Home / ਓਪੀਨੀਅਨ / ਕੋਰੋਨਾਵਾਇਰਸ ਮਹਾਮਾਰੀ : ਹਰ ਵਰਗ ਕਰੇ ਗਰੀਬਾਂ ਤੇ ਲੋੜਵੰਦਾਂ ਦੀ ਮਦਦ

ਕੋਰੋਨਾਵਾਇਰਸ ਮਹਾਮਾਰੀ : ਹਰ ਵਰਗ ਕਰੇ ਗਰੀਬਾਂ ਤੇ ਲੋੜਵੰਦਾਂ ਦੀ ਮਦਦ

-ਅਵਤਾਰ ਸਿੰਘ

ਵਿਸ਼ਵ ਵਿਚ ਫੈਲੀ ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਸਭ ਦੇ ਦਿਲ ਹਿਲਾ ਕੇ ਰੱਖ ਦਿੱਤੇ ਹਨ। ਦੁਨੀਆਂ ਭਰ ਵਿਚ ਹੁਣ ਤੱਕ 13,38000 ਲੋਕ ਕੋਰੋਨਾ ਪੌਜ਼ਿਟਿਵ ਅਤੇ 74 ਹਜ਼ਾਰ ਮੌਤਾਂ ਦੀਆਂ ਰਿਪੋਰਟਾਂ ਹਨ। ਕੋਰੋਨਾ ਪੀੜਤ 2,75,883 ਲੋਕ ਹੁਣ ਤੱਕ ਠੀਕ ਹੋਣ ਦੀਆਂ ਵੀ ਰਿਪੋਰਟਾਂ ਹਨ। ਕੋਰੋਨਾ ਦੀ ਅਜੇ ਤੱਕ ਕੋਈ ਦਵਾਈ ਨਹੀਂ ਬਣੀ ਹੈ। ਇਸ ਦੇ ਮੱਦੇਨਜ਼ਰ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਵਿਚ ਲਗੇ ਕਰਫਿਊ ਵਿਚ ਹਰ ਕਿਸੇ ਦਾ ਮਨ ਪਸੀਜ ਰਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਇਸ ਧਰਤੀ ਉਤੇ ਕੋਈ ਭੁੱਖੇ ਪੇਟ ਨਾ ਸੌਵੇਂ। ਕੁਝ ਸਮਾਜ ਸੇਵਕਾਂ ਦੀ ਇਸ ਨਿਸ਼ਠਾ ਨੂੰ ਦੇਖਦਿਆਂ ਕੁਝ ਸਿਆਸੀ ਆਗੂ ਵੀ ਅੱਗੇ ਆਉਣ ਲੱਗੇ ਹਨ। ਸਰਕਾਰ ਵੀ ਆਪਣੇ ਪੱਧਰ ‘ਤੇ ਰਾਸ਼ਨ ਪਾਣੀ ਦਾ ਪ੍ਰਬੰਧ ਕਰ ਰਹੀ ਹੈ। ਪਰ ਇਸ ਵਿਚ ਕੋਈ ਪੱਖਪਾਤ ਨਾ ਕਰੇ। ਇਸ ਤੋਂ ਇਲਾਵਾ ਸਮਾਜ ਦਾ ਥਰਡ ਜੈਂਡਰ ਵੀ ਇਸ ਨੇਕ ਕੰਮ ਵਿਚ ਆਪਣਾ ਬਣਦਾ ਹਿੱਸਾ ਪਾਉਣ ਲਈ ਅੱਗੇ ਆਇਆ ਹੈ। ਪੰਜਾਬ ਦੇ ਬੁਢਲਾਡਾ ਵਿੱਚ ਕਿੰਨਰਾਂ ਦੇ ਵਿਹੜੇ ਗਰੀਬਾਂ ਦੀ ਭੁੱਖ ਮਿਟਾਉਣ ਲਈ ਕਰਫ਼ਿਊ ਵਾਲੇ ਦਿਨ ਤੋਂ ਚੁੱਲ੍ਹਾ ਤਪ ਰਿਹਾ ਹੈ।

ਰਿਪੋਰਟਾਂ ਮੁਤਾਬਿਕ ਇਸ ਨੇ ਹਰ ਵਾਰਡ ਵਿੱਚ ਵਸਦੇ ਗਰੀਬਾਂ ਨੂੰ ਭੋਜਨ ਦੀ ਕਮੀ ਨਹੀਂ ਆਉਣ ਦਿੱਤੀ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਚੁੱਲ੍ਹੇ ਠੰਢੇ ਹੋ ਗਏ ਲਗਦੇ ਹਨ। ਹੋ ਸਕਦਾ ਪ੍ਰਸ਼ਾਸਨ ਦੀਆਂ ਹਦਾਇਤਾਂ ’ਤੇ ਉਨ੍ਹਾਂ ਨੂੰ ਇਸ ਸੇਵਾ ਤੋਂ ਫਾਰਗ ਕਰ ਦਿੱਤਾ ਗਿਆ ਹੈ। ਬੀਤੇ 13 ਦਿਨਾਂ ਤੋਂ ਪ੍ਰਕਾਸ਼ੋ ਕਿੰਨਰ ਡੇਰੇ ਦੀ ਮਹੰਤ ਮਾਈ ਸੱਤੀ ਦੇਵੀ ਦਾ ਕਹਿਣਾ ਹੈ ਕਿ ਸ਼ਹਿਰ ਦੇ ਸੈਂਕੜੇ ਦਾਨੀ ਲੋਕਾਂ ਦੀ ਸਹਾਇਤਾ ਨਾਲ ਇਸ ਚੁੱਲ੍ਹੇ ਤੋਂ ਲੋੜਵੰਦਾਂ ਤੱਕ ਸਵੇਰੇ, ਦੁਪਹਿਰੇ ਤੇ ਸ਼ਾਮ ਨੂੰ ਲੰਗਰ ਪੁੱਜਦਾ ਕੀਤਾ ਜਾ ਰਿਹਾ ਹੈ। ਲੋੜਵੰਦ ਖੁਦ ਡੇਰੇ ਪਹੁੰਚ ਕੇ ਲੰਗਰ ਛਕ ਵੀ ਰਹੇ ਹਨ ਤੇ ਘਰ ਵੀ ਲਿਜਾ ਰਹੇ ਹਨ। ਡੇਰੇ ਨੂੰ ਰੋਜ਼ ਸੈਨੇਟਾਈਜ਼ ਕੀਤਾ ਜਾਂਦਾ ਹੈ ਤੇ ਆਲੇ ਦੁਆਲੇ ਦੀ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਸਾਬਕਾ ਕੌਂਸਲਰ ਮਹਿੰਦਰਪਾਲ ਦਾਦਾ ਦਾ ਕਹਿਣਾ ਹੈ ਕਿ ਲੋਕਾਂ ਦੇ ਸਹਿਯੋਗ ਨਾਲ ਇਸ ਔਖੇ ਦਿਨਾਂ ਵਿੱਚ ਲੋੜਵੰਦਾਂ ਦੀ ਸੇਵਾ ਜਾਰੀ ਰਹੇਗੀ।

ਰਿਪੋਰਟਾਂ ਅਨੁਸਾਰ ਪੰਜਾਬ ਵਿਚ ਹੁਣ ਤਕ ਪੌਜ਼ਿਟਿਵ ਕੇਸਾਂ ਦੀ ਗਿਣਤੀ ਵਧ ਕੇ 88 ਹੋ ਗਈ ਹੈ ਅਤੇ ਹੁਣ ਤੱਕ 7 ਮੌਤਾਂ ਹੋਈਆਂ ਹਨ। ਹਰਿਆਣਾ ਵਿਚ ਪੌਜ਼ਿਟਿਵ ਕੇਸ 96 ਹਨ ਅਤੇ 2 ਮੌਤਾਂ ਵੀ ਹੋ ਚੁੱਕੀਆਂ ਹਨ। ਚੰਡੀਗੜ੍ਹ ਵਿਚ 18 ਪੌਜ਼ਿਟਿਵ ਕੇਸ ਸਾਹਮਣੇ ਆ ਚੁੱਕੇ ਹਨ। ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਹੋਈਆਂ 5 ਮੌਤਾਂ ਨਾਲ ਅੰਕੜਾ 114, 354 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 329 ਜਣੇ ਠੀਕ ਹਹੋਣ ਦੀਆਂ ਖ਼ਬਰਾਂ ਹਨ। ਰਿਪੋਰਟਾਂ ਮੁਤਾਬਿਕ ਰਾਜਸਥਾਨ ਵਿਚ ਕੱਪੜੇ ਲਈ ਮਸ਼ਹੂਰ ਖੇਤਰ ‘ਭੀਲਵਾੜਾ’ ਵਿਚ ਹਮਲਾਵਰ ਪਲਾਨ ਉੱਤੇ ਕੰਮ ਕੀਤਾ ਗਿਆ। ਇਸ ਨੂੰ ਦੇਸ਼ ਭਰ ਲਈ ਮਾਡਲ ਬਣਾਉਣ ਦੀ ਯੋਜਨਾ ਤਿਆਰ ਕੀਤੀ ਜਾ ਸਕਦੀ ਹੈ। ਭੀਲਵਾੜਾ ਵਿਚ 27 ਪੌਜ਼ਿਟਿਵ ਮਰੀਜ਼ ਸਨ, ਜਿਨ੍ਹਾਂ ਵਿਚੋਂ 17 ਠੀਕ ਹੋ ਗਏ ਅਤੇ 9 ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਰਿਪੋਰਟਾਂ ਮੁਤਾਬਕ ਕੇਂਦਰੀ ਸਿਹਤ ਮੰਤਰਾਲਾ ਦੇਸ ਵਿਚ ਇਸ ਤਰ੍ਹਾਂ ਦੀ ਰਣਨੀਤੀ ਬਣਾਉਣ ਦੇ ਸੰਕੇਤ ਦੇ ਰਿਹਾ ਹੈ। ਭੀਲਵਾੜਾ ਵਿਚ 19 ਮਾਰਚ ਨੂੰ 2 ਪੌਜਿਟਿਵ ਕੇਸ ਆਏ ਸਨ, ਜੋ 6000 ਵਿਅਕਤੀਆਂ ਨੂੰ ਮਿਲੇ ਸਨ, ਪਰ ਸਿਹਤ ਮੰਤਰਾਲੇ ਨੇ ਇਸ ਤਰ੍ਹਾਂ ਉਪਾਅ ਕੀਤੇ ਕਿ 30 ਮਾਰਚ ਤੋਂ ਹੁਣ ਤੱਕ ਸਿਰਫ਼ ਇੱਕ ਪੌਜ਼ਿਟਿਵ ਕੇਸ ਸਾਹਮਣੇ ਆਇਆ। ਸੂਬਾ ਸਰਕਾਰ ਅਨੁਸਾਰ ਲੌਕਡਾਊਨ ਜਾਰੀ ਰਹੇਗਾ, ਪਰ ਭੀਲਵਾੜਾ ਵਿਚ ਅਪਣਾਈ ਰਣਨੀਤੀ ਦੇਸ ਲਈ ਐਂਟੀ ਕੋਰੋਨਾ ਮਾਡਲ ਬਣ ਸਕਦੀ ਹੈ।

ਕੋਰੋਨਾਵਾਇਰਸ ਕਿਵੇਂ ਫੈਲਦਾ ਹੈ : ਕੋਵਿਡ-19 ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ। ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ। ਜਦੋਂ ਦੂਜਾ ਵਿਅਕਤੀ ਇਨ੍ਹਾਂ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ। ਦੂਜੇ ਤਰੀਕੇ ਹੈ ਕਿ ਤੁਸੀਂ ਉਨ੍ਹਾਂ ਵਸਤੂਆਂ ਨੂੰ ਛੋਹ ਲਵੋ ਜਿਨ੍ਹਾਂ ਉੱਪਰ ਕਿਸੇ ਮਰੀਜ਼ ਨੇ ਛਿੱਕਿਆ ਜਾਂ ਖੰਘਿਆ ਹੋਵੇ। ਉਸ ਤੋਂ ਬਾਅਦ ਉਹੀ ਹੱਥ ਤੁਸੀਂ ਆਪਣੇ ਨੁੱਕ, ਅੱਖਾਂ ਜਾਂ ਮੂੰਹ ਨੂੰ ਲਗਾ ਲਓ। ਕੋਰੋਨਾ ਵਾਇਰਸ ਦੀ ਮਹਾਮਾਰੀ ਵਿਚ ਹਰ ਵਰਗ ਨੂੰ ਗਰੀਬਾਂ ਤੇ ਲੋੜਵੰਦਾਂ ਦੀਆ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

Check Also

ਫ਼ਲਦਾਰ ਬੂਟਿਆਂ ਵਿੱਚ ਸੂਖਮ ਤੱਤਾਂ ਦੀ ਘਾਟ

-ਡਾ.ਗੁਰਤੇਗ ਸਿੰਘ ਫ਼ਲਦਾਰ ਬੂਟਿਆਂ ਦੇ ਚੰਗੇ ਵਾਧੇ ਅਤੇ ਇਹਨਾਂ ਤੋਂ ਮਿਆਰੀ ਫ਼ਲ ਲੈਣ ਲਈ ਜ਼ਰੂਰੀ …

Leave a Reply

Your email address will not be published. Required fields are marked *