ਦਿੱਲੀ ਹਿੰਸਾ ਤੇ ਸਿੰਘੂ ਸਰਹੱਦ ’ਤੇ ਕਿਸਾਨਾਂ ’ਤੇ ਹੋਏ ਹਮਲਾ ’ਤੇ ਹੋਵੇਗੀ ਚਰਚਾ

TeamGlobalPunjab
2 Min Read

ਚੰਡੀਗੜ੍ਹ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2 ਫਰਵਰੀ ਨੂੰ ਸਰਬ ਪਾਰਟੀ ਮੀਟਿੰਗ ਸੱਦੀ ਹੈ ਤਾਂ ਜੋ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਦਿੱਲੀ ਦੀਆਂ ਘਟਨਾਵਾਂ ਨੂੰ ਲੈ ਕੇ ਕਿਸਾਨ ਅੰਦੋਲਨ ਸਬੰਧੀ ਅਖ਼ਤਿਆਰ ਕੀਤੇ ਜਾਣ ਵਾਲੇ ਅਗਲੇ ਰਾਹ ਲਈ ਆਮ ਸਹਿਮਤੀ ਬਣਾਈ ਜਾ ਸਕੇ। ਇਸ ਦੌਰਾਨ ਭਲਕੇ ਪੰਜਾਬ ਕੈਬਨਿਟ ਦੀ ਸ਼ਾਮ 4 ਵਜੇ ਮੀਟਿੰਗ ਹੋਵੇਗੀ।

ਦੱਸ ਦਈਏ ਕੈਪਟਨ ਸਰਕਾਰ ਨੇ ਖੇਤੀ ਕਾਨੂੰਨਾਂ ਦੇ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਵੀਡੀਓ ਕਾਨਫਰੰਸਿੰਗ ਜ਼ਰੀਏ ਸਰਬ ਪਾਰਟੀ ਮੀਟਿੰਗ ਕੀਤੀ ਸੀ, ਪਰ ਕੱਲ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਆਹਮੋ-ਸਾਹਮਣੇ ਹੋਵੇਗੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਰਬ ਪਾਰਟੀ ਮੀਟਿੰਗ 2 ਫਰਵਰੀ ਨੂੰ ਸਵੇਰੇ 11 ਵਜੇ ਪੰਜਾਬ ਭਵਨ ‘ਚ ਹੋਵੇਗੀ, ਜਿਸ ‘ਚ ਮੌਜੂਦਾ ਕਿਸਾਨ ਅੰਦੋਲਨ ਤੋਂ ਪੈਦਾ ਹੋਣ ਵਾਲੇ ਘਟਨਾਕ੍ਰਮ ਖਾਸ ਕਰਕੇ ਗਣਤੰਤਰ ਦਿਵਸ ਮੌਕੇ ਵਾਪਰੀ ਹਿੰਸਾ, ਸਿੰਘੂ ਸਰਹੱਦ ਉਪਰ ਕਿਸਾਨਾਂ ’ਤੇ ਹਮਲਾ ਤੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਵਰਗੇ ਅਹਿਮ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਇਸਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਦੋ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਆਪਣੀਆਂ ਜਾਨਾਂ ਵਾਰ ਰਹੇ ਹਨ। ਪੁਲੀਸ ਵੱਲੋਂ ਉਨ੍ਹਾਂ ਦੀ ਕੁੱਟਮਾਰ ਅਤੇ ਗੁੰਡਿਆਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਇੰਟਰਨੈੱਟ ਜਿਹੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਰੱਖ ਕੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਂ ਆਪਣੀ ਹਊਮੈ ਪਾਲਣ ਦਾ ਨਹੀਂ, ਸਗੋਂ ਆਪਣੇ ਸੂਬੇ ਤੇ ਲੋਕਾਂ ਨੂੰ ਬਚਾਉਣ ਲਈ ਇਕਜੁੱਟ ਹੋਣ ਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ, ਲਿਹਾਜ਼ਾ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਸਾਰੀਆਂ ਪਾਰਟੀਆਂ ਇਕ ਮੰਚ ’ਤੇ ਆ ਕੇ ਇਸ ਮਸਲੇ ’ਤੇ ਸਾਂਝੀ ਰਣਨੀਤੀ ਉਲੀਕਣ। ਮੁੱਖ ਮੰਤਰੀ ਨੇ ਉਮੀਦ ਜ਼ਾਹਿਰ ਕੀਤੀ ਕਿ ਪੰਜਾਬ ਦੀਆਂ ਸਮੂਹ ਸਿਆਸੀ ਧਿਰਾਂ ਇਸ ਸਮੱਸਿਆ ਦਾ ਹੱਲ ਲੱਭਣ ਲਈ ਆਪਣੇ ਵਖਰੇਵੇਂ ਲਾਂਭੇ ਰੱਖਣਗੀਆਂ ਕਿਉਂ ਜੋ ਇਹ ਮਸਲਾ ਹਰੇਕ ਪੰਜਾਬੀ ਨਾਲ ਵਾਸਤਾ ਰੱਖਦਾ ਹੈ।

Share this Article
Leave a comment