ਮਾਨਵਤਾ ਹੋਈ ਸ਼ਰਮਸਾਰ

TeamGlobalPunjab
6 Min Read

-ਜਗਤਾਰ ਸਿੰਘ ਸਿੱਧੂ

 

ਕੋਰੋਨਾ ਮਹਾਮਾਰੀ ਦੇ ਟਾਕਰੇ ਲਈ ਬਹੁਤ ਸਾਰੀਆਂ ਧਿਰਾਂ ਮਾਨਵਤਾ ਨੂੰ ਬਚਾਉਣ ਲਈ ਲੜਾਈ ਲੜ ਰਹੀਆਂ ਹਨ। ਇਨ੍ਹਾਂ ‘ਚ ਡਾਕਟਰ, ਨਰਸਾਂ, ਪੈਰਾ-ਮੈਡੀਕਲ ਸਟਾਫ, ਪੁਲੀਸ ਅਤੇ ਦੇਸ਼ ਦੇ ਕਿਸਾਨ ਸਮੇਤ ਬਹੁਤ ਸਾਰੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਸਮਾਜ ਅਤੇ ਸਰਕਾਰਾਂ ਵੱਲੋਂ ਮਹਾਮਾਰੀ ਵਿਰੁੱਧ ਲੜ ਰਹੇ ਯੋਧਿਆਂ ਦੀ ਸ਼ਲਾਘਾ ਵੀ ਕੀਤੀ ਗਈ ਹੈ। ਜੇਕਰ ਪਿਛਲੇ ਦਿਨਾਂ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰ ਲਈਏ ਤਾਂ ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਸਪਸ਼ਟ ਤੌਰ ‘ਤੇ ਸੁਨੇਹਾ ਦਿੱਤਾ ਹੈ ਕਿ ਕੋਰੋਨਾ ਮਹਾਮਾਰੀ ਦਾ ਟਾਕਰਾ ਅਸੀਂ ਇਕੱਠੇ ਹੋ ਕੇ ਹੀ ਕਰ ਸਕਦੇ ਹਾਂ ਅਤੇ ਇਹ ਲੜਾਈ ਸਾਡੀ ਸਭ ਦੀ ਸਾਂਝੀ ਹੈ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਹਮਲਾ ਕਰਨ ਵੇਲੇ ਕਿਸੇ ਵੀ ਜਾਤ, ਧਰਮ, ਭਾਸ਼ਾ ਜਾਂ ਦੇਸ਼ ਨਹੀਂ ਵੇਖਦਾ। ਇਸ ਲਈ ਸਾਨੂੰ ਹਰ ਤਰ੍ਹਾਂ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਇਸ ਮਹਾਮਾਰੀ ਦਾ ਸਾਂਝੇ ਤੌਰ ‘ਤੇ ਟਾਕਰਾ ਕਰਨ ਦੀ ਜ਼ਰੂਰਤ ਹੈ। ਇਹ ਸੁਨੇਹਾ ਬੜਾ ਚੰਗਾ ਹੈ ਪਰ ਹੇਠਲੀ ਪੱਧਰ ‘ਤੇ ਅਜੇ ਵੀ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਹੜੀਆਂ ਕਿ ਮਾਨਵਤਾ ਨੂੰ ਸ਼ਰਮਸਾਰ ਕਰਦੀਆਂ ਹਨ। ਮਿਸਾਲ ਵਜੋਂ ਡਾਕਟਰ, ਪੈਰਾ ਮੈਡੀਕਲ ਸਟਾਫ ਸਾਡੀਆਂ ਜ਼ਿੰਦਗੀਆਂ ਬਚਾਉਣ ਲਈ ਆਪਣੀਆਂ ਜਾਨਾਂ ਖਤਰੇ ‘ਚ ਪਾ ਕੇ ਲੜਾਈ ਲੜ ਰਹੇ ਹਨ। ਇੱਕ ਜਾਣਕਾਰੀ ਮੁਤਾਬਕ ਦੇਸ਼ ਦੇ 200 ਤੋਂ ਵਧੇਰੇ ਡਾਕਟਰ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ। ਇਨ੍ਹਾਂ ‘ਚੋਂ ਕੁਝ ਡਾਕਟਰ ਆਪਣੀ ਜ਼ਿੰਦਗੀ ਤੋਂ ਵੀ ਹੱਥ ਧੋ ਬੈਠੇ ਹਨ। ਦੂਜੇ ਪਾਸੇ ਸਾਡੇ ਸਮਾਜ ਦੇ ਕੁਝ ਹਿੱਸੇ ਦੀ ਸੋਚ ਅਜਿਹੀ ਬਣ ਗਈ ਹੈ ਕਿ ਉਹ ਕੋਰੋਨਾ ਮਹਾਮਾਰੀ ਨਾਲ ਲੜਦੇ ਹੋਏ ਜਾਨ ਦੇਣ ਵਾਲੇ ਡਾਕਟਰ ਦਾ ਸਸਕਾਰ ਵੀ ਆਪਣੇ ਸ਼ਮਸਾਨ ਘਾਟ ‘ਚ ਕਰਵਾਉਣ ਲਈ ਵੀ ਤਿਆਰ ਨਹੀਂ ਹਨ। ਅਜਿਹੀ ਮੰਦਭਾਗੀ ਘਟਨਾ ਚੇਨੱਈ ਹਸਪਤਾਲ ਦੇ ਡਾਕਟਰ ਦੀ ਮੌਤ ਬਾਅਦ ਵੀ ਵਾਪਰੀ ਹੈ। ਡਾਕਟਰ ਦੀ ਦੇਹ ਦੇ ਸਸਕਾਰ ਲਈ ਗਈ ਐਂਬੂਲੈਂਸ ‘ਤੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਅਤੇ ਸਸਕਾਰ ਲਈ ਗਏ ਡਾਕਟਰਾਂ ਨੂੰ ਵਾਪਸ ਪਰਤਣ ਲਈ ਮਜਬੂਰ ਕੀਤਾ। ਤਾਮਿਲਨਾਡੂ ਪੁਲੀਸ ਨੇ ਇਨ੍ਹਾਂ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ ਅਤੇ ਕਈਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਇਸੇ ਤਰ੍ਹਾਂ ਮੇਘਾਲਿਆ ‘ਚ ਵੀ ਇੱਕ ਡਾਕਟਰ ਦੀ ਦੇਹ ਦੇ ਸਸਕਾਰ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ। ਅਕਸਰ ਹੀ ਅਜਿਹੀਆਂ ਸ਼ਿਕਾਇਤਾਂ ਆਉਂਦੀਆਂ ਹਨ ਕਿ ਮਾਲਕ ਮਕਾਨ ਡਾਕਟਰਾਂ ਨੂੰ ਮਕਾਨ ਕਿਰਾਏ ‘ਤੇ ਦੇਣ ਤੋਂ ਗੁਰੇਜ਼ ਕਰ ਰਹੇ ਹਨ। ਜੇਕਰ ਆਪਾਂ ਕੁਝ ਦਿਨ ਪਹਿਲਾਂ ਪੰਜਾਬ ਦੀ ਮੰਦਭਾਗੀ ਘਟਨਾ ਦਾ ਜ਼ਿਕਰ ਕਰੀਏ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਦੇਹ ਦਾ ਸਸਕਾਰ ਕਰਨ ਤੋਂ ਪਿੰਡ ਦੇ ਲੋਕਾਂ ਨੇ ਵਿਰੋਧ ਕੀਤਾ। ਭਾਈ ਖਾਲਸਾ ਦੇ ਪਰਿਵਾਰ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇ ਕਿਉਂ ਜੋ ਪਰਿਵਾਰ ਦਾ ਦੋਸ਼ ਹੈ ਕਿ ਲੋੜੀਂਦੀ ਮੈਡੀਕਲ ਸਹਾਇਤਾ ਨਾ ਮਿਲਣ ਕਾਰਨ ਭਾਈ ਖਾਲਸਾ ਦੀ ਜਾਨ ਜਾਂਦੀ ਰਹੀ। ਬੇਸ਼ੱਕ ਪੰਜਾਬ ਸਰਕਾਰ ਨੇ ਪਰਿਵਾਰ ਨੂੰ ਭੇਜੇ ਸੁਨੇਹੇ ‘ਚ ਕਿਹਾ ਹੈ ਕਿ ਭਾਈ ਖਾਲਸਾ ਦੇ ਨਾਂ ‘ਤੇ ਇੱਕ ਸਿੱਖਿਆ ਸੰਸਥਾਂ ਦਾ ਨਾਂ ਰੱਖਿਆ ਜਾਵੇਗਾ। ਪਰ ਇਹ ਸੁਆਲ ਤਾਂ ਬਣਿਆ ਹੀ ਰਹੇਗਾ ਕਿ ਕੀ ਐਡੀ ਵੱਡੀ ਧਾਰਮਿਕ ਹਸਤੀ ਦਾ ਅਸੀਂ ਇਲਾਜ ਵੀ ਸਹੀ ਢੰਗ ਨਾਲ ਨਹੀਂ ਕਰਵਾ ਸਕੇ।

ਇੱਕ ਹੋਰ ਮੰਦਭਾਗੀ ਘਟਨਾ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਕੋਰੋਨਾ ਮਹਾਮਾਰੀ ਨਾਲ ਜ਼ਿੰਦਗੀ ਦੀ ਜੰਗ ਹਾਰੇ ਲੁਧਿਆਣਾ ਪੁਲੀਸ ਦੇ ਏ.ਸੀ.ਪੀ. ਅਨਿਲ ਕੋਹਲੀ ਦੇ ਪਰਿਵਾਰ ਨਾਲ ਲੋਕਾਂ ਵੱਲੋਂ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ। ਏ.ਸੀ.ਪੀ. ਕੋਹਲੀ ਦੀ ਮੌਤ ਬਾਅਦ ਪੰਜਾਬ ਸਰਕਾਰ ਨੇ ਪਰਿਵਾਰ ਦੀ ਵੱਡੀ ਵਿੱਤੀ ਮਦਦ ਦਾ ਐਲਾਨ ਵੀ ਕੀਤਾ ਹੈ ਅਤੇ ਪੁਲੀਸ ਅਧਿਕਾਰੀ ਕੋਹਲੀ ਦਾ ਇੱਕ ਹੀਰੋ ਵਜੋਂ ਸਤਿਕਾਰ ਵੀ ਕੀਤਾ ਹੈ। ਪਰ ਦੂਜੇ ਪਾਸੇ ਜ਼ਮੀਨੀ ਹਕੀਕਤ ਇਹ ਹੈ ਕਿ ਉਨ੍ਹਾਂ ਦੀ ਭੈਣ ਦੇ ਘਰੋਂ ਸਫਾਈ ਕਰਮਚਾਰੀਆਂ ਵੱਲੋਂ ਕੂੜਾ ਵੀ ਨਹੀਂ ਚੁਕਿਆ ਜਾ ਰਿਹਾ। ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਸਸਕਾਰ ਤੋਂ ਵਾਪਸ ਘਰ ਆਉਣ ਵੇਲੇ ਮੁਹੱਲੇ ਵਾਲਿਆਂ ਨੇ ਉਨ੍ਹਾਂ ਨੂੰ ਮੁਹੱਲੇ ‘ਚ ਦਾਖਲ ਹੋਣ ਤੋਂ ਵੀ ਰੋਕ ਦਿੱਤਾ। ਕੋਰੋਨਾ ਮਹਾਮਾਰੀ ਦੇ ਦੌਰ ‘ਚ ਅਜੇ ਵੀ ਕੁਝ ਧਿਰਾਂ ਵੱਲੋਂ ਇਸ ਬਿਮਾਰੀ ਨੂੰ ਕਿਸੇ ਖਾਸ ਧਰਮ ਅਤੇ ਫਿਰਕੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਤਾਂ ਸਹੀ ਕਿਹਾ ਹੈ ਪਰ ਹੇਠਲੀ ਪੱਧਰ ‘ਤੇ ਇਹੋ ਜਿਹੀਆਂ ਨਫਰਤ ਵਾਲੀਆਂ ਘਟਨਾਵਾਂ ਨੂੰ ਰੋਕਣ ਦੀ ਜ਼ਰੂਰਤ ਹੈ। ਕੇਵਲ ਐਨਾ ਹੀ ਨਹੀਂ ਸਗੋਂ ਅਚਾਨਕ ਹੋਏ ਲੌਕਡਾਊਨ ਕਾਰਨ ਹਜ਼ਾਰਾਂ ਮਜ਼ਦੂਰ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਬੁਰੀ ਤਰ੍ਹਾਂ ਘਿਰੇ ਹੋਏ ਹਨ। ਉਨ੍ਹਾਂ ਲਈ ਦੋ ਡੰਗ ਦੀ ਰੋਟੀ ਹਾਸਲ ਕਰਨਾ ਵੀ ਮੁਸ਼ਕਲ ਬਣੀ ਹੋਈ ਹੈ। ਬਹੁਤ ਸਾਰੇ ਮਜ਼ਦੂਰ ਆਪੋ ਆਪਣੇ ਸੂਬਿਆਂ ਨੂੰ ਵਾਪਸ ਪਰਤਣਾ ਚਾਹੁੰਦੇ ਹਨ। ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਲੌਕਡਾਊਨ ‘ਚ ਫਸੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ ‘ਚ ਪਰਤਣ ਲਈ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਜਾਵੇ। ਕੋਰੋਨਾ ਮਹਾਮਾਰੀ ਦੇ ਟਾਕਰੇ ਲਈ ਲੌਕਡਾਊਨ ਦਾ ਕਦਮ ਤਾਂ ਸਹੀ ਹੈ ਪਰ ਇਨ੍ਹਾਂ ਹਜ਼ਾਰਾਂ ਮਜ਼ਦੂਰਾਂ ਨੂੰ ਭੁੱਖਮਰੀ ਦਾ ਸ਼ਿਕਾਰ ਹੋਣ ਤੋਂ ਬਚਾਉਣਾ ਵੀ ਉਨਾ ਹੀ ਜ਼ਰੂਰੀ ਹੈ। ਕੋਰੋਨਾ ਮਹਾਮਾਰੀ ਦਾ ਟਾਕਰਾ ਕਿਸੇ ਇੱਕ ਵਰਗ ਨੂੰ ਸਿਹਤਮੰਦ ਰੱਖ ਕੇ ਨਹੀਂ ਕੀਤਾ ਜਾ ਸਕਦਾ ਸਗੋਂ ਸਾਡੀ ਸਿਹਤ ਦੀ ਹੋਣੀ ਤਾਂ ਪੂਰੇ ਦੇਸ਼ ਦੇ ਲੋਕਾਂ ਨਾਲ ਹੀ ਜੁੜੀ ਹੋਈ ਹੈ।

- Advertisement -

ਸੰਪਰਕ : 9814002186

Share this Article
Leave a comment