ਇਜ਼ਰਾਈਲ- ਹਮਾਸ ਵਿਚਾਲੇ ਸ਼ਾਂਤੀ ਸਮਝੌਤਾ ਹੋਇਆ ਫਾਈਨਲ! ਗਾਜ਼ਾ ‘ਚ ਸਥਾਈ ਸ਼ਾਂਤੀ ਵੱਲ ਪਹਿਲਾ ਕਦਮ: ਟਰੂਡੋ

Rajneet Kaur
3 Min Read

ਨਿਊਜ਼ ਡੈਸਕ: ਗਾਜ਼ਾ ਯੁੱਧ ਵਿੱਚ ਇਜ਼ਰਾਈਲ ਅਤੇ ਹਮਾਸ ਇੱਕ ਸ਼ਾਂਤੀ ਸਮਝੌਤੇ ਦੇ ਬਹੁਤ ਨੇੜੇ ਪਹੁੰਚ ਗਏ ਹਨ। ਇਸ ਸਮਝੌਤੇ ਤਹਿਤ ਇਜ਼ਰਾਇਲੀ ਫੌਜ ਚਾਰ ਦਿਨਾਂ ਲਈ ਗਾਜ਼ਾ ‘ਚ ਹਮਲੇ ਬੰਦ ਕਰ ਦੇਵੇਗੀ। ਬਦਲੇ ਵਿੱਚ ਹਮਾਸ ਹਰ ਰੋਜ਼ 10-10 ਇਜ਼ਰਾਈਲੀ ਕੈਦੀਆਂ ਨੂੰ ਰਿਹਾਅ ਕਰੇਗਾ। ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਵਿੱਚ ਸਿਰਫ਼ ਔਰਤਾਂ ਅਤੇ ਬੱਚੇ ਹੀ ਹੋਣਗੇ। ਇਸ ਦੇ ਬਾਵਜੂਦ ਵੱਡੀ ਗਿਣਤੀ ਵਿਚ ਇਜ਼ਰਾਈਲੀ ਨਾਗਰਿਕ ਹਮਾਸ ਦੇ ਕੰਟਰੋਲ ਵਿਚ ਰਹਿਣਗੇ। ਅਮਰੀਕੀ ਅਧਿਕਾਰੀਆਂ ਦੇ ਅਨੁਸਾਰ, ਸਮਝੌਤਾ ਹੁਣ ਇਜ਼ਰਾਈਲੀ ਸਰਕਾਰ ਦੀ ਮਨਜ਼ੂਰੀ ਲਈ ਲੰਬਿਤ ਹੈ। 7 ਅਕਤੂਬਰ ਨੂੰ ਜੰਗ ਸ਼ੁਰੂ ਹੋਣ ਤੋਂ ਬਾਅਦ ਇਸ ਨੂੰ ਸਭ ਤੋਂ ਮਹੱਤਵਪੂਰਨ ਕੂਟਨੀਤਕ ਸਫਲਤਾ ਮੰਨਿਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ  ਕਿਹਾ ਕਿ ਇਜ਼ਰਾਈਲ ਅਤੇ ਹਮਾਸ ਵਿਚਕਾਰ ਯੁੱਧ ਵਿਰਾਮ ਅਤੇ ਬੰਧਕ ਸਮਝੌਤਾ ਸਥਾਈ ਸ਼ਾਂਤੀ ਲਈ ਇੱਕ ਮਹੱਤਵਪੂਰਨ ਪਹਿਲਾ ਕਦਮ ਹੈ।  ਉਨ੍ਹਾਂ ਨੇ ਕਿਹਾ ਕਿ ਕੈਨੇਡਾ ਨੂੰ ਉਮੀਦ ਹੈ ਕਿ ਚਾਰ ਦਿਨਾਂ ਦੇ ਵਿਰਾਮ ਲਈ ਸਮਝੌਤਾ ਆਖ਼ਰਕਾਰ ਲੜਾਈ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਵਿੱਚ ਮਦਦ ਕਰੇਗਾ।   ਉਨ੍ਹਾਂ ਇਹ ਉਮੀਦ ਵੀ ਜਤਾਈ ਕਿ ਇਹ ਸਮਝੌਤਾ ਹੋਰ ਕੈਨੇਡੀਅਨਜ਼ ਲਈ ਗਾਜ਼ਾ ਪੱਟੀ ਛੱਡਣ ਦਾ ਰਾਹ ਸੌਖਾ ਕਰੇਗਾ। ਛੇ ਹਫ਼ਤਿਆਂ ਦੇ ਇਜ਼ਰਾਈਲੀ ਹਵਾਈ ਹਮਲਿਆਂ ਨੇ ਫ਼ਲਸਤੀਨੀ ਖੇਤਰ ਗਾਜ਼ਾ ਦੇ ਵੱਡੇ ਹਿੱਸੇ ਨੂੰ ਤਬਾਹ ਕਰ ਦਿੱਤਾ ਹੈ।

ਦਸਣਯੋਗ ਹੈ ਕਿ ਕਤਰ ਨੇ ਇਸ ਸਮਝੌਤੇ ਵਿੱਚ ਵਿਚੋਲੇ ਦੀ ਭੂਮਿਕਾ ਨਿਭਾਈ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਵੀ ਇਜ਼ਰਾਈਲ-ਹਮਾਸ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਹਮਾਸ 50 ਤੋਂ 80 ਬੰਧਕਾਂ ਨੂੰ ਰਿਹਾਅ ਕਰ ਸਕਦਾ ਹੈ। ਇਸ ਦੇ ਬਦਲੇ ਇਜ਼ਰਾਈਲ ਕੁਝ ਫਲਸਤੀਨੀ ਕੈਦੀਆਂ ਨੂੰ ਵੀ ਰਿਹਾਅ ਕਰੇਗਾ। ਇਸ ਤੋਂ ਇਲਾਵਾ ਇਜ਼ਰਾਈਲ ਗਾਜ਼ਾ ਪੱਟੀ ਵਿੱਚ ਮਾਨਵਤਾਵਾਦੀ ਸਹਾਇਤਾ ਵਿੱਚ ਤੇਜ਼ੀ ਲਿਆਵੇਗਾ। ਇਸ ਦੌਰਾਨ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਦਾ ਕਹਿਣਾ ਹੈ ਕਿ ਉਹ ਹਮਾਸ ਨਾਲ ਜੰਗਬੰਦੀ ਸਮਝੌਤਾ ਨੇੜੇ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਅੱਜ ਕੈਬਨਿਟ ਦੀ ਵਿਸ਼ੇਸ਼ ਬੈਠਕ ਬੁਲਾ ਰਿਹਾ ਹੈ। ਇਸ ਬੈਠਕ ‘ਚ ਇਜ਼ਰਾਈਲ ਹਮਾਸ ਨਾਲ ਸਮਝੌਤੇ ਦੇ ਪ੍ਰਸਤਾਵ ਨੂੰ ਰਸਮੀ ਤੌਰ ‘ਤੇ ਮਨਜ਼ੂਰੀ ਦੇ ਸਕਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment