ਸਰਕਾਰ ਨੇ ਬਿਜਲੀ ਦਰਾਂ ਵਿੱਚ ਵਾਧਾ ਕਰਕੇ ਮੰਦੀ ਅਤੇ ਤਬਾਹੀ ਵਿੱਚੋਂ ਲੰਘ ਰਹੇ ਉਦਯੋਗਾਂ ਨੂੰ ਦਿੱਤਾ ਝਟਕਾ

Rajneet Kaur
2 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਉਦਯੋਗਾਂ ਲਈ ਬਿਜਲੀ ਮਹਿੰਗੀ ਹੋ ਗਈ ਹੈ। ਸੂਬਾ ਸਰਕਾਰ ਨੇ ਉਦਯੋਗਾਂ ‘ਤੇ ਬਿਜਲੀ ਡਿਊਟੀ ਡੇਢ ਗੁਣਾ ਵਧਾ ਦਿੱਤੀ ਹੈ।ਦਸ ਦਈਏ ਕਿ ਸੂਬੇ ਦੇ ਉਦਯੋਗਾਂ ‘ਤੇ 1 ਸਤੰਬਰ ਤੋਂ ਬਿਜਲੀ ਦੀਆਂ ਨਵੀਆਂ ਦਰਾਂ ਲਾਗੂ ਹੋ ਗਈਆਂ ਹਨ। ਘਰੇਲੂ, ਖੇਤੀਬਾੜੀ ਅਤੇ ਸਿੰਚਾਈ ਖਪਤਕਾਰਾਂ ਲਈ ਦਰਾਂ ਵਿੱਚ ਵਾਧਾ ਨਹੀਂ ਕੀਤਾ ਗਿਆ ਹੈ। ਇਹ ਦਸਣਾ ਬਣਦਾ ਹੈ ਕਿ  ਸਰਕਾਰ ਲਈ ਬਿਜਲੀ ਦੇ ਖਰਚੇ ਵਧਾਉਣ ਲਈ ਬਿਜਲੀ ਰੈਗੂਲੇਟਰੀ ਕਮਿਸ਼ਨ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਨਹੀਂ ਹੈ। ਜੇਕਰ ਸਰਕਾਰ ਨੇ ਉਦਯੋਗਾਂ ‘ਤੇ ਸੈੱਸ ਲਗਾਇਆ ਹੁੰਦਾ ਤਾਂ ਮਨਜ਼ੂਰੀ ਲੈਣੀ ਲਾਜ਼ਮੀ ਹੋਣੀ ਸੀ। ਨਵੀਆਂ ਦਰਾਂ ਤਹਿਤ ਐੱਚ.ਟੀ. ਅਧੀਨ ਆਉਂਦੇ ਉਦਯੋਗਾਂ ਲਈ ਬਿਜਲੀ ਡਿਊਟੀ 11 ਤੋਂ ਵਧਾ ਕੇ 19 ਫੀਸਦੀ ਕਰ ਦਿੱਤੀ ਗਈ ਹੈ।

EHT (ਐਕਸਟ੍ਰੀਮ ਹਾਈ ਟੈਂਸ਼ਨ) ਉਦਯੋਗਾਂ ਲਈ ਇਸ ਨੂੰ 13 ਤੋਂ ਵਧਾ ਕੇ 19 ਪ੍ਰਤੀਸ਼ਤ ਕੀਤਾ ਗਿਆ ਹੈ। ਛੋਟੇ ਅਤੇ ਦਰਮਿਆਨੇ ਉਦਯੋਗਾਂ ‘ਤੇ ਡਿਊਟੀ 11 ਫੀਸਦੀ ਤੋਂ ਵਧਾ ਕੇ 17 ਫੀਸਦੀ ਕਰ ਦਿੱਤੀ ਗਈ ਹੈ। ਸੀਮਿੰਟ ਪਲਾਂਟਾਂ ‘ਤੇ ਡਿਊਟੀ 17 ਤੋਂ ਵਧਾ ਕੇ 25 ਫੀਸਦੀ ਕਰ ਦਿੱਤੀ ਗਈ ਹੈ। ਇਸ ਕਾਰਨ ਸੂਬੇ ਵਿੱਚ ਸੀਮਿੰਟ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ। ਡੀਜ਼ਲ ਜਨਰੇਟਰ ਸੈੱਟਾਂ ਤੋਂ ਪੈਦਾ ਹੋਣ ਵਾਲੀ ਬਿਜਲੀ ‘ਤੇ ਵੀ 45 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਡਿਊਟੀ ਲਗਾਈ ਗਈ ਹੈ। ਸਟੋਨ ਕਰੱਸ਼ਰ ‘ਤੇ ਬਿਜਲੀ ਡਿਊਟੀ 25 ਫੀਸਦੀ ਹੋਵੇਗੀ। ਸਰਕਾਰ ਨੇ ਕੈਪਟਿਵ ਜਨਰੇਸ਼ਨ ਅਤੇ ਗ੍ਰੀਨ ਐਨਰਜੀ ‘ਤੇ ਬਿਜਲੀ ਡਿਊਟੀ ‘ਚ ਦਿੱਤੀ ਗਈ ਛੋਟ ਵੀ ਵਾਪਸ ਲੈ ਲਈ ਹੈ। ਊਰਜਾ ਵਿਭਾਗ ਵੱਲੋਂ ਬਿਜਲੀ ਡਿਊਟੀ ਵਧਾਉਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਸੀ। 24 ਅਗਸਤ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਇਹ ਪ੍ਰਸਤਾਵ ਨਹੀਂ ਆਇਆ ਸੀ। ਸਰਕਾਰ ਨੇ ਇਸ ਪ੍ਰਸਤਾਵ ਨੂੰ ਸਰਕੂਲੇਸ਼ਨ ਰਾਹੀਂ ਸਾਰੇ ਮੰਤਰੀਆਂ ਨੂੰ ਭੇਜਿਆ ਹੈ ਅਤੇ ਇਸ ਨੂੰ ਮਨਜ਼ੂਰੀ ਮਿਲ ਗਈ ਹੈ। ਦੂਜੇ ਪਾਸੇ ਵੱਖ-ਵੱਖ ਉਦਯੋਗ ਸੰਗਠਨਾਂ ਅਤੇ ਭਾਜਪਾ ਨੇ ਇਸ ਵਾਧੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment