ਗਾਜ਼ਾ ਦੇ ਅਲ-ਸ਼ਿਫਾ ਹਸਪਤਾਲ ‘ਤੇ ਇਜ਼ਰਾਇਲੀ ਹਮਲੇ ਦੀ ਅਮਰੀਕਾ ਨੇ ਕੀਤੀ ਨਿੰਦਾ

Rajneet Kaur
3 Min Read

ਨਿਊਜ਼ ਡੈਸਕ: ਇਜ਼ਰਾਇਲੀ ਫੌਜ ਜਲਦ ਤੋਂ ਜਲਦ ਗਾਜ਼ਾ ਪੱਟੀ ਤੋਂ ਹਮਾਸ ਨੂੰ ਖਤਮ ਕਰਨ ‘ਚ ਲੱਗੀ ਹੋਈ ਹੈ। ਇਸ ਦੀਆਂ ਵੱਖ-ਵੱਖ ਬ੍ਰਿਗੇਡਾਂ ਗਾਜ਼ਾ ਦੇ ਵੱਖ-ਵੱਖ ਖੇਤਰਾਂ ਵਿੱਚ ਜੰਗ ਨੂੰ ਅੱਗੇ ਵਧਾ ਰਹੀਆਂ ਹਨ। ਇਜ਼ਰਾਇਲੀ ਫੌਜ ਨੂੰ ਮੱਧ ਪੂਰਬ ਦੀ ਸਭ ਤੋਂ ਤਾਕਤਵਰ ਫੌਜ ਮੰਨਿਆ ਜਾਂਦਾ ਹੈ। ਇਸੇ ਫੌਜ ਨੇ ਗਾਜ਼ਾ ‘ਚ ਹਮਾਸ ਦੀਆਂ ਦੋ ਇਮਾਰਤਾਂ ਨੂੰ ਜ਼ਬਰਦਸਤ ਧਮਾਕੇ ਨਾਲ ਉਡਾ ਦਿੱਤਾ ਹੈ। ਗਾਜ਼ਾ ‘ਤੇ ਜ਼ਮੀਨੀ ਹਮਲਾ ਕਰਨ ਤੋਂ ਬਾਅਦ, ਇਜ਼ਰਾਈਲੀ ਫੌਜ ਹਮਾਸ ਦੇ ਲੜਾਕਿਆਂ ਦੇ ਹਮਲਿਆਂ ਵਿਚਕਾਰ ਅੱਗੇ ਵਧ ਰਹੀ ਹੈ।

ਗਾਜ਼ਾ ਦੇ ਅਲ ਸ਼ਿਫਾ ਹਸਪਤਾਲ ‘ਤੇ ਹਾਲ ਹੀ ‘ਚ ਹੋਏ ਹਮਲੇ ‘ਚ 22 ਲੋਕ ਮਾਰੇ ਗਏ ਸਨ। ਇਜ਼ਰਾਇਲੀ ਫੌਜ ਨੇ ਹਸਪਤਾਲ ਨੂੰ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਹਨ ਪਰ ਸੈਂਕੜੇ ਲੋਕ ਅਜੇ ਵੀ ਉਥੇ ਫਸੇ ਹੋਏ ਹਨ। ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਕਰ ਹਸਪਤਾਲ ਦੇ ਜਨਰੇਟਰ ਲਈ ਬਾਲਣ ਦਾ ਜਲਦੀ ਪ੍ਰਬੰਧ ਨਾ ਕੀਤਾ ਗਿਆ ਤਾਂ ਇਲਾਜ ਨਾ ਮਿਲਣ ਕਾਰਨ ਕਈ ਨਵਜੰਮੇ ਬੱਚਿਆਂ ਸਮੇਤ ਕਈ ਲੋਕਾਂ ਦੀ ਮੌਤ ਹੋ ਸਕਦੀ ਹੈ। ਹੁਣ ਅਮਰੀਕਾ ਨੇ ਵੀ ਹਸਪਤਾਲ ‘ਤੇ ਹਮਲੇ ਦਾ ਵਿਰੋਧ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ  ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹਸਪਤਾਲਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਵੇਗੀ। ਬਾਇਡਨ  ਨੇ ਕਿਹਾ ਕਿ ਹਸਪਤਾਲਾਂ ਦੀ ਸੁਰੱਖਿਆ ਹੋਣੀ ਚਾਹੀਦੀ ਹੈ।

ਇੱਕ ਮੈਡੀਕਲ ਚੈਰਿਟੀ ਸੰਸਥਾ ਦੇ ਇੱਕ ਸਰਜਨ ਨੇ ਕਿਹਾ ਕਿ ਗਾਜ਼ਾ ਦੇ ਅਲ ਸ਼ਿਫਾ ਹਸਪਤਾਲ ਵਿੱਚ ਸੈਂਕੜੇ ਲੋਕ ਫਸੇ ਹੋਏ ਹਨ ਅਤੇ ਅਣਮਨੁੱਖੀ ਹਾਲਾਤ ਵਿੱਚ ਰਹਿਣ ਲਈ ਮਜਬੂਰ ਹਨ। ਇਜ਼ਰਾਈਲ ਦਾ ਇਲਜ਼ਾਮ ਹੈ ਕਿ ਅਲ ਸ਼ਿਫਾ ਹਸਪਤਾਲ ਵਿੱਚ ਹਮਾਸ ਦੇ ਅੱਤਵਾਦੀਆਂ ਨੇ ਆਪਣਾ ਟਿਕਾਣਾ ਬਣਾਇਆ ਹੋਇਆ ਹੈ। ਜਦੋਂਕਿ ਹਮਾਸ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਹੈ। ਸੰਯੁਕਤ ਰਾਸ਼ਟਰ ਨੇ ਵੀ ਅਲ ਸ਼ਿਫਾ ਹਸਪਤਾਲ ‘ਤੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਅਲ ਸ਼ਿਫਾ ਹਸਪਤਾਲ ਵਿਚ ਲਗਭਗ 2,300 ਮਰੀਜ਼, ਸਿਹਤ ਕਰਮਚਾਰੀ ਅਤੇ ਸ਼ਰਨਾਰਥੀ ਰਹਿ ਰਹੇ ਹਨ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਵੀ ਹਸਪਤਾਲ ‘ਚ ਲੜਾਈ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਅਸੀਂ ਮਰੀਜ਼ਾਂ ਨੂੰ ਸੁਰੱਖਿਅਤ ਦੇਖਣਾ ਚਾਹੁੰਦੇ ਹਾਂ।

ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹਵਾਈ ਹਮਲੇ ਵਿੱਚ ਹਮਾਸ ਦੇ ਸੀਨੀਅਰ ਕਮਾਂਡਰ ਅਹਿਮਦ ਸਿਆਮ ਨੂੰ ਮਾਰ ਦਿੱਤਾ ਹੈ। ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਦੇ ਅਨੁਸਾਰ, ਸਿਆਮ ਗਾਜ਼ਾ ਦੇ ਇੱਕ ਹਸਪਤਾਲ ਵਿੱਚ ਲਗਭਗ 1,000 ਲੋਕਾਂ ਅਤੇ ਮਰੀਜ਼ਾਂ ਨੂੰ ਬੰਧਕ ਬਣਾਉਣ ਲਈ ਜ਼ਿੰਮੇਵਾਰ ਸੀ।

- Advertisement -

ਆਈਡੀਐਫ ਨੇ ਕਿਹਾ, “ਆਈਡੀਐਫ ਦੇ ਜਹਾਜ਼ਾਂ ਨੇ ਅਹਿਮਦ ਸਿਆਮ ‘ਤੇ ਹਮਲਾ ਕੀਤਾ, ਜੋ ਗਾਜ਼ਾ ਦੇ ਲਗਭਗ 1,000 ਨਿਵਾਸੀਆਂ ਅਤੇ ਰੈਂਟੀਸੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਬੰਧਕ ਬਣਾਉਣ ਅਤੇ ਦੱਖਣ ਵੱਲ ਉਨ੍ਹਾਂ ਦੇ ਨਿਕਾਸੀ ਨੂੰ ਰੋਕਣ ਲਈ ਜ਼ਿੰਮੇਵਾਰ ਸੀ। ਸਿਆਮ ਹਮਾਸ ਦੀ ਨਾਸਰ ਰਦਵਾਨ ਕੰਪਨੀ ਵਿੱਚ ਕਮਾਂਡਰ ਸੀ ਅਤੇ ਇਹ ਹਮਾਸ ਦੀ ਗਾਜ਼ਾ ਵਿੱਚ ਨਾਗਰਿਕਾਂ ਨੂੰ ਅੱਤਵਾਦੀ ਉਦੇਸ਼ਾਂ ਲਈ ਮਨੁੱਖੀ ਢਾਲ ਵਜੋਂ ਵਰਤਣ ਦੀ ਇੱਕ ਹੋਰ ਉਦਾਹਰਣ ਹੈ।’

hospital

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment