ਸ਼ੁਭਕਰਨ ਦੇ ਕਤਲ ਵਿਰੁੱਧ ਉੱਠੀ ਕਿਸਾਨ ਲਹਿਰ

Rajneet Kaur
3 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਪੰਜਾਬ ਅਤੇ ਹਰਿਆਣਾ ਦੇ ਬਾਰਡਰ ਉੱਪਰ ਕਿਸਾਨ ਅੰਦੋਲਨਕਾਰੀਆਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਦੀ ਫੋਰਸ ਵਲੋਂ ਹੰਝੂ ਗੈਸ ਦੇ ਗੋਲੇ ਚਲਾਉਣ ਅਤੇ ਸਖਤ ਖੋਲ ਵਾਲੀਆਂ ਗੋਲੀਆਂ ਚਲਾੳਣ ਨਾਲ ਖਨੌਰੀ ਬਾਰਡਰ ਤੇ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਹੋ ਗਈ ਹੈ ।ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਹਰਿਆਣਾ ਸਰਕਾਰ ਦੇ ਹੁਕਮ ਨਾਲ ਸ਼ੁਭਕਰਨ ਦਾ ਕਤਲ ਹੋਇਆ ਹੈ। ਇਸ ਮੰਦਭਾਗੀ ਘਟਨਾ ਵਿਰੁੱਧ ਵਿਆਪਕ ਰੋਸ ਲਹਿਰ ਪੈਦਾ ਹੋ ਗਈ ਹੈ। ਕਿਸਾਨਾ ਦੇ ਮੁੱਦੇ ਨੂੰ ਲੈ ਕੇ ਅੱਜ ਇਥੇ ਕਿਸਾਨ ਭਵਨ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਕੌਮੀ ਪੱਧਰ ਦੀ ਬੈਠਕ ਹੋਈ ਹੈ। ਬੈਠਕ ਵਿਚ ਕਿਸਾਨ ਆਗੂ ਰਾਕੇਸ਼ ਟਕੈਤ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ , ਡਾ ਦਰਸ਼ਨ ਸਿੰਘ , ਬੂਟਾ ਸਿੰਘ , ਗੁਰਮੀਤ ਸਿੰਘ ਮਹਿਮਾ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਹੋਏ। ਮੀਟਿੰਗ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਵਤੀਰੇ ਦਾ ਸਖਤ ਨੋਟਿਸ ਲਿਆ ਹੈ।

ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਹੈ ਕਿ ਭਲਕੇ 23 ਫਰਵਰੀ ਨੂੰ ਦੇਸ਼ ਭਰ ਵਿਚ ਕਾਲਾ ਦਿਵਸ ਮਨਾਇਆ ਜਾਵੇਗਾ। ਕਿਸਾਨ ਹਰਿਆਣਾ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਪੁਤਲੇ ਵੀ ਸਾੜਨਗੇ। ਕਿਸਾਨਾਂ ਦਾ ਦੋਸ਼ ਹੈ ਕਿ ਕਿਸਾਨ ਸ਼ੁਭਕਰਨ ਦੇ ਕਤਲ ਲਈ ਹਰਿਆਣਾ ਸਰਕਾਰ ਜ਼ਿੰਮੇਵਾਰ ਹੈ। ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਹੈ ਕਿ ਛੱਬੀ ਫਰਵਰੀ ਨੂੰ ਦੇਸ਼ ਭਰ ਵਿਚ ਹਾਈਵੇ ਉਤੇ ਕਿਸਾਨ ਰੋਸ ਵਜੋਂ ਟਰੈਕਟਰ ਮਾਰਚ ਕਰਨਗੇ। ਅਗਲੀ ਕਾਰਵਾਈ ਵਿੱਚ ਦਿੱਲੀ ਵਿੱਖੇ 14 ਮਾਰਚ ਨੂੰ ਕਿਸਾਨਾ -ਮਜਦੂਰਾਂ ਵਲੋਂ ਮਹਾਪੰਚਾਇਤ ਕੀਤੀ ਜਾਵੇਗੀ।

ਕਿਸਾਨ ਮੰਗ ਕਰ ਰਹੇ ਹਨ ਕਿ ਕਿਸਾਨ ਸ਼ੁਭਕਰਨ ਦੇ ਕਤਲ ਵਿਰੁੱਧ ਕੇਸ ਦਰਜ ਕੀਤਾ ਜਾਵੇ। ਕੇਂਦਰ ਪਹਿਲਾਂ ਹੀ ਮੰਨੀਆਂ ਮੰਗਾਂ ਨੂੰ ਲਾਗੂ ਕਰੇ। ਫਸਲਾਂ ਉੱਤੇ MSP ਲਈ ਕਾਨੂੰਨੀ ਗਾਰੰਟੀ ਦਿੱਤੀ ਜਾਵੇ। ਕਿਸਾਨਾਂ ਅਤੇ ਖੇਤ ਮਜਦੂਰਾਂ ਦੇ ਕਰਜੇ ਉੱਤੇ ਲਕੀਰ ਫੇਰੀ ਜਾਵੇ। ਕਿਸਾਨ ਅੰਦੋਲਨ ਸਮੇ ਬਣੇ ਕੇਸ ਵਾਪਿਸ ਲਏ ਜਾਣ । ਲਖੀਮਪੁਰ ਖੀਰੀ ਵਿੱਚ ਕਿਸਾਨਾ ਉੱਤੇ ਤਸ਼ਦਦ ਕਰਨ ਵਾਲਿਆਂ ਵਿਰੁਧ ਕਾਰਵਾਈ ਹੋਵੇ ਅਤੇ ਪੀੜਤ ਪਰਿਵਾਰਾਂ ਨੂੰ ਮੁਆਵਜਾ ਮਿਲੇ।

- Advertisement -

ਦੂਜੇ ਪਾਸੇ ਹਰਿਆਣਾ ਬਾਰਡਰ ਉਪਰ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਮੰਗ ਕਰ ਰਹੇ ਹਨ ਕਿ ਸ਼ੁਭਕਰਨ ਦੇ ਕਤਲ ਦੇ ਦੋਸ਼ੀਆਂ ਵਿਰੁੱਧ ਐਫ ਆਈ ਆਰ ਦਰਜ ਕੀਤੀ ਜਾਵੇ। ਕਤਲ ਹੋਏ ਕਿਸਾਨ ਦੇ ਪਰਿਵਾਰ ਨੂੰ ਨੌਕਰੀ ਅਤੇ ਆਰਥਿਕ ਮਦਦ ਕੀਤੀ ਜਾਵੇ। ਕਿਸਾਨ ਆਗੂਆਂ ਨੇ ਮੌਜੂਦਾ ਸਥਿਤੀ ਕਾਰਨ ਦੋ ਦਿਨ ਲਈ ਕਿਸਾਨ ਅੰਦੋਲਨ ਦਿੱਲੀ ਲਈ ਮੁਲਤਵੀ ਕੀਤਾ ਹੋਇਆ ਹੈ। ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਕਿਸਾਨ ਆਗੂਆਂ ਨੇ ਕੇਂਦਰ ਅਤੇ ਹਰਿਆਣਾ ਸਮੇਤ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਲੈ ਕੇ ਵੀ ਸਵਾਲ ਕੀਤੇ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਸ਼ੁਭਕਰਨ ਦੇ ਕਤਲ ਦਾ ਕੇਸ ਦਰਜ ਕਰਵਾਉਣਗੇ ਅਤੇ ਪਰਿਵਾਰ ਦੇ ਡੱਟ ਕੇ ਨਾਲ ਖੜੇ ਹਨ।ਦੂਜੇ ਵਿਰੋਧੀ ਆਗੂਆਂ ਨੇ ਵੀ ਹਰਿਆਣਾ ਦੇ ਗ੍ਰਹਿ ਮੰਤਰੀ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਸੰਪਰਕ/ 9814002186

Share this Article
Leave a comment