾਨ ਪ੍ਰਾਪਤ ਕੀਤੇ। ਇਨ੍ਹਾਂ ਦੀਆਂ ਰਚਨਾਵਾਂ ‘ਚ ਪੰਜਾਬ ਦੀ ਧੜਕਣ ਸੁਣਾਈ ਦਿੰਦੀ ਹੈ। ਲੋਕਾਂ ਦੇ ਦੁੱਖ-ਸੁੱਖ ਸਾਹ ਲੈਂਦੇ ਸੁਣਾਈ ਦਿੰਦੇ ਹਨ ਤੇ ਲੋਕ ਮੜ੍ਹਕ ਤੇ ਸ਼ਾਨ ਨਾਲ ਤੁਰਦੇ ਵਿਖਾਈ ਦਿੰਦੇ ਹਨ।

ਡਾ. ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਬੋਂ ‘ਚ ਪਿਤਾ ਕਾਕਾ ਸਿੰਘ ਤੇ ਮਾਤਾ ਚੰਦ ਕੌਰ ਦੇ ਘਰ ਹੋਇਆ। ਪਾਲਣ-ਪੋਸ਼ਣ ਪਟਿਆਲਾ ‘ਚ ਹੋਇਆ ਜਿੱਥੇ ਟਿਵਾਣਾ ਦੇ ਫੁੱਫੜ ਸਰਦਾਰ ਤਾਰਾ ਸਿੰਘ ਸਿੱਧੂ ਜੇਲ੍ਹਾਂ ਦੇ ਇੰਸਪੈਕਟਰ ਜਨਰਲ ਸਨ। ਟਿਵਾਣਾ ਨੇ 30 ਨਾਵਲਾਂ ਸੱਤ ਕਹਾਣੀ-ਸੰਗ੍ਰਹਿ ਤੇ ਸਵੈ-ਜੀਵਨੀ ਦੀ ਸਿਰਜਣਾ ਵੀ ਕੀਤੀ। ਇਸ ਤੋਂ ਇਲਾਵਾ ਤਿੰਨ ਆਲੋਚਨਾ ਦੀਆਂ ਪੁਸਤਕਾਂ, ਤਿੰਨ ਪੁਸਤਕਾਂ ਬੱਚਿਆਂ ਲਈ ਤੇ ਵਾਰਤਕ ਦੀਆਂ ਪੁਸਤਕਾਂ ਵੀ ਲਿਖੀਆਂ। ਆਪ ਦੇ ਪ੍ਰਸਿੱਧ ਨਾਵਲਾਂ ‘ਚ ਅਗਨੀ-ਪ੍ਰੀਖਿਆ, ਏਹੁ ਹਮਾਰਾ ਜੀਵਣਾ, ਵਾਟ-ਹਮਾਰੀ, ਤੀਲੀ ਦਾ ਨਿਸ਼ਾਨ, ਸੂਰਜ ਤੇ ਸਮੁੰਦਰ, ਦੂਸਰੀ ਸੀਤਾ, ਸਰਕੰਡਿਆਂ ਦੇ ਦੇਸ਼, ਧੁੱਪ ਛਾਂ ਤੇ ਰੁੱਖ, ਸਭੁ ਦੇਸ਼ ਪਰਾਇਆ, ਹੇ ਰਾਮ, ਲੰਮੀ ਉਡਾਰੀ, ਪੀਲੇ ਪੱਤਿਆਂ ਦੀ ਦਾਸਤਾਨ, ਹਸਤਾਖਰ, ਪੈੜ-ਚਾਲ, ਰਿਣ-ਪਿੱਤਰਾਂ ਦਾ, ਐਰ-ਵੈਰ ਮਿਲਦਿਆਂ, ਲੰਘ ਗਏ ਦਰਿਆ, ਜ਼ਮੀਨ ਪੁੱਛੇ ਅਸਮਾਨ, ਕਥਾ ਕੁਕਨੁਸ ਦੀ, ਦੁਨੀਆ ਸੁਹਾਵਾ ਬਾਗ, ਕਥਾ ਕਹੋ ਉਰਵਸ਼ੀ, ਉਹ ਤਾਂ ਪਰੀ ਸੀ, ਮੋਹ-ਮਾਇਆ, ਜਨਮੁ ਜੂਐ ਹਾਰਿਆ, ਪੌਣਾਂ ਦੀ ਜਿੰਦ ਮੇਰੀ, ਇਕ ਛੋਟੀ ਜਿਹੀ ਖਬਰ, ਚਿੜੀਆਂ ਦਾ ਮਰਨ, ਤੀਨ ਲੋਕ ਸੇ ਨਿਆਰੀ, ਮਾਤਾ ਧਰਤ ਮਹਤ ਆਦਿ ਦੇ ਨਾਂ ਸ਼ਾਮਲ ਹਨ। ਆਪ ਦਾ ਨਾਵਲ “ਏਹੁ ਹਮਾਰਾ ਜੀਵਣਾ” ਇਸਤਰੀ ਜਾਤੀ ਬਾਰੇ ਲਿਖਿਆ ਨਾਵਲ ਕਲਾਸਿਕ ਭਾਵ ਮਹਾਨ ਨਾਵਲ ਦਾ ਦਰਜ਼ਾ ਰੱਖਦਾ ਹੈ। ਆਪ ਦੇ ਇਸ ਨਾਵਲ ਨੂੰ ਸਾਹਿਤ ਅਕਾਦਮੀ, ਭਾਰਤ ਸਰਕਾਰ ਵਲੋਂ ਵੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਨਾਵਲ ‘ਤੇ ਦੂਰਦਰਸ਼ਨ ਜਲੰਧਰ ਨੇ ਲੜੀਵਾਰ ਨਾਟਕ ਬਣਾਇਆ ਜੋ ਕੇ ਬਹੁਤ ਪ੍ਰਸਿੱਧ ਹੋਇਆ। ਆਪ ਜੀ ਨੂੰ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ, ਸਾਹਿਤ-ਰਤਨ ਪੁਰਸਕਾਰ, ਕੇ.ਕੇ. ਬਿਰਲਾ ਫਾਊਂਡੇਸ਼ਨ ਵੱਲੋਂ ਸਰਸਵਤੀ ਪੁਰਸਕਾਰ ਤੇ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਆਪ ਨੇ ਆਪਣੇ ਜੀਵਨ ਤੇ ਸਾਹਿਤ ਹਮੇਸ਼ਾ ਨਵੀਆਂ ਪੈੜਾਂ ਪਾਈਆਂ ਤੇ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਣਾ ਸ੍ਰੋਤ ਬਣੇ। ਆਪ ਆਪਣੇ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਸ੍ਰੋਤ ਬਣੇ ਤੇ ਆਪ ਇਹ ਹਰਮਨਪਿਆਰੇ ਅਧਿਆਪਕ ਵਲੋਂ ਜਾਣੇ ਜਾਂਦੇ ਹਨ।

- Advertisement -

ਸਰਦਾਰ ਜਸਵੰਤ ਸਿੰਘ ਕੰਵਲ ਦਾ ਜਨਮ ਪ੍ਰਸਿੱਧ ਸੁਤੰਤਰਤਾ ਸੈਨਾਨੀ ਲਾਲ ਲਾਜਪਤ ਰਾਏ ਵਾਲੇ ਪਿੰਡ ਢੁੱਡੀਕੇ ਵਿਖੇ ਹੋਇਆ। ਆਪ ਨੇ ਸਾਰਾ ਜੀਵਨ ਆਪਣੇ ਪਿੰਡ ‘ਚ ਆਪਣੇ ਲੋਕਾਂ ‘ਚ ਹੀ ਗੁਜਾਰਿਆ, ਉਨ੍ਹਾਂ ਦੇ ਸਰਪੰਚ ਬਣੇ, ਉਨ੍ਹਾਂ ਨਾਲ ਖੇਡਾਂ ਖੇਡਦੇ ਰਹੇ, ਆਪਣੇ ਪਿੰਡ ਦੇ ਲੋਕਾਂ ਨੂੰ ਉਸਾਰੂ ਪਾਸੇ ਲਾਉਣ ਲਈ ਉਨ੍ਹਾਂ ਦੀ ਅਗਵਾਈ ਕਰਦੇ ਰਹੇ। ਆਪ ਦੀਆਂ ਰਚਨਾਵਾਂ ਦੀ ਭਾਸ਼ਾ ਏਨੀ ਸਰਲ ਤੇ ਮਿਠਾਸ ਭਰਪੂਰ ਸੀ ਕਿ ਆਪ ਦੀਆਂ ਰਚਨਾਵਾਂ ਪ੍ਰਕਾਸ਼ਿਤ ਹੁੰਦਿਆਂ ਹੀ ਹੱਥੋਂ ਹੱਥ ਵਿਕ ਜਾਂਦੀਆਂ ਸਨ। ਪੇਂਡੂ ਮੁਹਾਵਰੇ ਤੇ ਲੋਕ-ਸ਼ੈਲੀ ‘ਚ ਲਿਖੀਆਂ ਆਪ ਦੀਆਂ ਰਚਨਾਵਾਂ ਨੂੰ ਲੋਕ ਆਪਣੀਆਂ ਪਲਕਾਂ ‘ਤੇ ਬਿਠਾ ਲੈਂਦੇ ਸਨ। ਲੋਕ ਨਾਵਲਕਾਰ ਦਾ ਮਾਣ ਸਰਦਾਰ ਕੰਵਲ ਦੇ ਹਿੱਸੇ ਹੀ ਆਇਆ ਕਿਹਾ ਜਾ ਸਕਦਾ ਹੈ। ਪੰਜਾਬ ‘ਚ ਚੱਲੀਆਂ ਲੋਕ-ਲਹਿਰਾਂ ਦਾ ਕੰਵਲ ਸਫਲ ਚਿਹਰਾ ਸੀ।

ਜਦੋਂ ਪੰਜਾਬ ‘ਚ ਨਕਸਲਬਾੜੀ ਲਹਿਰ ਚੱਲੀ ਤਾਂ ਆਪ ਨੇ ਇਸ ਲਹਿਰ ਬਾਰੇ ਵੱਢ ਅਕਾਰੀ ਨਾਵਲ “ਲਹੂ ਦੀ ਲੋਅ” ਲਿਖਿਆ, ਇਹ ਨਾਵਲ ਪ੍ਰਕਾਸ਼ਿਤ ਹੁੰਦਿਆਂ ਹੀ ਐਨਾ ਮਕਬੂਲ ਹੋਇਆ ਕਿ ਇਹ ਹੱਥੋ ਹੱਥ ਵਿਕਣ ਲੱਗਿਆ ਤੇ ਇਸ ਦੇ ਲਗਾਤਾਰ ਕਈ ਐਡੀਸ਼ਨ ਪ੍ਰਕਾਸ਼ਿਤ ਹੋਏ। ਸਰਕਾਰ ਨੇ ਇਸ ਦੀ ਵਿਕਰੀ ‘ਤੇ ਪਾਬੰਦੀ ਵੀ ਲਾਈ। ਕੰਵਲ ਜੀ ਦੇ ਪ੍ਰਸਿੱਧ ਨਾਵਲਾਂ ‘ਚ ਤੌਸ਼ਾਲੀ ਦੀ ਹੰਸੋ, ਮਨੁੱਖਤਾ, ਮੂਮਲ, ਐਨਿਆਂ ‘ਚੋਂ ਉੱਠੋ ਸੂਰਮਾ, ਰੂਪਮਤੀ, ਸੱਚ ਨੂੰ ਫਾਂਸੀ, ਪਾਲੀ, ਪੂਰਨਮਾਸ਼ੀ, ਭਵਾਨੀ, ਤਾਰੀਖ ਵੇਖਦੀ ਹੈ, ਜੇਰਾ, ਰਾਤ ਬਾਕੀ ਹੈ, ਮਿੱਤਰ ਪਿਆਰੇ ਨੂੰ, ਸਿਵਲ ਲਾਈਨਜ਼, ਰੂਪਧਾਰਾ, ਹਾਣੀ, ਬਰਫ ਦੀ ਅੱਗ, ਲਹੂ ਦੀ ਲੋਅ, ਦੇਵਦਾਸ, ਹੁਨਰ ਦੀ ਜਿੱਤ, ਸੂਰਮੇ, ਜੰਗਲ ਦੇ ਸ਼ੇਰ, ਮੋੜਾ, ਸੁਰ ਸਾਂਝ ਆਦਿ ਦੇ ਨਾਂ ਗਿਣਾਏ ਜਾ ਸਕਦੇ ਹਨ।

ਕਹਾਣੀ ਕਲਾ ਦੇ ਖੇਤਰ ‘ਚ ਵੀ ਆਪ ਨੇ ਫੁੱਲਾਂ ਦਾ ਮਾਲੀ, ਰੂਪ ਦੇ ਰਾਖੇ, ਸੰਧੂਰ, ਕੰਡੇ, ਰੂਹ ਦਾ ਹਾਣ, ਜ਼ਿੰਦਗੀ ਦੂਰ ਨਹੀਂ, ਜੰਡ ਪੰਜਾਬ ਦਾ, ਮਾਈ ਦਾ ਲਾਲ ਆਦਿ ਕਹਾਣੀ-ਸੰਗ੍ਰਹਿ ਭੇਟ ਕੀਤੇ। ਇਸ ਤੋਂ ਇਲਾਵਾ ਆਪ ਨੇ ਕਵਿਤਾ ਤੇ ਵਾਰਤਕ ਦੇ ਖੇਤਰ ‘ਚ ਭਰਪੂਰ ਯੋਗਦਾਨ ਪਾਇਆ। ਪੰਜਾਬ ਦੀਆਂ ਸਮੱਸਿਆਵਾਂ ਬਾਰੇ ਉਹ ਹਮੇਸ਼ਾ ਫਿਕਰਮੰਦ ਰਹਿੰਦੇ ਸਨ। ਪੰਜਾਬ ਦੇ ਲੋਕਾਂ ਦੇ ਵਿਦੇਸ਼ਾਂ ਨੂੰ ਜਾਣ ਦੇ ਰੁਝਾਨ ਬਾਰੇ ਵੀ ਉਹ ਹਮੇਸ਼ਾ ਚਿੰਤਾ ਦਾ ਪ੍ਰਗਟਾਵਾ ਕਰਦੇ ਸਨ। ਉਹ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਬਾਰੇ ਤੇ ਉਨ੍ਹਾਂ ਦੀ ਖੁਦਕੁਸ਼ੀਆਂ ਬਾਰੇ ਵੀ ਹਮੇਸ਼ਾ ਆਪਣੀਆਂ ਲਿਖਤਾਂ ‘ਚ ਪ੍ਰਭਾਵਸ਼ਾਲੀ ਢੰਗ ਨਾਲ ਉਲੇਖ ਕਰਦੇ ਸਨ। ਉਹ ਕਹਿੰਦੇ ਸਨ ਪੰਜਾਬ ਨੂੰ ਉਜਾੜਿਆ ਜਾ ਰਿਹਾ ਹੈ।

ਪੰਜਾਬ ਦੇ ਲੋਕਾਂ ਦੀ ਕੋਈ ਬਾਂਹ ਫੜਨ ਵਾਲਾ ਨਹੀਂ। ਇਹ ਝੋਰਾ ਆਪ ਨੂੰ ਸਾਰੀ ਉਮਰ ਲੱਗਿਆ ਰਿਹਾ। ਪੰਜਾਬ ਸਰਕਾਰ ਨੇ ਆਪ ਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਤੇ ਸਾਹਿਤ ਰਤਨ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਪੰਜਾਬ ਦੀਆਂ ਅਣਗਿਣਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਨੇ ਆਪ ਨੂੰ ਹਮੇਸ਼ਾ ਸਨਮਾਨਿਤ ਕੀਤਾ। ਇਨ੍ਹਾਂ ਦੋਨਾਂ ਸਾਹਿਤਕਾਰਾਂ ਦੇ ਇਸ ਸੰਸਾਰ ‘ਚੋਂ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ-ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਇਹ ਦੋਨੋਂ ਸਾਹਿਤਕਾਰ ਆਪਣੀਆਂ ਪਿਆਰੀਆਂ ਲਿਖਤਾਂ ਕਰਕੇ ਹਮੇਸ਼ਾ ਲੋਕਾਂ ਦੇ ਦਿਲਾਂ ਉਪਰ ਰਾਜ ਕਰਦੇ ਰਹਿਣਗੇ।

Share this Article
Leave a comment