ਇਨਕਲਾਬੀ ਯੋਧਾ ਕਾਮਰੇਡ ਚੀ ਗੁਵੇਰਾ

TeamGlobalPunjab
4 Min Read

-ਅਵਤਾਰ ਸਿੰਘ

ਮਹਾਨ ਇਨਕਲਾਬੀ ਯੋਧੇ ਚੀ ਗੁਵੇਰਾ ਦਾ ਜਨਮ 14 ਜੂਨ 1928 ਨੂੰ ਸ਼ਹਿਰ ਰੋਜੇਰੀਉ,ਅਰਜਨਟਾਇਨਾ ਵਿੱਚ ਡਾਨ ਅਰਨੈਸਟੋ ਗਵੇਰਾ ਲਿੰਚ ਦੇ ਘਰ ਹੋਇਆ।ਉਸ ਦੇ ਪਿਤਾ ਦਾ ਕਹਿਣਾ ਸੀ ਕਿ ਆਰਥਿਕ ਹਾਲਤ ਕਮਜੋਰ ਹੋਣ ਦੇ ਬਾਵਜੂਦ ਉਹ ਆਪਣੇ ਪੰਜਾਂ ਬਚਿਆਂ ਨੂੰ ਉਚੇਰੀ ਵਿਦਿਆ ਦਿਵਾਉਣ ਵਿੱਚ ਸਫਲ ਰਿਹਾ।ਮੈਨੂੰ ਸਭ ਤੋਂ ਵੱਧ ਮਾਣ ਆਪਣੇ ਪੁੱਤਰ ਅਰਨੈਸਟੋ ਚੀ ਗੁਵੇਰਾ ਤੇ ਹੈ ਜਿਸਨੂੰ ਮੈਂ ‘ਟਿਟੀ’ ਨਾਂ ਨਾਲ ਬੁਲਾਉਂਦਾ ਸੀ, ਉਹ ਇਕ ਸੱਚਾ ਮਨੁੱਖ ਤੇ ਅਸਲੀ ਯੋਧਾ ਸੀ।ਬਚਪਨ ਤੋਂ ਹੀ ਦਮੇ ਦਾ ਰੋਗੀ ਹੋਣ ਕਾਰਣ ਉਸਨੇ ਡਾਕਟਰ ਬਣਨ ਦਾ ਫੈਸਲਾ ਕਰ ਲਿਆ। ਅਰਜਨਟਾਇਨਾ ਦੀ ਰਾਜਧਾਨੀ ਤੋਂ ਡਾਕਟਰੀ ਦੀ ਡਿਗਰੀ ਹਾਸਲ ਕੀਤੀ ਤੇ ਪੜਾਈ ਦੌਰਾਨ 1953 ਵਿੱਚ ਉਹ ਇਕ ਸਾਥੀ ਨਾਲ ਮੋਟਰਸਾਇਕਲ ਤੇ ਕੋਲੰਬੀਆ, ਪੀਰੂ, ਚਿਲੀ ਤੇ ਵੈਨਜੂਏਲਾ ਗਿਆ।ਅਗਲੇ ਸਾਲ ਉਸਨੇ ਬੋਲੀਵੀਆ,ਏਕੁਆਡੋਰ, ਕੋਲੰਬੀਆਂ, ਕੋਸਟਰੀਕਾ, ਪਨਾਮਾ ਵਰਗੇ ਲਤੀਨੀ ਅਮਰੀਕੀ ਦੇਸ਼ਾਂ ਦਾ ਦੌਰਾ ਕੀਤਾ।ਉਥੋਂ ਦੇ ਲੋਕਾਂ ਦੀ ਗਰੀਬੀ ਤੇ ਦੁੱਖ ਦਰਦ ਵੇਖਕੇ ਕੁਝ ਕਰਨ ਦਾ ਫੈਸਲਾ ਕੀਤਾ।

ਗੁਆਟੇਮਾਲਾ ਦੀ ਸਰਕਾਰ ਜੋ ਅਮਰੀਕਾ ਦੀ ਵਿਰੋਧੀ ਸੀ ਉਸ ਵਿੱਚ ਨੌਕਰੀ ਕਰ ਲਈ।ਅਮਰੀਕੀਆਂ ਨੇ ਰਾਜਧਾਨੀ ਤੇ ਬੰਬਾਂ ਨਾਲ ਹਮਲਾ ਕਰ ਦਿੱਤਾ ਤੇ ਚੀ ਗਵੇਰਾ ਨੇ ਪੂਰੀ ਮਦਦ ਕੀਤੀ।ਫਿਰ ਉਹ ਮੈਕਸੀਕੋ ਵਿੱਚ ਦਿਲ ਦੇ ਰੋਗਾਂ ਦੇ ਹਸਪਤਾਲ ਨੌਕਰੀ ਕਰਨ ਲੱਗ ਪਿਆ।ਜਦ ਉਸਨੂੰ ਪਤਾ ਲੱਗਾ ਕਿ ਕਿਉਬਾ ਵਿੱਚ ਫੀਡਲ ਕਾਸਟਰੋ ਇਨਕਲਾਬ ਦੀ ਜੰਗ ਲੜ ਰਿਹਾ ਹੈ ਤਾਂ ਉਹ ਉਸਦਾ ਸਾਥੀ ਬਣ ਗਿਆ।ਉਹ ਫੀਡਲ ਕਾਸਟਰੋ ਦੇ ਨਾਲ ਉਨਾਂ 81 ਸਾਥੀਆਂ ਵਿੱਚ ਸ਼ਾਮਲ ਸੀ ਜੋ ਬੇੜੀ ਰਾਂਹੀ 25-11-1956 ਨੂੰ ਕਿਉਬਾ ਵਿੱਚ ਦਾਖਲ ਹੋਣ ਦਾ ਯਤਨ ਕਰ ਰਹੇ ਸਨ ਪਰ ਕਿਉਬਾ ਦੇ ਤਾਨਸ਼ਾਹ ਬਾਤਸਿਤਾ ਦੀਆਂ ਫੌਜਾਂ ਨੇ ਕੰਢੇ ਲਾਗੇ ਪਹੁੰਚਣ ਤੇ ਹਵਾਈ ਹਮਲਾ ਕਰ ਦਿਤਾ।ਉਨਾਂ ਵਿੱਚੋਂ ਸਿਰਫ 12 ਹੀ ਜਿਉਦੇ ਸਾਥੀ ਉਥੋਂ ਪਹਾੜੀਆਂ ਉਤੇ ਚੜਨ ਵਿੱਚ ਸਫਲ ਹੋਏ ਜਿਨਾਂ ਵਿੱਚ ਚੀ ਗੁਵੇਰਾ,ਫੀਡਲ ਕਾਸਟਰੋ ਤੇ ਉਸਦਾ ਭਰਾ ਰਾਉਲ ਵੀ ਸ਼ਾਮਲ ਸੀ।ਇਥੇ ਲੜਦਿਆਂ ਛੇ ਵਾਰ ਚੀ ਗੁਵੇਰਾ ਜਖ਼ਮੀ ਹੋਏ।

2 ਜੂਨ 1959 ਨੂੰ ਇਨਕਲਾਬੀ ਸਾਥਣ ਅਲਏਡਾ ਮਾਰਚ ਨਾਲ ਵਿਆਹ ਹੋਇਆ।ਉਨਾਂ ਦੇ ਚਾਰ ਬੱਚੇ ਹੋਏ।1959 ਨੂੰ ਕਿਉਬਾ ਵਿੱਚ ਇਨਕਲਾਬ ਹੋਣ ਤੇ ਚੀ ਗੁਵੇਰਾ ਨੂੰ ਦੋ ਨੰਬਰ ਦਾ ਸਨਅਤ ਮੰਤਰੀ ਬਣਾਇਆ ਗਿਆ ਪਰ ਉਹ ਮੰਤਰੀ ਦੀ ਕੁਰਸੀ ਤੇ ਇਕ ਦਿਨ ਵੀ ਨਾ ਬੈਠਾ,ਹਮੇਸ਼ਾਂ ਲੋਕਾਂ ਵਿੱਚ ਰਿਹਾ।ਪੰਜ ਸਾਲਾਂ ਦੌਰਾਨ ਰੂਸ,ਚੀਨ,ਕੋਰੀਆ, ਚੈਕਲੋਸਵਕੀਆ ਤੇ ਜਰਮਨ ਸਮੇਤ ਕਈ ਦੇਸ਼ਾਂ ਵਿੱਚ ਗਿਆ।ਯੂ ਐਨ ਓ ਤੇ ਅਮਰੀਕਾ ਵਿੱਚ ਭਾਸ਼ਣ ਦਿੱਤੇ।ਕਿਉਬਾ ਨੂੰ ਇਨਕਲਾਬ ਦੇ ਰਾਹ ਪੱਕਾ ਕਰਕੇ ਉਹ 14/3/1965 ਨੂੰ ਅਚਾਨਕ ਅੰਡਰ ਗਰਾਉਂਡ ਹੋ ਗਿਆ।ਲੋਕਾਂ ਨੇ ਪੁਛਿਆ ਕਿ ਚੀ ਗੁਵੇਰਾ ਕਿਥੇ ਹੈ ? ਤਾਂ ਕਾਸਟਰੋ ਨੇ ਕਿਹਾ ਕਿ ਉਹ ਜਿਥੇ ਵੀ ਹੋਵੇਗਾ ਉਥੇ ਹੀ ਇਨਕਲਾਬ ਲਈ ਕੰਮ ਕਰ ਰਿਹਾ ਹੋਵੇਗਾ।3 ਅਕਤੂਬਰ 1965 ਨੂੰ ਕਾਸਟਰੋ ਨੇ ਉਸਦੀ ਚਿੱਠੀ ਪੜ੍ਹ ਕੇ ਲੋਕਾਂ ਨੂੰ ਦੱਸਿਆ ਕਿ ਉਹ ਬੋਲੀਵੀਆ ਦੇਸ਼ ਦੇ ਜੰਗਲਾਂ ਵਿੱਚ ੳਹ ਗੁਰੀਲਿਆਂ ਨੂੰ ਯੁੱਧ ਲੜਨ ਲਈ ਜਥੇਬੰਦ ਕਰ ਰਿਹਾ ਹੈ।ਉਸਨੇ ਕਿਹਾ’ਜੇ ਮੈਂ ਲੜਾਈ ਵਿੱਚ ਲੜਦਾ ਮਾਰਿਆ ਗਿਆ ਤਾਂ ਅੰਤ ਸਮੇਂ ਵੀ ਮੈਂ ਇਨਕਲਾਬ ਬਾਰੇ ਸੋਚ ਰਿਹਾ ਹੋਵਾਂਗਾ।” 8/10/1967 ਨੂੰ ਬੋਲੀਵੀਆ ਦੀ ਯੂਰੋ ਖੱਡ ਵਿੱਚ ਜਖ਼ਮੀ ਹੋਣ ਤੇ ਫੜ ਲਿਆ ਗਿਆ।ਬੋਲੀਵੀਆ ਸੈਨਿਕਾਂ ਨੇ ਅਗਲੇ ਦਿਨ ਹਿਗਏਰਾ ਪਿੰਡ ਵਿੱਚ ਪਹਿਲਾਂ ਉਸਨੂੰ ਪੁਛਿਆ, “ਕੀ ਤੂੰ ਆਪਣੀ ਅਮਰਤਾ (ਅਮਰ ਹੋਣ ਬਾਰੇ) ਸੋਚ ਰਿਹਾ ਹੈਂ ? ਉਸਨੇ ਜੁਆਬ ਦਿੱਤਾ, “ਨਹੀਂ, ਮੈਂ ਇਨਕਲਾਬ ਦੀ ਅਮਰਤਾ ਬਾਰੇ ਸੋਚ ਰਿਹਾ ਹਾਂ।” ਉਸ ਤੋਂ ਬਾਅਦ ਨੌਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਉਸਦੇ ਹੱਥ ਕੱਟ ਦਿੱਤੇ।ਇਹ ਹੱਥ ਅਜੇ ਵੀ ਕਿਊਬਾ ਦੇ ਲੋਕਾਂ ਨੇ ਆਪਣੇ ਹੀਰੋ ਨੂੰ ਪ੍ਰਣਾਮ ਕਰਨ ਵਾਸਤੇ ਸਾਂਭ ਕੇ ਰੱਖੇ ਹੋਏ ਹਨ।ਉਸਦੀ ਸ਼ਹਾਦਤ ਵਾਲੇ ਦਿਨ ਕਿਊਬਾ ਵਿੱਚ ਛੁੱਟੀ ਕੀਤੀ ਜਾਂਦੀ ਹੈ।ਉਸਨੂੰ ਪਿਆਰ ਨਾਲ ਚੀ ਗੁਵੇਰਾ ਦੀ ਥਾਂ ਛੀ ਗੁਵੇਰਾ ਕਹਿ ਕੇ ਯਾਦ ਕੀਤਾ ਜਾਂਦਾ ਹੈ।

- Advertisement -

Share this Article
Leave a comment