ਬੇਅਦਬੀ ਮਾਮਲੇ ਦੀ ਜਾਂਚ ਨੂੰ ਲੈ ਕੇ ਗੰਭੀਰ ਨਹੀਂ ਸਰਕਾਰ, ਦੋ ਹਫ਼ਤਿਆਂ ਬਾਅਦ ਵੀ ਨਹੀਂ ਮਿਲੀ ਰਿਪੋਰਟ: ਧਾਮੀ

TeamGlobalPunjab
1 Min Read

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੀ ਘਟਨਾ ਦੀ ਜਾਂਚ ਨੂੰ ਲੈ ਕੇ ਸਰਕਾਰ ‘ਤੇ ਸਵਾਲ ਚੁੱਕੇ ਹਨ। ਧਾਮੀ ਨੇ ਕਿਹਾ ਕਿ ਦੋ ਦਿਨ ਦਾ ਸਮਾਂ ਦੇ ਕੇ ਦੋ ਹਫ਼ਤਿਆਂ ਵਿੱਚ ਵੀ ਰਿਪੋਰਟ ਨਹੀਂ ਆਈ। ਉਨ੍ਹਾਂ ਕਿਹਾ ਕਿ ਸਰਕਾਰ ਮਾਮਲੇ ਦੀ ਜਾਂਚ ਨੂੰ ਲੈ ਕੇ ਗੰਭੀਰ ਨਹੀਂ ਹੈ ਤੇ ਕਾਂਗਰਸ ਹਮੇਸ਼ਾ ਬੇਅਦਬੀ ਮਾਮਲੇ ਨੂੰ ਲੈ ਕੇ ਸਿਆਸਤ ਕਰਦੀ ਆਈ ਹੈ।

ਧਾਮੀ ਨੇ ਕਿਹਾ ਕਿ ਅਸੀਂ SGPC ਦੀ ਸਿੱਟ ਇਸ ਸ਼ਰਤ ‘ਤੇ ਗਠਿਤ ਕੀਤੀ ਸੀ ਕਿ ਸਰਕਾਰ ਪਹਿਲਾਂ ਆਪਣੀ ਸਿੱਟ ਦੀ ਰਿਪੋਰਟ ਸਾਨੂੰ ਦੇਵੇਗੀ। ਅਸੀਂ ਵੀ ਆਪਣੇ ਪੱਧਰ ‘ਤੇ ਬਹੁਤ ਯਤਨ ਕੀਤੇ ਹਨ, ਦੋਸ਼ੀ ਦੀ ਜਾਣਕਾਰੀ ਦੇਣ ਸਬੰਧੀ ਇਸ਼ਤਿਹਾਰ ਵੀ ਪ੍ਰਕਾਸ਼ਿਤ ਕਰਵਾਇਆ। ਸ਼੍ਰੋਮਣੀ ਕਮੇਟੀ ਦੀ ਸਿੱਟ ਵਿੱਚ ਸਿੰਘ ਸਾਹਿਬ ਅਤੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਕੁੱਝ ਵਿਦਵਾਨ ਮੈਂਬਰ ਸ਼ਾਮਿਲ ਕਰਾਂਗੇ। ਉਹ ਸਾਰੇ ਘਟਨਾਕ੍ਰਮ ਦਾ ਮੁਲਾਂਕਣ ਕਰਕੇ ਆਪਣੀ ਰਿਪੋਰਟ ਦੇਣਗੇ। ਉਨ੍ਹਾਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਜੀ ਦੇ ਪ੍ਰਬੰਧ ਵਿੱਚ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ।

Share this Article
Leave a comment