ਸ੍ਰੀ ਅਕਾਲ ਤਖਤ ਦਾ ਜਥੇਦਾਰ ਤਬਦੀਲ ਕਰਨ ਦੀ ਲੋੜ- ਸਰਨਾ

Global Team
5 Min Read

ਅੰਮ੍ਰਿਤਸਰ : ਟਕਸਾਲੀ ਅਕਾਲੀ ਤੇ ਦਿੱਲੀ ਦੀ ਸਿਆਸਤ ਵਿੱਚ ਵਿਸ਼ੇਸ਼ ਪਛਾਣ ਰੱਖਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਐਸਟੈਟ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ਼੍ਰ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਾਰਗੁਜ਼ਾਰੀ ‘ਤੇ ਅਸ਼ੰਤੁਸਟੀ ਪ੍ਰਗਟ ਕਰਦਿਆ ਕਿਹਾ ਕਿ ਕੋਈ ਯੋਗ ਉਮੀਦਵਾਰ ਮਿਲਣ ‘ਤੇ ਜਥੇਦਾਰ ਦੀ ਤਬਦੀਲੀ ਕਰ ਦਿੱਤੀ ਜਾਵੇਗੀ।
ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬਹੁਤ ਸਾਰੇ ਅਜਿਹੇ ਮਸਲੇ ਹਨ ਜਿਹਨਾਂ ਦਾ ਜਥੇਦਾਰ ਅਕਾਲ ਤਖਤ ਨੂੰ ਖੁਦ ਹੀ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਸੀ ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਜਿੰਮੇਵਾਰੀ ਨੂੰ ਨਹੀਂ ਨਿਭਾਇਆ।ਉਹਨਾਂ ਕਿਹਾ ਕਿ ਜਿਹੜਾ ਜਥੇਦਾਰ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਰਹਿੰਦਾ ਹੈ ਉਸ ਨੂੰ ਆਪਣੇ ਆਹੁਦੇ ‘ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀ ਹੂੰਦਾ।ਉਹਨਾਂ ਕਿਹਾ ਕਿ ਕੋਈ ਯੋਗ ਉਮੀਦਵਾਰ ਮਿਲ ਜਾਣ ‘ਤੇ ਜਥੇਦਾਰ ਦੀ ਤਬਦੀਲੀ ਕਰ ਦਿੱਤੀ ਜਾਵੇਗੀ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਬਾਰੇ ਉਹਨਾਂ ਕਿਹਾ ਕਿ ਭਲੇ ਹੀ ਉਹ ਵੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਿੱਚ ਹਿੱਸੇਦਾਰ ਰਹੇ ਹਨ ਪਰ ਉਹਨਾਂ ਨੂੰ ਇਸ ਦਾ ਪਛਤਾਵਾ ਰਹੇਗਾ ਕਿ ਉਹਨਾਂ ਨੇ ਗਲਤੀ ਕੀਤੀ ਹੈ ਤੇ ਗੁਰੁ ਸਾਹਿਬ ਦੇ ਸਨਮੁੱਖ ਅਰਦਾਸ ਕਰਕੇ ਉਹ ਮੁਆਫੀ ਮੰਗਣਗੇ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਨੇ 102 ਸਾਲਾਂ ਬਾਅਦ ਸਾਕਾ ਨਨਕਾਣਾ ਸਾਹਿਬ ਦੇ ਮਹੰਤ ਨਰੈਣੂ ਵਾਲੀ ਗਲਤੀ ਦੁਹਾਰਾਈ ਹੈ ਜਿਸ ਨੂੰ ਸਿੱਖ ਕੌਮ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕਰੇਗੀ।ਉਹਨਾਂ ਕਿਹਾ ਕਿ ਇੱਕ ਵਾਰੀ ਫਿਰ ਮਹੰਤ ਨੂੰ ਪ੍ਰਬੰਧ ਸੋਂਪਿਆ ਗਿਆ ਹੈ ਤੇ ਉਸ ਮਹੰਤ ਕਰਮਜੀਤ ਸਿੰਘ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਚੱਲਦੇ ਸਮਾਗਮ ਵਿੱਚ ਗੋਲਕਾਂ ਦੇ ਤਾਲੇ ਤੋੜ ਕੇ ਬੱਜਰ ਗਲਤੀ ਕੀਤੀ ਹੈ।ਉਹਨਾਂ ਕਿਹਾ ਕਿ ਹਰਿਆਣਾ ਕਮੇਟੀ ਗੁਰਦੁਆਰਾ ਐਕਟ 1925 ਦੀ ਸਿੱਧੇ ਤੌਰ ‘ਤੇ ਉਲੰਘਣਾ ਹੈ।ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਹਰਿਅਣਾ ਵਿੱਚ ਐਡਹਾਕ ਕਮੇਟੀ ਬਣਾ ਕੇ ਪ੍ਰਬੰਧ ਅਨਪੜਾਂ ਤੇ ਗਵਾਰਾ ਨੂੰ ਸੋਂਪਿਆ ਗਿਆ ਹੈ ਉਸ ਤੋਂ ਹਰਿਆਣਾ ਸਰਕਾਰ ਵੱਲੋਂ ਸਿੱਖਾਂ ਪ੍ਰਤੀ ਅਪਨਾਈ ਗਈ ਬੇਗਾਨਗੀ ਦੀ ਭਾਵਨਾ ਸਪੱਸ਼ਟ ਨਜ਼ਰ ਆਉਦੀ ਹੈ।
ਅਜਨਾਲਾ ਵਿਖੇ ਵਾਪਰੀ ਘਟਨਾ ਨੂੰ ਮੰਦਭਾਗਾ ਦੱਸਦਿਆ ਸ੍ਰ. ਸਰਨਾ ਨੇ ਕਿਹਾ ਕਿ ਸ੍ਰ ਗੁਰੁ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਤੇ ਅਰਦਾਸ ਕਰਕੇ ਤਾਂ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਗੁਰੁ ਸਾਹਿਬ ਨੂੰ ਢਾਲ ਬਣਾ ਕੇ ਉਸ ਦੀ ਆੜ ਹੇਠ ਥਾਣੇ ‘ਤੇ ਹਮਲਾ ਕਰਨਾ ਮੰਦਭਾਗਾ ਹੀ ਨਹੀ ਸਗੋਂ ਬੀਮਾਰ ਮਾਨਸਿਕਤਾ ਵਾਲੇ ਹੀ ਇਹ ਕਾਰਜ ਕਰ ਸਕਦੇ ਹਨ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੀ ਮਾਨਸਿਕ ਤੌਰ ‘ਤੇ ਬੀਮਾਰ ਹੈ ਜਿਸ ਨੇ ਬਾਬੇ ਨਾਨਕ ਦੇ ਕਿਰਤ ਕਰੋ, ਵੰਡ ਛੱਕੋ ਤੇ ਨਾਮ ਜਪੋ ਦੇ ਸਿਧਾਂਤ ਨੂੰ ਦਰਕਿਨਾਰ ਕਰਕੇ ਸੂਬੈ ਨੂੰ ਤਾਂ ਕਰਜਾਈ ਕਰ ਦਿੱਤਾ ਹੈ ਤੇ ਹਰ ਵਸਤੂ ਫਰੀ ਦੇ ਕੇ ਸੂਬੇ ਦੀ ਆਰਥਿਕਤਾ ਨੂੰ ਭਾਰੀ ਖੌਰਾ ਲਾਇਆ ਹੈ।ਉਹਨਾਂ ਕਿਹਾ ਕਿ ਪੰਜਾਬ ਦੇ ਖਜ਼ਾਨੇ ਨੂੰ ਪਹਿਲਾਂ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਵਿੱਚ ਲੁਟਾਇਆ ਗਿਆ ਸੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟ ਜੁੰਡਲੀ ਦਾ ਟੋਲਾ ਹੈ ਤੇ ਦਿੱਲੀ ਵਿੱਚ ਜਿਸ ਤਰੀਕੇ ਨਾਲ ਨਵੀਂ ਆਬਕਾਰੀ ਨੀਤੀ ਦੇ ਨਾਮ ਤੇ ਲੁੱਟਿਆ ਗਿਆ ਹੈ ਉਹ ਵੀ ਇੱਕ ਮਿਸਾਲ ਹੈ।ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦਾ ਇੱਕ ਮੰਤਰੀ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਜੇਬ ਕਤਰਿਆਂ ਵਾਂਗ ਤਰੀਕਾ ਭੁਗਤ ਰਿਹਾ ਹੈ ਤੇ ਹੁਣ ਦੂਸਰਾ ਮੰਤਰੀ ਵੀ ਈ ਡੀ ਦੇ ਸ਼ਿਕੰਜੇ ਵਿੱਚ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਦੀ ਕੱਟੜ ਇਮਾਨਦਾਰ ਸਰਕਾਰ ਦੀ ਬਿੱਲੀ ਥੈਲਿਉ ਬਾਹਰ ਆ ਚੁੱਕੀ ਹੈ ਤੇ ਜਲਦੀ ਹੀ ਇਸ ਸਰਕਾਰ ਦਾ ਪਟਾਕਾ ਹੈ ਜਾਵੇਗਾ। ਦਿੱਲੀ ਦੀ ਭ੍ਰਿਸ਼ਟਾਚਾਰ ਦੀ ਅੱਗ ਦਾ ਸੇਕ ਪੰਜਾਬ ਦੀ ਆਬਕਾਰੀ ਨੀਤੀ ‘ਤੇ ਵੀ ਪੈ ਸਕਦਾ ਹੈ।
ਕੋਟਕਪੂਰਾ ਕਾਂਡ ਦੀ ਰਿਪੋਰਟ ਬਾਰੇ ਉਹਨਾਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਤੇ ਇਸ ‘ਤੇ ਕੋਈ ਟਿੱਪਣੀ ਕਰਨ ਨਾਲ ਅਦਾਲਤ ਦੀ ਮਾਨਹਾਨੀ ਦਾ ਸਵਾਲ ਹੈ। ਵੈਸੇ ਤੱਤਕਾਲੀ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਇਸ ਵਿੱਚ ਘਸੀਟਣਾ ਕੋਈ ਤੁਕ ਨਹੀਂ ਬਣਦੀ ਕਿਉਕਿ ਸਰਕਾਰ ਤਾਂ ਸੂਬੇ ਦੀ ਭਲਾਈ ਲਈ ਹੀ ਕੰਮ ਕਰਦੀ ਹੈ। ਇਸ ਸਮੇਂ ਉਹਨਾਂ ਦੇ ਨਾਲ ਮਨਿੰਦਰ ਸਿੰਘ ਧੁੰਨਾ ਵੀ ਸਨ।

Share This Article
Leave a Comment