Home / ਓਪੀਨੀਅਨ / ਪੰਚਮ ਪਾਤਸ਼ਾਹ ਜੀ ਦੀ ਬਾਣੀ ਵਿੱਚ ਸੰਸਾਰਕ ਮੋਹ ਮਾਇਆ ਪ੍ਰਤੀ ਨਿਰਲੇਪਤਾ

ਪੰਚਮ ਪਾਤਸ਼ਾਹ ਜੀ ਦੀ ਬਾਣੀ ਵਿੱਚ ਸੰਸਾਰਕ ਮੋਹ ਮਾਇਆ ਪ੍ਰਤੀ ਨਿਰਲੇਪਤਾ

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਤੇ ਨਿਮਰਤਾ ਦੇ ਪੁੰਜ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਚਨਹਾਰੇ ਪੰਜਵੇਂ ਨਾਨਕ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਉਹ ਪਹਿਲੇ ਸਿੱਖ ਗੁਰੂ ਸਨ ਜਿਨ੍ਹਾ ਨੇ ਧਰਮ ਹੇਤ ਸ਼ਹੀਦੀ ਦਿੱਤੀ ਸੀ। ਆਪ ਜੀ ਨੇ ਲਗਪਗ 25 ਵਰ੍ਹੇ ਗੁਰਗੱਦੀ ‘ਤੇ ਬਿਰਾਜਮਾਨ ਰਹਿ ਕੇ ਸਿੱਖ ਪੰਥ ਨੂੰ ਇੱਕ ਨਵੀਂ ਦਿਸ਼ਾ ਤੇ ਦਸ਼ਾ ਪ੍ਰਦਾਨ ਕੀਤੀ ਸੀ। ਆਪ ਜੀ ਨੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਨੂੰ ਸੰਪੂਰਨ ਕਰਵਾਇਆ ਸੀ ਤੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ, ਭਗਤਾਂ, ਭੱਟਾਂ ਤੇ ਹੋਰ ਸੰਤਾਂ ਮਹਾਂਪੁਰਖਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਕਰਵਾਇਆ ਸੀ। ‘ਦਸਵੰਧ’ ਦਾ ਸੰਕਲਪ ਦੇ ਕੇ ਆਪ ਜੀ ਨੇ ਹੀ ਮਸੰਦ ਪ੍ਰਣਾਲੀ ਵਿੱਚ ਸੁਧਾਰ ਲਿਆਂਦੇ ਸਨ। ਆਪ ਜੀ ਨੇ ਬਾਦਸ਼ਾਹ ਜਹਾਂਗੀਰ ਦੀ ਈਨ ਨਹੀਂ ਮੰਨੀ ਸੀ ਤੇ ਆਪਣੇ ਸਬਰ ਦੇ ਨਾਲ ਉਸਦੇ ਜਬਰ ਨੂੰ ਬੇਵੱਸ ਕਰ ਵਿਖਾਇਆ ਸੀ।

ਅਨੇਕਾਂ ਸ਼ਰੀਰਕ ਤਸੀਹੇ ਵੀ ਆਪ ਜੀ ਨੂੰ ਆਤਮਿਕ ਤੇ ਨੈਤਿਕ ਤੌਰ ‘ਤੇ ਕਮਜ਼ੋਰ ਨਹੀਂ ਕਰ ਪਾਏ ਸਨ ਤੇ ਅੰਤ ਆਪ ਜੀ ਸੰਨ 1606 ਨੂੰ ਆਪਣਾ ਪੰਜ ਭੂਤਕ ਚੋਲਾ ਤਿਆਗ ਕੇ ਇਸ ਨਾਸ਼ਮਾਨ ਸੰਸਾਰ ਤੋਂ ਪਿਆਨਾ ਕਰ ਗਏ ਸਨ। ਆਪ ਜੀ ਦੀ ਅੰਮ੍ਰਿਤਮਈ ਬਾਣੀ ਆਪ ਜੀ ਦੇ ਜੀਵਨ ਵਿਚਲੀ ਸ਼ਾਂਤੀ, ਨਿਮਰਤਾ, ਦਇਆ, ਸੇਵਾ ਭਾਵਨਾ ਅਤੇ ਪਰਮੇਸ਼ਰ ਪ੍ਰਤੀ ਅਸੀਮ ਆਸਥਾ ਨਾਲ ਅੱਖਰ ਅੱਖਰ ਲਬਰੇਜ਼ ਹੈ। ਸੰਸਾਰਕ ਮੋਹ ਮਾਇਆ ਦੇ ਬੰਧਨਾਂ ਵਿੱਚ ਫਸ ਕੇ ਸਰਬ ਸੁੱਖਾਂ ਦੇ ਦਾਤੇ ਪਰਮਾਤਮਾ ਨੂੰ ਭੁੱਲ ਬੈਠੇ ਮਨੁੱਖ ਲਈ ਗੁਰੂ ਸਾਹਿਬ ਨੇ ਜੋ ਉਪਦੇਸ਼ ਕੀਤੇ ਹਨ, ਆਓ ਰਤਾ ਉਨ੍ਹਾ ‘ਤੇ ਵਿਚਾਰ ਕਰੀਏ : –

ਪੰਚਮ ਪਾਤਸ਼ਾਹ ਜੀ ਮੰਨਦੇ ਸਨ ਕਿ ਮਾਇਆ ਦੇ ਲਾਲਚਵੱਸ ਹੋ ਕੇ ਮਨੁੱਖ ਪਾਪ ਕਰਮ ਕਰਦਾ ਹੈ ਤੇ ਮਾਇਆ ਅਤੇ ਹੋਰ ਦੁਨਿਆਵੀ ਪੱਖੋਂ ਕੀਮਤੀ ਪਦਾਰਥ ਭਾਰੀ ਸੰਖਿਆ ਵਿੱਚ ਜਮ੍ਹਾ ਕਰ ਲੈਂਦਾ ਹੈ। ਉਹ ਇਹ ਸਮਝ ਬੈਠਦਾ ਹੈ ਕਿ ਸੁੱਖ ਕੀਮਤੀ ਪਦਾਰਥਾਂ ਵਿੱਚ ਲੁਕਿਆ ਹੁੰਦਾ ਹੈ। ਉਹ ਪਦਾਰਥਾਂ ‘ਤੇ ਫੋਕਾ ਹੰਕਾਰ ਕਰਦਾ ਹੈ ਤੇ ਮਾਇਆ ਖ਼ਾਤਿਰ ਛਲ-ਫ਼ਰੇਬ ਕਰਦਾ ਰਹਿੰਦਾ ਹੈ ਪਰ ਅੰਤ ਸਮੇਂ ਜਦ ਇਸ ਸੰਸਾਰ ਤੋਂ ਵਿਦਾ ਹੁੰਦਾ ਹੈ ਤਾਂ ਸਭ ਕੀਮਤੀ ਬਸਤਰ ਤੇ ਹੋਰ ਪਦਾਰਥ ਧਰੇ ਧਰਾਏ ਰਹਿ ਜਾਂਦੇ ਹਨ। ਆਪ ਜੀ ਦਾ ਬਚਨ ਹੈ :

ਕਰਿ ਕਰਿ ਪਾਪ ਦਰਬੁ ਕੀਆ, ਵਰਤਣ ਕੈ ਭਾਈ

ਮਾਟੀ ਸਿਉ ਮਾਟੀ ਰਲੀ,ਨਾਗਾ ਉਠਿ ਜਾਈ। (ਅੰਗ 809)

ਅਤੇ

ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ

ਦ੍ਰਿਸ਼ਟਮਾਨ ਸਭੁ ਬਿਨਸੀਐ, ਕਿਆ ਲਗਹਿ ਗਵਾਰ। (ਅੰਗ 808)

ਗੁਰੂ ਸਾਹਿਬ ਮੰਨਦੇ ਹਨ ਕਿ ਸੰਸਾਰਕ ਪਦਾਰਥਾਂ ਦਾ ਮੋਹ ਮਨੁੱਖ ਨੂੰ ਹਲਕਾਏ ਹੋਏ ਕੁੱਤੇ ਵਰਗਾ ਬਣਾ ਦਿੰਦਾ ਹੈ। ਉਸਨੂੰ ਵੱਡੇ-ਛੋਟੇ ਤੇ ਭਲੇ-ਬੁਰੇ ਦੀ ਸਮਝ ਭੁੱਲ ਜਾਂਦੀ ਹੈ ਤੇ ਮਾਇਆ ਦੀ ਪ੍ਰਾਪਤੀ ਖ਼ਾਤਿਰ ਉਹ ਦਸਾਂ ਦਿਸ਼ਾਵਾਂ ਵਿੱਚ ਭੱਜਿਆ ਫਿਰਦਾ ਹੈ ਤੇ ਚੰਗਾ-ਮੰਦਾ ਸਭ ਕੁਝ ਖਾਈ ਤੇ ਪੀਵੀ ਜਾਂਦਾ ਹੈ ਭਾਵ ਮਾਇਆ ਦੇ ਲੋਭ ਵਿੱਚ ਅੰਨ੍ਹਾ-ਬੋਲਾ ਹੋ ਜਾਂਦਾ ਹੈ। ਉਸਨੂੰ ਪਰਮੇਸ਼ਰ ਪੂਰੀ ਤਰ੍ਹਾਂ ਭੁੱਲ ਜਾਂਦਾ ਹੈ। ਆਪ ਜੀ ਫ਼ੁਰਮਾਉਂਦੇ ਹਨ :

ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ

ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ। (ਅੰਗ 50)

ਪੰਜਵੇਂ ਨਾਨਕ ਜੀ ਦੀ ਸੋਚ ਸੀ ਕਿ ਪੂਜਾ, ਪਾਠ, ਤਪ, ਤੀਰਥ ਇਸ਼ਨਾਨ ਆਦਿ ਕਰਮਕਾਂਡ ਕਰਕੇ ਮਨੁੱਖ ਸਮਝਦਾ ਹੈ ਕਿ ਉਹ ਭਗਤੀ ਕਰ ਰਿਹਾ ਹੈ ਤੇ ਅਜਿਹੀ ਭਗਤੀ ਨਾਲ ਉਹ ਪਰਮਾਤਮਾ ਨੂੰ ਪ੍ਰਸੰਨ ਕਰ ਲਵੇਗਾ ਪਰ ਉਹ ਨਹੀਂ ਜਾਣਦਾ ਕਿ ਪਰਮਾਤਮਾ ਕਰਮਕਾਂਡਾਂ ਨਾਲ ਨਹੀਂ ਪ੍ਰਸੰਨ ਹੁੰਦਾ ਸਗੋਂ ਨਿਰਛਲ ਹਿਰਦੇ ਨਾਲ ਨਾਮ ਜਪਣ ਤੇ ਨਿਸ਼ਕਾਮ ਭਾਵ ਨਾਲ ਸੇਵਾ ਕਰਨ ਨਾਲ ਹੀ ਉਸਦੀ ਨਜ਼ਰ ‘ਚ ਪ੍ਰਵਾਨ ਹੋਇਆ ਜਾ ਸਕਦਾ ਹੈ। ਗੁਰੂ ਸਾਹਿਬ ਦਾ ਕਥਨ ਹੈ :

ਹੋਮ ਜਗ,ਉਰਧ ਤਪ, ਪੂਜਾ ਕਸਟਿ ,ਤੀਰਥ ਇਸਨਾਨੁ ਕਰੀਜਾ

ਚਰਨ ਕਮਲ ਨਿਮਖ ਰਿਦੈ ਧਾਰੈ,ਗੋਬਿੰਦ ਜਪਤ ਸਭਿ ਕਾਰਜ ਸਾਰੇ। (ਅੰਗ 1349)

ਸਮੁੱਚੀ ਗੁਰਬਾਣੀ ਮਨੁੱਖ ਨੂੰ ਕਾਮ, ਕ੍ਰੋਧ, ਲੋਭ,ਮੋਹ,ਹੰਕਾਰ ਤੋਂ ਨਿਰਲੇਪ ਰਹਿ ਕੇ ਪਭੂ ਨਾਮ ਸਿਮਰਨ ਨਾਲ ਜੁੜਨ ਤੇ ਆਪਣਾ ਜਨਮ ਸਫ਼ਲਾ ਕਰਨ ਦਾ ਉਪਦੇਸ਼ ਕਰਦੀ ਹੈ ਤੇ ਇਸੇ ਪ੍ਰਥਾਇ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਬਚਨ ਹਨ :-

ਅੰਤਰਿ ਅਲਖੁ ਨ ਜਾਈ ਲਖਿਆ,ਵਿਚਿ ਪੜਦਾ ਹਓਮੈ ਪਾਈ। (ਅੰਗ 205)

ਅਤੇ

ਐਸਾ ਹਰਿ ਧਨੁ ਸੰਚੀਐ ਭਾਈ

ਭਾਹਿ ਨ ਜਾਲੈ,ਜਲਿ ਨਹੀ ਡੂਬੈ,

ਸੰਗੁ ਛੋਡਿ ਕਿਰ ਕਤਹੁ ਨਾ ਜਾਈ। (ਅੰਗ 375)

ਅਤੇ

ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ।

ਕੋਟਿ ਜੋਰੇ ਲਾਖ ਕ੍ਰੋਰੇ,ਮਨੁ ਨ ਹੋਰੇ,

ਪਰੈ ਪਰੈ ਹੀ ਕਉ ਲੁਝੀ ਹੇ। (ਅੰਗ 213)

ਬਾਣੀ ਤੇ ਸੇਵਾ ਦੇ ਪੁੰਜ ਪੰਚਮ ਗੁਰੂ ਜੀ ਸਦਕਰਮ ਕਰਨ ਦਾ ਸਦਾ ਹੀ ਉਪਦੇਸ਼ ਕਰਿਆ ਕਰਦੇ ਸਨ। ਆਪ ਜੀ ਮੰਨਦੇ ਸਨ ਕਿ ਸ਼ੁੱਧ ਹਿਰਦਾ ਤੇ ਸ਼ੁਭ ਕਰਮ ਹੀ ਮੁਕਤੀ ਦੇ ਮਾਰਗ ਵੱਲ ਲਿਜਾਂਦੇ ਹਨ। ਮਨੁੱਖ ਨੂੰ ਪਾਪ ਕਰਮ ਕਰਨ ਤੋਂ ਵਰਜਦਿਆਂ ਆਪ ਜੀ ਨੇ ਕਿਹਾ ਸੀ :-

ਸੋ ਕਿਛੁ ਕਰਿ,ਜਿਤੁ ਮੈਲ ਨ ਲਾਗੇ। (ਅੰਗ 199)

ਅਤੇ

ਸੁਕ੍ਰਿਤ ਕੀਜੈ,ਨਾਮੁ ਲੀਜੈ , ਨਰਕਿ ਮੂਲਿ ਨ ਜਾਈਐ। (ਅੰਗ 461)

ਸਾਦਗੀ ਤੇ ਨਿਮਰਤਾ ਦੀ ਮੂਰਤ ਸ੍ਰੀ ਗੁਰੂ ਅਰਜਨ ਦੇਵ ਜੀ ਮਨੁੱਖ ਨੂੰ ਸੱਚੇ ਸੁੱਖ ਦੀ ਪਰਿਭਾਸ਼ਾ ਸਮਝਾਉਂਦਿਆਂ ਹੋਇਆਂ ਦੱਸਦੇ ਹਨ ਕਿ ਸੁੱਖ ਦੁਨਿਆਵੀ ਪਦਾਰਥਾਂ ‘ਚ ਤਾਂ ਹਰਗਿਜ਼ ਵੀ ਨਹੀਂ ਹੈ ਤੇ ਜੋ ਮਾੜਾ-ਮੋਟਾ ਦੁਨਿਆਵੀ ਸੁੱਖ ਹੈ ਵੀ ਤੇ ਉਹ ਵੀ ਥੋੜ-ਚਿਰ੍ਹਾ ਹੀ ਹੈ। ਸੱਚਾ ਤੇ ਸਦੀਵੀ ਸੁੱਖ ਪ੍ਰਾਪਤ ਕਰਨ ਦਾ ਮਾਰਗ ਦਰਸਾਉਂਦਿਆਂ ਹੋਇਆਂ ਆਪ ਜੀ ਫ਼ੁਰਮਾਉਂਦੇ ਹਨ :-

ਸੁਖੁ ਨਾਹੀ ਬਹੁਤੈ ਧਨਿ ਖਾਟੇ,ਸੁਖੁ ਨਾਹੀ ਪੇਖੇ ਨਿਰਤਿ ਨਾਟੇ

ਸੁਖੁ ਨਾਹੀ ਬਹੁ ਦੇਸ ਕਮਾਏ,ਸਰਬ ਸੁਖਾ ਹਰਿ ਹਰਿ ਗੁਣ ਗਾਏ। (ਅੰਗ 1147)

ਅਤੇ

ਭਲੀ ਸੁਹਾਣੀ ਛਾਪਰੀ,ਜਾ ਮਹਿ ਗੁਨ ਗਾਏ,

ਕਿਤਹੀ ਕਾਮਿ ਨ ਧਉਲਹਰ,ਜਿਤੁ ਹਰਿ ਬਿਸਰਾਏ। (ਅੰਗ 745)

ਅਤੇ

ਬਿਨਸਿ ਜਾਇ ਜੋ ਨਿਮਖ ਮਹਿ,ਸੋ ਅਲਪ ਸੁਖੁ ਭਨੀਐ। (ਅੰਗ 677)

ਅੰਤ ਵਿੱਚ ਇਹ ਕਹਿਣਾ ਬਣਦਾ ਹੈ ਕਿ ਗੁਰੂ ਸਾਹਿਬ ਨੇ ਮਨੁੱਖ ਨੂੰ ਸਾਰੇ ਪਾਪ ਕਰਮ ਤੇ ਮੰਦੀ ਸੋਚ ਤਿਆਗ ਕੇ ਨਿਸ਼ਕਪਟੀ ਹਿਰਦੇ ਨਾਲ ਉਸ ਵਾਹਿਗੁਰੂ ਦੀ ਉਸਤਤਿ ਕਰਨ ਦੇ ਨਾਲ ਨਾਲ ਲੋਕਾਈ ਦੇ ਭਲੇ ਲਈ ਸੇਵਾ ਦਾ ਸੰਕਲਪ ਪੂਰਾ ਕਰਨ ਲਈ ਸਦਾ ਹੀ ਪ੍ਰੇਰਿਤ ਕੀਤਾ ਸੀ। ਆਪ ਜੀ ਮੰਨਦੇ ਸਨ ਕਿ ਮਨੁੱਖ ਜਦੋਂ ਪੂਰੀ ਤਰ੍ਹਾਂ ਸਮਰਪਿਤ ਤੇ ਆਤਮਿਕ ਪੱਖੋਂ ਸੁੱਚਾ ਹੋ ਕੇ ਪ੍ਰਭੂ ਭਗਤੀ ਦੇ ਮਾਰਗ ‘ਤੇ ਨਹੀਂ ਚੱਲੇਗਾ ਓਨਾ ਚਿਰ ਤੱਕ ਉਹ ਇਸ ਸੰਸਾਰ ਵਿੱਚ ਆਉਣ ਦਾ ਆਪਣਾ ਪ੍ਰਯੋਜਨ ਭਾਵ ਉਦੇਸ਼ ਸਿੱਧ ਨਹੀਂ ਕਰ ਪਾਏਗਾ ਤੇ ਫਿਰ ਲੱਖਾਂ ਜੂਨਾਂ ਦੀ ਭਟਕਣਾ ਵਿੱਚ ਪੈ ਜਾਏਗਾ। ਆਪ ਜੀ ਮੰਨਦੇ ਸਨ ਕਿ ਮਨੁੱਖ ਨੂੰ ਸੰਸਾਰਕ ਮੋਹ ਮਾਇਆ ਦੀ ਝਾਕ ਛੱਡ ਕੇ ਕੇਵਲ ਪਰਮੇਸ਼ਰ ਪ੍ਰੇਮ ਦੀ ਮੰਗ ਕਰਨ ਚਾਹੀਦੀ ਹੈ ਜੋ ਉਸਨੂੰ ਪਰਮ ਅਨੰਦ ਦੀ ਪ੍ਰਾਪਤੀ ਕਰਵਾ ਸਕਦਾ ਹੈ। ਆਪ ਜੀ ਦੇ ਬਚਨ ਹਨ :-

ਰਾਜ ਨ ਚਾਹਉ, ਮੁਕਤਿ ਨਾ ਚਾਹਉ, ਮਨ ਪ੍ਰੀਤਿ ਚਰਨ ਕਮਲਾਰੇ। (ਅੰਗ 534)

ਅਤੇ

ਜਾ ਕਉ ਰਸੁ ਹਰਿ ਰਸੁ ਹੈ ਆਇਓ, ਸੋ ਅਨ ਰਸ ਨਾਹੀ ਲਪਟਾਇਓ। (ਅੰਗ 186)

ਸੰਪਰਕ: 97816-46008

Check Also

ਵਰਤਮਾਨ ਸਮਾਜ ਅਤੇ ਔਰਤਾਂ ਦੀ ਸਵੈ-ਨਿਰਭਰਤਾ

-ਸੁਖਦੀਪ ਕੌਰ ਮਾਨ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਦੂਜਿਆਂ ‘ਤੇ ਨਿਰਭਰ ਨਾ ਕਰਨਾ, ਨੂੰ ਸਵੈ-ਨਿਰਭਰਤਾ …

Leave a Reply

Your email address will not be published. Required fields are marked *