ਖੰਨਾ ਦੇ ਹਸਪਤਾਲ ਵੱਲੋਂ ਮਰੀਜ਼ ਤੋਂ ਤੈਅ ਰੇਟਾਂ ਤੋਂ ਵੱਧ ਵਸੂਲੀ ਕਰਨ ਖਿਲਾਫ ਮਾਮਲਾ ਦਰਜ

TeamGlobalPunjab
3 Min Read

ਖੰਨਾ (ਰਵਿੰਦਰ ਸਿੰਘ ਢਿੱਲੋ): ਕੋਵਿਡ ਦੇ ਇਲਾਜ ਲਈ ਮਰੀਜ਼ਾਂ ਤੋਂ ਆਰਥਿਕ ਲੁੱਟ ਕਰਨ ਵਾਲੇ ਨਿੱਜੀ ਹਸਪਤਾਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਅੱਜ ਖੰਨਾ ਦੇ ਜੈਨ ਮਲਟੀਸਪੈਸ਼ਲਿਟੀ ਹਸਪਤਾਲ ਖਿਲਾਫ ਇੱਕ ਮਰੀਜ਼ ਤੋਂ ਸਰਕਾਰ ਵੱਲੋਂ ਨਿਰਧਾਰਤ ਰੇਟਾਂ ਤੋਂ 106 ਫੀਸਦ ਵੱਧ ਵਸੂਲੀ ਕਰਨ ‘ਤੇ ਮਾਮਲਾ ਦਰਜ ਕੀਤਾ ਗਿਆ।

ਹਰਿਆਣਾ ਸੂਬੇ ਦੇ ਯਮੁਨਾਨਗਰ ਨਿਵਾਸੀ ਸਾਗਰ ਵਰਮਾ ਦੀ ਸ਼ਿਕਾਇਤ ‘ਤੇ ਆਈ.ਪੀ.ਸੀ. ਦੀ ਧਾਰਾ 269, 270, 188, ਆਪਦਾ ਪ੍ਰਬੰਧਨ ਐਕਟ 2005 ਦੀ 51 (ਬੀ) ਅਤੇ 58 ਅਤੇ ਮਹਾਂਮਾਰੀ ਰੋਗ ਐਕਟ 1897 ਦੀ 3 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਵਰਮਾ ਨੇ ਹਸਪਤਾਲ ਦੇ ਖਿਲਾਫ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਪਿਤਾ ਦੇ ਕੋਵਿਡ ਇਲਾਜ ਲਈ ਵਾਧੂ ਵਸੂਲੀ ਕੀਤੀ ਗਈ ਅਤੇ ਜਿਨ੍ਹਾਂ ਦੀ ਬਾਅਦ ਵਿੱਚ ਦੂਸਰੇ ਹਸਪਤਾਲ ਵਿੱਚ ਮੌਤ ਹੋ ਗਈ ਸੀ।

ਡਿਪਟੀ ਕਮਿਸ਼ਨਰ ਨੇ ਹਸਪਤਾਲ ਦੇ ਖਿਲਾਫ ਜਾਂਚ ਦੇ ਹੁਕਮ ਦਿੱਤੇ ਸਨ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ, ਡਿਪਟੀ ਡਾਇਰੈਕਟਰ ਡਾ. ਹਤਿੰਦਰ ਕੌਰ ਅਤੇ ਸਹਾਇਕ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਦੀ ਅਗਵਾਈ ਵਾਲੀ ਕਮੇਟੀ ਨੂੰ 48 ਘੰਟਿਆਂ ਵਿੱਚ ਜਾਂਚ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਸਨ।

- Advertisement -

ਜਾਂਚ ਵਿਚ ਦੱਸਿਆ ਗਿਆ ਹੈ ਕਿ ਕੋਵਿਡ ਦੇ ਇਲਾਜ ਲਈ ਸਰਕਾਰ ਦੀਆਂ ਤੈਅ ਦਰਾਂ ਅਨੁਸਾਰ ਵਰਮਾ ਦੇ ਪਿਤਾ ਦਾ ਅਸਲ ਬਿੱਲ ਸਿਰਫ 2,35,450 ਰੁਪਏ ਬਣਦਾ ਸੀ ਅਤੇ ਹਸਪਤਾਲ ਵੱਲੋਂ ਸ਼ਿਕਾਇਤਕਰਤਾ ਨੂੰ 8,45,062 ਰੁਪਏ ਅਦਾ ਕਰਨ ਲਈ ਕਿਹਾ ਗਿਆ। ਬਾਅਦ ਵਿਚ ਜਾਂਚ ਦੌਰਾਨ ਹਸਪਤਾਲ ਨੇ ਇਸ ਨੂੰ ਕਲੈਰੀਕਲ ਗਲਤੀ ਮੰਨਦਿਆਂ ਬਿੱਲ 4,86,010 ਰੁਪਏ ਦਿੱਤਾ ਜੋਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਕਾਬਲੇ 106 ਫੀਸਦ ਤੋਂ ਵੀ ਵੱਧ ਸੀ।

ਪੜਤਾਲੀਆ ਕਮੇਟੀ ਨੇ ਡਿਪਟੀ ਕਮਿਸ਼ਨਰ ਨੂੰ ਸੌਪੀ ਆਪਣੀ ਰਿਪੋਰਟ ਵਿੱਚ ਸਪੱਸਟ ਲਿਖਿਆ ਹੈ ਕਿ ਸਾਗਰ ਵਰਮਾ ਵੱਲੋਂ ਜੈਨ ਹਸਪਤਾਲ ਖਿਲਾਫ਼ ਦਿੱਤੀ ਸ਼ਿਕਾਇਤ ਸਹੀ ਸਾਬਤ ਹੋਈ ਹੈ ਅਤੇ ਇਸ ਹਸਪਤਾਲ ਵੱਲੋਂ ਕੋਵਿਡ ਮਰੀਜ਼ਾਂ ਦੇ ਖਰਚਿਆਂ ਬਾਰੇ ਜਾਰੀ ਹਦਾਇਤਾਂ ਦੀ ਪੂਰਤੀ ਤਰ੍ਹਾਂ ਉਲੰਘਣਾਂ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਸਪਤਾਲਾਂ ਦੇ ਕੰਮਕਾਜ ਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਅਤੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਅਣਗਹਿਲੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਸਿਹਤ ਵਿਭਾਗ ਅਤੇ ਉਸਦੇ ਦਫ਼ਤਰ ਦੇ 104 ਹੈਲਪਲਾਈਨ ਨੰਬਰ ‘ਤੇ ਇਸ ਬਿਪਤਾ ਦੀ ਘੜੀ ਵਿੱਚ ਅਨੈਤਿਕ ਅਭਿਆਸਾਂ ਬਾਰੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

Share this Article
Leave a comment