ਨਵੀਂ ਦਿੱਲੀ: ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਸ਼ੁੱਕਰਵਾਰ ਨੂੰ ਰਾਜ ਸਭਾ ‘ਚ ਕਿਹਾ ਕਿ ਟਮਾਟਰ, ਪਿਆਜ਼ ਅਤੇ ਆਲੂ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਮੌਸਮ ਦੀ ਸਥਿਤੀ ਸਮੇਤ ਕਈ ਕਾਰਕਾਂ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਕਾਂ ਵਿੱਚ ਗੈਰ-ਰਵਾਇਤੀ ਖੇਤਰਾਂ ਤੋਂ ਇਨ੍ਹਾਂ ਉਪਜਾਂ ਦੀ ਆਮਦ, ਫ਼ਸਲ ਦੀ ਬਿਜਾਈ ਦੇ ਢੰਗ ਵਿੱਚ ਮੌਸਮੀ ਤਬਦੀਲੀ, ਅਗਲੇ ਹਾੜੀ ਜਾਂ ਸਾਉਣੀ ਦੇ ਸੀਜ਼ਨ ਤੋਂ ਫ਼ਸਲ ਦਾ ਜਲਦੀ ਆਉਣਾ ਅਤੇ ਪਿਛਲੇ ਸੀਜ਼ਨ ਦੀ ਫ਼ਸਲ ਦਾ ਬਚਿਆ ਹੋਇਆ ਹਿੱਸਾ ਆਦਿ ਸ਼ਾਮਲ ਹਨ।
ਸੰਸਦ ਵਿੱਚ ਚੱਲ ਰਹੇ ਬਜਟ ਸੈਸ਼ਨ ਦੌਰਾਨ, ਮੰਤਰੀ ਨੇ ਕਿਹਾ ਕਿ ਮੰਤਰਾਲਾ ਓਪਰੇਸ਼ਨ ਗ੍ਰੀਨਜ਼ (ਓਜੀ) ਦੇ ਥੋੜ੍ਹੇ ਸਮੇਂ ਦੇ ਦਖਲ ਦੇ ਹਿੱਸੇ ਵਜੋਂ ਵਾਢੀ ਦੇ ਸੀਜ਼ਨ ਦੌਰਾਨ ਨੋਟੀਫਾਈਡ ਫਲਾਂ ਅਤੇ ਸਬਜ਼ੀਆਂ ਲਈ ਆਵਾਜਾਈ ਅਤੇ ਸਟੋਰੇਜ ਵਿੱਚ 50 ਪ੍ਰਤੀਸ਼ਤ ਸਬਸਿਡੀ ਦਿੰਦਾ ਹੈ। ਇਹ ਕਿਸਾਨਾਂ ਦੇ ਨਾਲ-ਨਾਲ ਖਪਤਕਾਰਾਂ ਲਈ ਕੀਮਤਾਂ ਨੂੰ ਸਥਿਰ ਕਰਨ ਵਿੱਚ ਮਦਦ ਕਰਦਾ ਹੈ।
ਉਨ੍ਹਾਂ ਕਿਹਾ ਕਿ ਮੰਤਰਾਲਾ ਟਮਾਟਰ, ਪਿਆਜ਼ ਅਤੇ ਆਲੂ ਦੀਆਂ ਮੌਜੂਦਾ ਕੀਮਤਾਂ ‘ਤੇ ਨਜ਼ਰ ਰੱਖਣ ਲਈ ਮਾਰਕਿਟ ਇੰਟੈਲੀਜੈਂਸ ਅਤੇ ਅਰਲੀ ਵਾਰਨਿੰਗ ਸਿਸਟਮ ਪੋਰਟਲ ਨੂੰ ਵੀ ਕਾਇਮ ਰੱਖ ਰਿਹਾ ਹੈ। ਇਹ ਕੰਮ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਨੈਫੇਡ) ਰਾਹੀਂ ਕੀਤਾ ਜਾ ਰਿਹਾ ਹੈ ਅਤੇ ਇਸ ਅਨੁਸਾਰ ਰਾਜਾਂ ਦੇ ਸਬੰਧਤ ਵਿਭਾਗਾਂ ਨੂੰ ਸਮੇਂ-ਸਮੇਂ ‘ਤੇ ਘੱਟ ਕੀਮਤ ਦੀਆਂ ਚਿਤਾਵਨੀਆਂ ਭੇਜੀਆਂ ਜਾਂਦੀਆਂ ਹਨ।