ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਅੱਜ ਦੇ ਸਮੇਂ ‘ਚ ਲਗਾਤਾਰ ਪਤਲੀ ਹੁੰਦੀ ਜਾ ਰਹੀ ਹੈ। ਪ੍ਰਧਾਨਗੀ ਦੇ ਮਸਲੇ ‘ਤੇ ਫਸਿਆ ਹੋਇਆ ਤਾਣਾ ਬਾਣਾ ਲਗਾਤਾਰ ਉਲਝਦਾ ਜਾ ਰਿਹਾ ਹੈ। ਅਜਿਹੇ ‘ਚ ਬੀਤੇ ਸਮੇਂ ਅਕਾਲੀ ਦਲ ਸੁਧਾਰ ਲਹਿਰ ਦਾ ਹੋਕਾ ਦੇ ਕੇ ਪਾਰਟੀ ਅੰਦਰੋਂ ਬਾਗੀ ਸੁਰਾਂ ਅਪਣਾਉਣ ਵਾਲੇ ਆਗੂਆਂ ਨੂੰ ਵੀ ਹੁਣ ਸ਼੍ਰੋਮਦੀ ਅਕਾਲੀ ਦਲ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸ਼ਨੀ ਕਮੇਟੀ ਵੱਲੋਂ ਬੁਲਾਈ ਗਈ ਇੱਕ ਹੰਗਾਮੀ ਮੀਟਿੰਗ ਅੱਜ ਚੰਡੀਗੜ੍ਹ ਵਿਖੇ ਇਹ ਫੈਸਲਾ ਲਿਆ ਗਿਆ ਹੈ। ਦਰਅਸਲ ਇਹ ਬੈਠਕ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੁੰਦੜ ਦੀ ਅਗਵਾਈ ਵਿੱਚ ਹੋਈ। ਜਿਸ ਅੰਦਰ ਕਮੇਟੀ ਮੈਂਬਰ ਮਹੇਸ਼ਇੰਦਰ ਸਿੰਘ ਗਰੇਵਾਲ, ਗੁਲਜਾਰ ਸਿੰਘ ਰਣੀਕੇ ਸ਼ਾਮਲ ਹੋਏ। ਇਸੇ ਇਕੱਤਰਤਾ ‘ਚ ਹੀ ਪਾਰਟੀ ‘ਚੋਂ ਬਾਗੀ ਹੋ ਚੁਕੇ ਮੈਂਬਰਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ।
ਦੱਸ ਦੇਈਏ ਕਿ ਪਾਰਟੀ ਦਾ ਇਲਜ਼ਾਮ ਹੈ ਕਿ ਇਹ ਸੀਨੀਅਰ ਆਗੂਆਂ ਵੱਲੋਂ ਲਗਾਤਾਰ ਇੱਕ ਸਾਜਿਸ਼ ਤਹਿਤ ਪਾਰਟੀ ਵਿਰੋਧੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਸਨ। ਜਿਸ ਦਾ ਗੰਭੀਰਤਾ ਨਾਲ ਨੋਟਿਸ ਲੈਂਦਿਆਂ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਸੁਰਿੰਦਰ ਸਿੰਘ ਠੇਕੇਦਾਰ ਅਤੇ ਚਰਨਜੀਤ ਸਿੰਘ ਬਰਾੜ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ।ਅਨੁਸਾਸ਼ਕੀ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ 26 ਜੂਨ, 2024 ਨੂੰ ਹੋਈ ਮੀਟਿੰਗ ਵਿੱਚ ਇੱਕ ਮਤਾ ਪਾਸ ਕਰਕੇ ਉਪਰੋਕਤ ਸਾਰੇ ਆਗੂਆਂ ਨੂੰ ਸੁਹਿਰਦਤਾ ਨਾਲ ਅਪੀਲ ਕੀਤੀ ਗਈ ਸੀ ਕਿ ਉਹ ਜੋ ਕੁਝ ਵੀ ਕਹਿਣਾ ਚਾਹੁੰਦੇ ਹਨ ਉਹ ਪਾਰਟੀ ਫੋਰਮ ਉਪਰ ਆ ਕੇ ਕਹਿਣ ਅਤੇ ਜੇਕਰ ਉਹ ਪਾਰਟੀ ਦੀ ਮੀਟਿੰਗ ਵਿੱਚ ਗੱਲ ਕਰਨ ਦੀ ਬਜਾਏ ਬਾਹਰ ਮੀਡੀਆ ਵਿੱਚ ਜਾ ਕੇ ਪਾਰਟੀ ਨੂੰ ਢਾਅ ਲਾਉਣ ਲਈ ਝੂਠਾ ਭੰਡੀ ਪ੍ਰਚਾਰ ਕਰਦੇ ਹਨ ਤਾਂ ਇਹ ਸਮਝਿਆ ਜਾਵੇਗਾ ਕਿ ਉਹਨਾਂ ਦਾ ਪਾਰਟੀ ਜਥੇਬੰਦੀ ਵਿੱਚ ਕੋਈ ਭਰੋਸਾ ਨਹੀਂ। ਜਿਸ ਤੋਂ ਬਾਅਦ ਆਗੂਆਂ ਵੱਲੋਂ ਪਾਰਟੀ ਵਿਰੁੱਧ ਜਾ ਕੇ ਬਾਹਰ ਕੂੜ ਪ੍ਰਚਾਰ ਕੀਤਾ ਗਿਆ।
ਜ਼ਿਕਰ ਏ ਖਾਸ ਹੈ ਕਿ ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਉਹ ਪਾਰਟੀ ਨੁੰ ਮੁੜ ਪੰਥਕ ਲੀਹਾਂ ‘ਤੇ ਲਿਆਉਣਾ ਚਾਹੁੰਦੇ ਹਨ। ਜਿਸ ਲਈ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਵੀ ਹੋਏ ਸਨ ਅਤੇ ਉਨ੍ਹਾਂ ਪਾਰਟੀ ਵੱਲੋਂ ਕੀਤੀਆਂ ਗਲਤੀਆਂ ਦਾ ਹਵਾਲਾ ਦਿੰਦਿਆਂ ਸਜ਼ਾ ਦੀ ਮੰਗ ਕੀਤੀ ਸੀ। ਇਨ੍ਹਾਂ ਦੋਸ਼ ਲਾਇਆ ਸੀ ਕਿ ਸੌਦਾ ਸਾਧ ਰਾਮ ਰਹੀਮ ਨੂੰ ਮਾਫੀ ਦੇਣ ਲਈ ਸੁਖਬੀਰ ਬਾਦਲ ਨੇ ਅਹਿਮ ਭੂਮਿਕਾ ਨਿਭਾਈ ਸੀ। ਜਿਸ ਕਾਰਨ ਉਸ ਨੂੰ ਸਜ਼ਾ ਲਾਈ ਜਾਣੀ ਚਾਹੀਦੀ ਹੈ ਅਤੇ ਪਾਰਟੀ ਦਾ ਪ੍ਰਧਾਨ ਬਦਲ ਦੇਣਾ ਚਾਹੀਦਾ ਹੈ। ਜਿਸ ਤੋਂ ਬਾਅਦ ਤੁਰੰਤ ਪ੍ਰਭਾਵ ‘ਚ ਸੁਖਬੀਰ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਨੂੰ ਭੰਗ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਆਪਣਾ ਪੱਖ ਰੱਖਿਆ ਗਿਆ ਸੀ ਜਿਹੜਾ ਕਿ ਅਜੇ ਵਿਚਾਰ ਅਧੀਨ ਹੈ। ਪਰ ਹੁਣ ਪਾਰਟੀ ਵਿਚੋਂ ਇਨ੍ਹਾਂ ਹੀ ਆਗੂਆਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਅਜਿਹੇ ਵਿਚ ਅਕਾਲੀ ਦਲ ਦੇ ਹਾਲਾਤ ਕੀ ਰਹਿੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।