-ਅਵਤਾਰ ਸਿੰਘ
ਭਾਰਤ ਵਿੱਚ ਪ੍ਰਮਾਣੂ ਊਰਜਾ ਦੇ ਪਿਤਾਮਾ ਤੇ ਪ੍ਰਸਿੱਧ ਭੌਤਿਕ ਵਿਗਿਆਨੀ ਹੋਮੀ ਜਹਾਂਗੀਰ ਭਾਬਾ ਦਾ ਜਨਮ 30 ਅਕਤੂਬਰ 1909 ਨੂੰ ਬੰਬਈ ਵਿੱਚ ਹੋਇਆ।ਉਹ ਬਹੁਤ ਹੀ ਪ੍ਰਭਾਵਸ਼ਾਲੀ ਤੇ ਨਿਪੁੰਨ ਵਿਦਿਆਰਥੀ ਸਨ। 1930 ‘ਚ ਕੈਂਬਰਿਜ ਵਿਸ਼ਵ ਵਿਦਿਆਲੇ ਤੋਂ ਵਿਗਿਆਨ ਵਿੱਚ ‘ਟਰਾਇਪੌਸ’ ਪਾਸ ਕੀਤਾ। ਉਨ੍ਹਾਂ ਨੂੰ ਯੂਰਪ ਦੇ ਪ੍ਰਮੁੱਖ ਵਿਗਿਆਨੀਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
ਉਨ੍ਹਾਂ ਇਕ ਸਾਲ ਤੱਕ ਹੋਮੀ ਭਾਬਾ ਜੀਊਰੀਟਵ ਵਿੱਚ ਗਣਿਤ ਦਾ ਅਧਿਐਨ ਕੀਤਾ ਤੇ ਖੋਜ ਪੱਤਰ ਲਿਖਿਆ। 1933-34 ਨੂੰ ਰੋਮ ਵਿੱਚ ਐਟਮ ਬੰਬ ਦੇ ਨਿਰਮਾਤਾ ਤੇ ਸਭ ਤੋਂ ਪਹਿਲਾਂ ਪਰਮਾਣੂ ਰੀਐਕਟਰ ਬਣਾਉਣ ਵਾਲੇ ਡਾਕਟਰ ਇਨਰਿਕੋ ਫਰਮੀ ਤੇ ਫਿਰ ਡਾਕਟਰ ਕਰੈਮਰ ਨਾਲ ਅਧਿਐਨ ਕਰਦੇ ਰਹੇ, ਉਨ੍ਹਾਂ ਨੀਲਜ ਬੋਹਰ ਵਿਗਿਆਨੀ ਨਾਲ ਕੋਪਨਹੈਗਨ ‘ਚ ਖੋਜ ਦਾ ਕੰਮ ਕੀਤਾ।
ਕੌਜਮਿਕ ਕਿਰਨਾਂ ‘ਤੇ ਕੀਤੀਆਂ ਖੋਜਾਂ ਦੇ ਸਿਟੇ ਵਜੋਂ ਉਨ੍ਹਾਂ ਨੂੰ ਭੌਤਿਕ ਵਿਗਿਆਨੀ ਦੀ ਪਦਵੀ ‘ਤੇ ਨਿਯੁਕਤ ਕੀਤਾ। ਉਥੇ ਉਨ੍ਹਾਂ ਹੋਰ ਵਿਗਿਆਨੀਆਂ ਨਾਲ ਰਲ ਕੇ ਕੌਜਮਿਕ ਕਿਰਨਾਂ ਦਾ ਕੈਸਕੇਡ ਸਿਧਾਂਤ ਕੱਢਿਆ।
1940 ਨੂੰ ਬੰਗਲੌਰ ਵਿੱਚ ਸਿਧਾਂਤਕ ਭੌਤਿਕ ਵਿਗਿਆਨ ਦੇ ਸਪੈਸ਼ਲ ਰੀਡਰ ਲੱਗੇ ਤੇ ਫਿਰ ਪ੍ਰੋਫੈਸਰ ਬਣ ਗਏ। 1942 ਵਿੱਚ ਉਨ੍ਹਾਂ ਨੂੰ, ‘ਆਦਮ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਸਰਕਾਰ ਨੇ 1954 ਵਿੱਚ ਊਰਜਾ ਵਿਭਾਗ ਦਾ ਬੰਬਈ ਵਿਖੇ ਸਕੱਤਰ ਨਿਯੁਕਤ ਕੀਤਾ ਤੇ ਉਨ੍ਹਾਂ ਦੇ ਸੁਝਾਅ ‘ਤੇ ਬੰਬਈ ਨੇੜੇ ਟਰਾਂਬਾ ਵਿੱਚ ਐਟਮੀ ਸ਼ਕਤੀ ਕਮਿਸ਼ਨ ਤੇ ਰਿਐਕਟਰ ਦੀ ਸਥਾਪਨਾ ਕੀਤੀ ਜੋ ਦੇਸ਼ ਦਾ ਸਭ ਤੋਂ ਵੱਡਾ ਸੰਸਥਾਨ ਸੀ।
ਆਖਰੀ ਸਮੇਂ ਤੱਕ ਉਹ ਇਸ ਪਰਮਾਣੂ ਊਰਜਾ ਦੇ ਚੇਅਰਮੈਨ ਰਹੇ। ਉਨ੍ਹਾਂ ਨੂੰ ਪਦਮ ਭੂਸ਼ਨ, ਹਾਪਕਿੰਜ ਪੁਰਸਕਾਰ ਤੇ ਡਾਕਟਰ ਆਫ ਸਾਇੰਸ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕਵਾਂਟਮ ਸਿਧਾਂਤ, ਸਿਧਾਂਤਕ ਭੌਤਿਕ ਵਿਗਿਆਨ ਤੇ ਕੌਜਮਿਕ ਕਿਰਨਾਂ ਤੇ 60 ਤੋਂ ਵੱਧ ਮੌਲਿਕ ਖੋਜ ਪੱਤਰ ਲਿਖੇ। ਉਹ ਇਕ ਚੰਗੇ ਪੈਂਟਰ ਦੇ ਨਾਲ ਨਾਲ ਵਾਇਲਨ ਵੀ ਵਧੀਆ ਵਜਾਂਉਦੇ ਸਨ। ਇਸ ਮਹਾਨ ਵਿਗਿਆਨੀ ਦਾ 24 ਜਨਵਰੀ 1966 ਨੂੰ ਮਾਊਂਟ ਬਲੈਕ ਵਿੱਚ ਹੋਏ ਹਵਾਈ ਹਾਦਸੇ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।