ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਪੰਜ ਤੱਤਾਂ ‘ਚ ਵਿਲੀਨ ਹੋ ਗਏ ਹਨ। ਸਪੁੱਤਰ ਸੁਖਬੀਰ ਸਿੰਘ ਬਾਦਲ ਨੇ ਚਿਖ਼ਾ ਨੂੰ ਅਗਨੀ ਦਿਖਾਈ। ਪੰਜਾਬ ਪੁਲੀਸ ਦੇ ਜਵਾਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸਲਾਮੀ ਦਿੱਤੀ।
ਇਸ ਤੋਂ ਪਹਿਲਾਂ ਸਵੇਰੇ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਘਰ ਵਿੱਚ ਰੱਖਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਹੋਏ ਸਨ ਤੇ ਉੱਥੇ ਹੀ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਸਨ।
ਸਸਕਾਰ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਮੁੱਖ ਮੰਤਰੀ ਭਗਵੰਤ ਮਾਨ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਨੈਸ਼ਨਲ ਕਾਨਫਰੰਸ ਨੇਤਾ ਉਮਰ ਅਬਦੁੱਲਾ, ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਹੋਰ ਹਸਤੀਆਂ ਹਾਜ਼ਰ ਸਨ।
ਸਸਕਾਰ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਆਖਰੀ ਵਾਰ ਆਪਣੇ ਪਿਤਾ ਨੂੰ ਜੱਫ ਪਾ ਕੇ ਅੰਤਿਮ ਵਿਦਾਈ ਦਿੱਤੀ। ਇਸ ਵੇਲੇ ਪੂਰਾ ਬਾਦਲ ਪਰਿਵਾਰ ਬੇਹੱਦ ਭਾਵੁਕ ਹੋ ਗਿਆ।
ਪ੍ਰਕਾਸ਼ ਸਿੰਘ ਬਾਦਲ ਦਾ 95 ਸਾਲ ਦੀ ਉਮਰ ‘ਚ ਮੰਗਲਵਾਰ ਰਾਤ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਸਾਹ ਦੀ ਤਕਲੀਫ਼ ਕਾਰਨ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ।