ਹਰਿਆਲੀ ਤੇ ਖੁਸ਼ਹਾਲੀ ਦੀ ਬਾਦਸ਼ਾਹਤ: ਬਸੰਤ ਰੁੱਤ

TeamGlobalPunjab
4 Min Read

-ਅਵਤਾਰ ਸਿੰਘ

ਬਸੰਤ ਰੁੱਤ ਵਿੱਚ ਖਿੜਦੇ ਵੱਖ-ਵੱਖ ਕਿਸਮ ਦੇ ਰੰਗ ਬਰੰਗੇ ਫੁੱਲ ਤੇ ਪੱਤੇ ਮਨ ਦੀ ਖੁਸ਼ੀ ਨੂੰ ਦੁੱਗਣਾ ਕਰ ਦਿੰਦੇ ਹਨ। ਸਾਲ ਦੀਆਂ ਰੁੱਤਾਂ ‘ਚੋਂ ਸਭ ਤੋਂ ਵਧੀਆ ਰੁੱਤ ਬਸੰਤ ਦੀ ਹੈ। ਇਸ ਰੁੱਤ ਵਿਚ ਸਭ ਤੋਂ ਵੱਧ ਪ੍ਰੋਗਰਾਮ ਉਲੀਕੇ ਜਾਂਦੇ ਹਨ, ਬੱਚਿਆਂ ਦੇ ਇਮਤਿਹਾਨ ਵੀ ਹੁੰਦੇ ਹਨ। ਬਸੰਤ ਰੁੱਤ ਨੂੰ ਕਈ ਲੋਕ ਸਰਸਵਤੀ ਪੂਜਾ ਜਾਂ ਸ਼੍ਰੀ ਪੰਚਮੀ ਵੀ ਕਹਿੰਦੇ ਹਨ ਅਤੇ ਵੇਦਾਂ ਵਿੱਚ ਇਸਦਾ ਸੰਬੰਧ ਸਰਸਵਤੀ ਦੇਵੀ ਨਾਲ ਦੱਸਿਆ ਜਾਂਦਾ ਹੈ ਜੋ ਹਿੰਦੂ ਮੱਤ ਵਿੱਚ ਵਿਦਿਆ, ਗਿਆਨ, ਸੰਗੀਤ ਅਤੇ ਕਲਾ ਦੀ ਦੇਵੀ ਮੰਨੀ ਜਾਂਦੀ ਹੈ।

ਬਹਾਰ ਰੁੱਤ ਨਾਲ਼ ਸੰਬੰਧਿਤ ਇਹ ਪ੍ਰਸਿੱਧ ਤਿਉਹਾਰ ਜੋ ਮਾਘ ਦੇ ਸੁਦੀ ਪੰਜ ਨੂੰ ਸਾਰੇ ਪੰਜਾਬ ਵਿੱਚ ਬੜੇ ਚਾਅ ਨਾਲ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਤੋਂ ਬਹਾਰ ਰੁੱਤ ਦਾ ਅਨੁਮਾਨ ਲਗਾਇਆ ਜਾਂਦਾ ਹੈ। ਪਿੰਡਾਂ ਤੇ ਕਸਬਿਆਂ ਵਿੱਚ ਨਿੱਕੇ ਵੱਡੇ ਮੇਲੇ ਲੱਗਦੇ ਹਨ ਤੇ ਲੋਕੀਂ ਸਰ੍ਹੋਂ ਦੇ ਫੁੱਲ ਵਾਂਗ ਖਿੜ ਕੇ ਇਨ੍ਹਾਂ ਮੇਲਿਆਂ ਦੀ ਰੌਣਕ ਵਧਾਉਂਦੇ ਹਨ।
ਦੇਸ਼ ਵੰਡ ਤੋਂ ਪਹਿਲਾਂ ਬਸੰਤ ਪੰਚਮੀ ਦਾ ਇੱਕ ਵੱਡਾ ਮੇਲਾ ਹਕੀਕਤ ਰਾਏ ਦੀ ਸਮਾਧ ਉੱਤੇ ਲਾਹੌਰ ਵਿੱਚ ਲੱਗਿਆ ਕਰਦਾ ਸੀ। ਧਰਮੀ ਹਕੀਕਤ ਰਾਏ ਬਸੰਤ ਪੰਚਮੀ ਵਾਲ਼ੇ ਦਿਨ ਲਾਹੌਰ ਵਿੱਚ ਮੁਗ਼ਲ ਹਾਕਮਾਂ ਦੇ ਤੁਅੱਸਬ ਦਾ ਸ਼ਿਕਾਰ ਹੋਇਆ ਸੀ ਅਤੇ ਉਸ ਨੇ ਇਸਲਾਮ ਮੱਤ ਗ੍ਰਹਿਣ ਕਰਨ ਦੀ ਥਾਂ ਸ਼ਹੀਦ ਹੋਣਾ ਵਧੇਰੇ ਪਸੰਦ ਕੀਤਾ।

ਪ੍ਰਿਥਵੀ ਰਾਜ ਚੌਹਾਨ ਨੇ ਮੁਹੰਮਦ ਗੌਰੀ ਨੂੰ 16 ਵਾਰ ਹਰਾਇਆ ਤੇ 17ਵੀਂ ਵਾਰ ਗੌਰੀ ਫੜ ਕੇ ਨਾਲ ਲੈ ਗਿਆ ਤੇ ਉਸ ਦੀਆਂ ਅੱਖਾਂ ਕੱਢ ਦਿਤੀਆਂ। ਪ੍ਰਿਥਵੀ ਨੇ ਮੌਕਾ ਵੇਖ ਕੇ ਸਾਥੀ ਕਵੀ ਚੰਦਰਬਾਈ ਦੀ ਮਦਦ ਨਾਲ ਤੀਰ ਮਾਰ ਕੇ ਗੌਰੀ ਨੂੰ ਮਾਰ ਦਿੱਤਾ। ਬਾਅਦ ਵਿੱਚ ਇਹਨਾਂ ਦੋਹਾਂ ਨੇ ਇਕ ਦੂਜੇ ਦੇ ਪੇਟ ਵਿੱਚ ਇਸੇ ਦਿਨ ਛੁਰਾ ਮਾਰ ਕੇ ਆਤਮ ਬਲੀਦਾਨ ਦਿੱਤਾ।

- Advertisement -

ਕੂਕਾ ਲਹਿਰ ਦੇ ਸਤਿਗੁਰ ਨਾਮਧਾਰੀ ਰਾਮ ਸਿੰਘ ਜੀ ਦਾ ਜਨਮ ਇਸ ਦਿਨ ਮਨਾਇਆ ਜਾਂਦਾ ਹੈ ਜਦਕਿ ਜਨਮ 3 ਫਰਵਰੀ 1816 ਬਸੰਤ ਵਾਲੇ ਦਿਨ ਦਾ ਹੈ। ਬਸੰਤ ਪੰਚਮੀ ਵਾਲ਼ੇ ਦਿਨ ਔਰਤਾਂ ਬਸੰਤੀ ਕੱਪੜੇ ਪਹਿਨ ਕੇ ਗਿੱਧਾ ਪਾਉਂਦੀਆਂ ਤੇ ਗੀਤ ਗਾਉਂਦੀਆਂ ਹਨ। ਬਸੰਤ ਪੰਚਮੀ ਦੇ ਗਿੱਧੇ ਨੂੰ ‘ਬਸੰਤੀ ਗਿੱਧਾ’ ਕਿਹਾ ਜਾਂਦਾ ਹੈ। ਭਾਰਤ ਵਿੱਚ ਛੇ ਰੁੱਤਾਂ ਮੰਨੀਆਂ ਜਾਂਦੀਆਂ ਹਨ। ਉਨ੍ਹਾਂ ਵਿੱਚੋਂ ਬਸੰਤ ਰੁੱਤ ਸਭ ਰੁੱਤਾਂ ਤੋਂ ਉੱਤਮ ਗਿਣੀ ਜਾਂਦੀ ਹੈ। ਇਹ ਰੁੱਤ ਚੇਤ ਤੇ ਵਿਸਾਖ ਦੇ ਮਹੀਨੇ ਹੀ ਰਹਿੰਦੀ ਹੈ। ਮਜ਼ੇ ਦੀ ਗੱਲ ਇਹ ਹੈ ਕਿ ਬਸੰਤ ਪੰਚਮੀ ਮਹੀਨਾ ਪੈਂਤੀ ਕੁ ਦਿਨ ਪਹਿਲਾਂ ਹੀ ਆ ਜਾਂਦੀ ਹੈ। ਪੰਚਮੀ ਦਾ ਅਰਥ ਹੈ, ਸ਼ੁਕਲ ਪੱਖ ਦਾ ਪੰਜਵਾਂ ਦਿਨ। ਚਾਰੇ ਪਾਸੇ ਰੰਗ-ਬਿਰੰਗੇ ਫੁੱਲ ਦਿਖਾਈ ਦਿੰਦੇ ਹਨ,ਖੇਤਾਂ ਵਿੱਚ ਪੀਲੀ-ਪੀਲੀ ਸਰ੍ਹੋਂ ਦੇ ਫੁੱਲ ਮਦਮਸਤ ਕਰ ਦਿੰਦੇ ਹਨ, ਬਾਗ-ਬਗੀਚੇ ਮਹਿਕ ਉਠਦੇ ਹਨ, ਖੇਤ-ਬੰਨੇ ਮਦਹੋਸ਼ ਕਰ ਦੇਣ ਵਾਲ਼ੀਆਂ ਹਵਾਵਾਂ ਨਾਲ਼ ਗਲਤਾਨ ਹੋ ਉਠਦੇ ਹਨ, ਹਰ ਪਾਸੇ ਤਿਤਲੀਆਂ ਉਡਦੀਆਂ ਦਿਖਾਈ ਦਿੰਦੀਆਂ ਹਨ, ਕਣਕ ਤੇ ਜੌਂ ਦੀਆਂ ਬੱਲੀਆਂ ਖਿੜਨ ਲੱਗਦੀਆਂ ਹਨ,ਅੰਬੀਆਂ ਨੂੰ ਬੂਰ ਪੈਣ ਲਗਦਾ ਹੈ, ਠੰਢ ਤੋਂ ਨਿਜਾਤ ਮਿਲਦੀ ਹੈ, ਸਰੀਰਾਂ ਤੋਂ ਸਰਦ ਰੁੱਤ ਵਾਲ਼ੇ ਕੱਪੜੇ ਘਟ ਜਾਂਦੇ ਹਨ।

ਬਸੰਤ ਰੁੱਤ ਵਿੱਚ ਹਰ ਪਾਸੇ ਹਰਿਆਲੀ ਤੇ ਖੁਸ਼ਹਾਲੀ ਦਾ ਵਾਤਾਵਰਣ ਛਾਇਆ ਰਹਿੰਦਾ ਹੈ। ਸੋ ਵਿਦਿਆਰਥੀਆਂ ਲਈ ਇਹ ਦਿਨ ਪੜਾਈ ਦੇ ਆਰੰਭ ਲਈ ਉੱਤਮ ਮੰਨੇ ਜਾਂਦੇ ਹਨ। ਬਸੰਤ ਰੁੱਤ ਵਿੱਚ ਜਿੱਥੇ ਸਾਰੀ ਕੁਦਰਤ ਪੀਲ਼ੇ ਰੰਗ ਵਿੱਚ ਰੰਗੀ ਜਾਪਦੀ ਹੈ, ਉੱਥੇ ਲੋਕੀਂ ਬਸੰਤ ਪੰਚਮੀ ਤੇ ਪੀਲ਼ੇ ਰੰਗ ਦੇ ਬਸਤਰ ਪਾਉਦੇ ਹਨ,ਪੀਲ਼ੇ ਚੌਲ਼ ਜਾਂ ਹੋਰ ਖਾਣ-ਪੀਣ ਦੀਆਂ ਪੀਲ਼ੀਆਂ ਵਸਤਾਂ ਬਣਾਉਦੇ ਹਨ।

ਬਸੰਤ ਰੁਤ ਦਾ ਤਿਉਹਾਰ ਪੰਜਾਬ ਵਿਚ ਛੇਹਰਟੇ, ਅੰਮ੍ਰਿਤਸਰ ਤੇ ਪਟਿਆਲੇ ਦਾ ਪ੍ਰਸਿੱਧ ਹੈ। ਮਹਾਰਾਜਾ ਰਣਜੀਤ ਸਿੰਘ ਨੇ ਬਸੰਤ ਪੰਚਮੀ ਵਾਲ਼ੇ ਦਿਨ ਇਕ ਦਰਬਾਰ ਲਾਇਆ ਜਿਸ ਵਿਚ ਸਾਰਿਆਂ ਨੇ ਪੀਲੇ ਕਪੜੇ ਪਹਿਨੇ ਸਨ ਤੇ ਪੀਲੇ ਕੱਪੜਿਆਂ ਵਿਚ ਫੌਜ ਨੇ ਕਰਤਬ ਵਿਖਾਏ ਸਨ।

Share this Article
Leave a comment