ਕੋਰੋਨਾ ਮਹਾਮਾਰੀ ਦੇ ਮਦੇਨਜ਼ਰ ਪਰਾਲੀ ਨਾ ਸਾੜਨ ਦੀ ਅਪੀਲ

TeamGlobalPunjab
3 Min Read

ਚੰਡੀਗੜ੍ਹ (ਅਵਤਾਰ ਸਿੰਘ): ਪੀ.ਏ.ਯੂ. ਵੱਲੋਂ ਫੇਸਬੁੱਕ ਅਤੇ ਯੂ-ਟਿਊਬ ਉਪਰ ਹਫ਼ਤਾਵਰ ਲਾਈਵ ਪ੍ਰੋਗਰਾਮ ਦੌਰਾਨ ਮਾਹਿਰਾਂ ਨੇ ਪਰਾਲੀ ਦੀ ਸੰਭਾਲ ਦੀਆਂ ਤਕਨੀਕਾਂ, ਵੱਖ-ਵੱਖ ਫ਼ਸਲਾਂ ਵਿੱਚ ਕੀੜੇ-ਮਕੌੜਿਆਂ ਦੀ ਰੋਕਥਾਮ, ਆਉਂਦੇ ਹਾੜ੍ਹੀ ਸੀਜ਼ਨ ਲਈ ਕਣਕ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਅਤੇ ਬੱਚਿਆਂ ਲਈ ਪੌਸ਼ਟਿਕ ਖੁਰਾਕ ਆਦਿ ਵਿਸ਼ਿਆਂ ਬਾਰੇ ਗੱਲਬਾਤ ਕੀਤੀ। ਇਹ ਪ੍ਰੋਗਰਾਮ ਹਰ ਹਫ਼ਤੇ ਕਰਵਾਇਆ ਜਾਂਦਾ ਹੈ। ਇਸ ਪ੍ਰੋਗਰਾਮ ਲਈ ਕਿਸਾਨ ਆਪਣੇ ਸਵਾਲ ਲਿਖ ਕੇ ਪੀ.ਏ.ਯੂ. ਮਾਹਿਰਾਂ ਨੂੰ ਭੇਜਦੇ ਹਨ। ਨਾਲ ਹੀ ਕੁਝ ਸਵਾਲ ਨਾਲੋ-ਨਾਲ ਲੈ ਕੇ ਮਾਹਿਰਾਂ ਕੋਲੋਂ ਉਨ੍ਹਾਂ ਦੇ ਉਤਰ ਪੁੱਛੇ ਜਾਂਦੇ ਹਨ।

ਇਸ ਵਾਰ ਦੇ ਪ੍ਰੋਗਰਾਮ ਵਿੱਚ ਸੀਨੀਅਰ ਖੋਜ ਇੰਜਨੀਅਰ ਡਾ. ਮਹੇਸ਼ ਨਾਰੰਗ ਨੇ ਕਿਸਾਨਾਂ ਨੂੰ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਮਨੁੱਖੀ ਸਿਹਤ ਲਈ ਧੂੰਏਂ ਦੇ ਨੁਕਸਾਨ ਬਾਰੇ ਗੱਲ ਕਰਦਿਆਂ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਪਰਾਲੀ ਦੀ ਖੇਤ ਦੇ ਅੰਦਰ ਅਤੇ ਬਾਹਰ ਸੁਚੱਜੀ ਸੰਭਾਲ ਲਈ ਢੁਕਵੀਂ ਮਸ਼ੀਨਰੀ ਤਿਆਰ ਕੀਤੀ ਹੈ। ਇਨ੍ਹਾਂ ਵਿੱਚ ਪੀ.ਏ.ਯੂ. ਐਸ.ਐਮ.ਐਸ, ਹੈਪੀ ਸੀਡਰ, ਸੁਪਰ ਸੀਡਰ, ਰੋਟਾਵੇਟਰ, ਬੇਲਰ, ਉਲਟਾਂਵਾ ਹਲ ਆਦਿ ਪ੍ਰਮੁੱਖ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਨਾਲ ਸੰਪਰਕ ਕਰਕੇ ਇਸ ਮਸ਼ੀਨਰੀ ਨੂੰ ਕਿਰਾਏ ਤੇ ਲੈ ਕੇ ਆਪਣੀ ਪਰਾਲੀ ਸੰਭਾਲਣ ਲਈ ਕਿਸਾਨਾਂ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ । ਕਿਸੇ ਵੀ ਤਕਨੀਕੀ ਜਾਣਕਾਰੀ ਲਈ ਡਾ. ਨਾਰੰਗ ਨੇ ਕਿਸਾਨਾਂ ਨੂੰ ਪੀ.ਏ.ਯੂ. ਮਾਹਿਰਾਂ ਜਾਂ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਕਿਹਾ।

ਕਣਕ ਸੈਕਸ਼ਨ ਤੋਂ ਸੀਨੀਅਰ ਵਿਗਿਆਨੀ ਡਾ. ਜੌਹਰ ਸਿੰਘ ਨੇ ਕਿਸਾਨਾਂ ਨੂੰ ਵੱਖ-ਵੱਖ ਮੌਸਮੀ ਸਥਿਤੀਆਂ ਅਨੁਸਾਰ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀਆਂ ਕਣਕ ਦੀਆਂ ਕਿਸਮਾਂ ਦੀ ਬਿਜਾਈ ਬਾਰੇ ਜਾਣਕਾਰੀ ਦਿੱਤੀ। ਸਹਾਇਕ ਕੀਟ ਵਿਗਿਆਨੀ ਡਾ. ਪਰਮਜੀਤ ਕੌਰ ਨੇ ਝੋਨੇ ਦੇ ਕਾਲੇ ਤੇਲੇ ਅਤੇ ਬੈਂਗਣਾਂ ਦੀ ਜੂੰ ਤੋਂ ਬਚਾਅ ਦੇ ਤਰੀਕੇ ਦੱਸੇ। ਭੋਜਨ ਅਤੇ ਪੋਸ਼ਣ ਵਿਗਿਆਨੀ ਡਾ. ਕਿਰਨ ਗਰੋਵਰ ਨੇ ਕਿਹਾ ਕਿ ਬਜ਼ਾਰੂ ਖਾਣਾ ਨਾ ਸਿਰਫ਼ ਪੋਸ਼ਣ ਪੱਖੋਂ ਬਲਕਿ ਤੰਦਰੁਸਤੀ ਪੱਖੋਂ ਵੀ ਸਿਹਤ ਲਈ ਮਾਰੂ ਰੁਝਾਨ ਹੈ। ਉਨ੍ਹਾਂ ਨੇ ਬੱਚਿਆਂ ਦੀ ਚੰਗੀ ਅਤੇ ਪੌਸ਼ਟਿਕ ਸਿਹਤ ਲਈ ਘਰ ਵਿੱਚ ਸੰਤੁਲਿਤ ਖੁਰਾਕ ਤਿਆਰ ਕਰਕੇ ਉਨ੍ਹਾਂ ਨੂੰ ਖੁਆਉਣ ਬਾਰੇ ਨੁਕਤੇ ਸੁਆਣੀਆਂ ਨਾਲ ਸਾਂਝੇ ਕੀਤੇ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਲਾਏ ਜਾਣ ਵਾਲੇ ਸਿਖਲਾਈ ਪ੍ਰੋਗਰਾਮਾਂ ਦੀ ਜਾਣਕਾਰੀ ਵੀ ਦਿੱਤੀ। ਇਸ ਦੇ ਨਾਲ ਹੀ ਡਾ. ਪਰਮਜੀਤ ਕੌਰ ਨੇ ਖੇਤੀ ਸੰਬੰਧੀ ਖਬਰਾਂ ਅਤੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੇ ਖੇਤੀ ਦੇ ਜ਼ਰੂਰੀ ਕਾਰਜਾਂ ਬਾਰੇ ਵਿਸਥਾਰ ਨਾਲ ਰਿਪੋਰਟ ਪੜ੍ਹੀ।

Share this Article
Leave a comment