ਜ਼ਿਮਨੀ ਚੋਣਾਂ ਸਿਰ ‘ਤੇ ਵੇਖ ਵੰਡੇ ਜਾ ਰਹੇ ਨੇ ਚੇਅਰਮੈਨੀਆਂ ਦੇ ਗੱਫੇ, ਪੁਰਾਣੀ ਸ਼ਾਂਤ ਨਹੀਂ ਹੋਈ ਤੇ ਨਵੀਂ ਖੜ੍ਹੀ ਹੋਈ ਮੁਸੀਬਤ? ਆਹ ਦੇਖ ਲਗਦੈ ਬਈ ਪਾਰਟੀਆਂ ਚਲਾਉਣੀਆਂ ਬੜੀਆਂ ਔਖੀਆਂ ਨੇ

TeamGlobalPunjab
4 Min Read

  [alg_back_button]

 

ਜਲੰਧਰ : ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਨਾਲ ਪੰਜਾਬ ‘ਚ ਵੀ ਜ਼ਿਮਨੀ ਚੋਣਾਂ ਕਿਸੇ ਕਰਵਾਏ ਜਾਣ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ। ਸੂਬੇ ਵਿਧਾਇਕਾਂ ਤੋਂ ਸੱਖਣੀਆਂ ਹੋ ਚੁਕੀਆਂ 4 ਸੀਟਾਂ ‘ਤੇ ਇਹ ਚੋਣਾਂ ਕਰਵਾਈਆਂ ਜਾਣੀਆਂ ਹਨ। ਪਿਛਲੀਆਂ ਦੋ ਚੋਣਾਂ ਵਾਂਗ ਹੀ ਇਨ੍ਹਾਂ ਚੋਣਾਂ ਲਈ ਵੀ ਸੱਤਾਧਾਰੀ ਕਾਂਗਰਸ ਪਾਰਟੀ ਅੰਦਰ ਟਿਕਟਾਂ ਦੇ ਦਾਅਵੇਦਾਰਾਂ ਦੀਆਂ ਲਾਇਨਾਂ ਲੱਗ ਗਈਆਂ ਹਨ ਜਿਸ ਦੀ ਪੁਸ਼ਟੀ ਕਰਦਿਆਂ ਕਾਂਗਰਸੀ ਸੂਤਰਾਂ ਦਾ ਕਹਿਣਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੱਥੇ ਵੀ ਦੌਰੇ ਲਈ ਜਾ ਰਹੇ ਹਨ ਉੱਥੇ ਹੀ ਉਨ੍ਹਾਂ ਹਲਕਿਆਂ ਲਈ ਟਿਕਟਾਂ ਦੇ ਦਾਅਵੇਦਾਰ ਆਪਣੀ ਪਹੁੰਚ ਬਣਾ ਰਹੇ ਹਨ। ਸੂਤਰਾਂ ਮੁਤਾਬਿਕ ਟਿਕਟਾਂ ਲੈਣ ਦੇ ਚਾਹਵਾਨਾਂ ਵਿੱਚੋਂ ਕਿਸ ਨੂੰ ਚੋਣ ਲੜਵਾਉਣੀ ਹੈ ਇਸ ਗੱਲ ਦਾ ਫੈਸਲਾ ਤੇ ਅਖਤਿਆਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੋਵੇਗਾ। ਲਿਹਾਜਾ ਇਹ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਵੀ ਟਿਕਟਾਂ ਉਨ੍ਹਾਂ ਹੀ ਉਮੀਦਵਾਰਾਂ ਨੂੰ ਮਿਲਣਗੀਆਂ ਜਿਨ੍ਹਾਂ ਦੀ ਪਿੱਠ ‘ਤੇ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਹੋਵੇਗਾ।

ਦੱਸ ਦਈਏ ਕਿ ਜਿੱਥੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ 600 ਦੇ ਕਰੀਬ ਚਾਹਵਾਨਾਂ ਨੇ ਆਪਣੀਆਂ ਦਾਅਵੇਦਾਰੀਆਂ ਠੋਕੀਆਂ ਸਨ ਉੱਥੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ 177 ਲੋਕਾਂ ਨੇ ਟਿਕਟਾਂ ਦੀ ਵੰਡ ਕੀਤੀ ਸੀ। ਇਨ੍ਹਾਂ ਦੋਵਾਂ ਹੀ ਚੋਣਾਂ ਦੌਰਾਨ ਪਾਰਟੀ ਵੱਲੋਂ ਉਨ੍ਹਾਂ ਉਮੀਦਵਾਰਾਂ ਨੂੰ ਅੱਗੇ ਸਰਕਾਰ ਵਿੱਚ ਵੱਡੇ ਆਹੁਦੇ ਦੇ ਕੇ ਸਰਕਾਰ ਦਾ ਹਿੱਸਾ ਬਣਾਉਣ ਦਾ ਭਰੋਸਾ ਦਿੱਤਾ ਸੀ ਤਾਂ ਕਿ ਟਿਕਟਾਂ ਨਾ ਮਿਲਣ ਕਾਰਨ ਪਾਰਟੀ ਵਿੱਚ ਬਗਾਵਤ ਵਰਗੇ ਹਾਲਾਤਾਂ ਤੋਂ ਬਚਿਆ ਜਾ ਸਕੇ ਪਰ ਦੋ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਜਦੋਂ ਸੂਬੇ ਵਿੱਚ ਕਿਸੇ ਵੀ ਕਾਂਗਰਸੀ ਨੂੰ ਨਾ ਤਾਂ ਚੇਅਰਮੈਨੀ ਮਿਲੀ ਤੇ ਨਾ ਹੀ ਡਾਇਰੈਕਟਰੀ ਤਾਂ ਉਨ੍ਹਾਂ ਅੰਦਰ ਨਿਰਾਸ਼ਾ ਫੈਲਣੀ ਸ਼ੁਰੂ ਹੋ ਗਈ। ਇਹੋ ਕਾਰਨ ਸੀ ਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਇੱਕ ਵਾਰ ਫਿਰ ਟਿਕਟਾਂ ਦੇ ਚਾਹਵਾਨਾਂ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ  ਦਿੱਤੇ ਤੇ ਕੈਪਟਨ ਨੂੰ ਬੜੀ ਮੁਸ਼ਕਲ ਨਾਲ ਕਿਤੇ ਧਮਕੀਆਂ ਤੇ ਕਿਤੇ ਲਾਲਚ ਦੇ ਕੇ ਮਨਾਂਉਣਾ ਪਿਆ। ਕੁੱਲ ਮਿਲਾ ਕੇ ਲੋਕ ਸਭਾ ਚੋਣਾਂ ਕਾਂਗਰਸ ਲਈ ਬਿਨਾਂ ਬਗਾਵਤ ਤੋਂ ਸੁੱਖੀ ਸਾਂਦੀ ਲੰਘ ਗਈਆਂ ਤੇ ਹੁਣ ਕੈਪਟਨ ਵੱਲੋਂ ਚੇਅਰਮੈਨੀਆਂ, ਮੈਂਬਰੀਆਂ ਤੇ ਡਾਇਰੈਕਟਰੀਆਂ ਦੇ ਗੱਫੇ ਵੰਡਣੇ ਵੀ ਸ਼ੁਰੂ ਕਰ ਦਿੱਤੇ ਗਏ ਹਨ। ਲਿਹਾਜਾ ਹੁਣ ਉਨ੍ਹਾਂ ਲੋਕਾਂ ਵੱਲੋਂ ਕੈਪਟਨ ‘ਤੇ ਦਬਾਅ ਪਾਉਣਾ ਸੁਭਾਵਿਕ ਹੈ ਜਿਨ੍ਹਾਂ ਨੂੰ ਅਜੇ ਤੱਕ ਕੁਝ ਨਹੀਂ ਮਿਲਿਆ। ਇਸ ਲਈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਸੂਬੇ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਕਾਂਗਰਸ ਦੇ ਕਿੰਨੇ ਦਾਅਵੇਦਾਰ ਆਪਣਾ ਦਾਅਵਾ ਠੋਕਦੇ ਹਨ ਤੇ ਉਨ੍ਹਾਂ ਦਾਅਵੇਦਾਰਾਂ ਵਿੱਚੋਂ ਚਾਰ ਨੂੰ ਟਿਕਟਾਂ ਦੇਣ ਤੋਂ ਬਾਅਦ ਕੈਪਟਨ ਅਜਿਹੀ ਕਿਹੜੀ ਗਿੱਦੜਸਿੰਙੀ ਕੱਢਦੇ ਹਨ ਜਿਸ ਨਾਲ ਉਹ ਲੋਕ ਸ਼ਾਂਤ ਰਹਿਣਗੇ ਕਿਉਂਕਿ ਇਸ ਤੋਂ ਬਾਅਦ ਤਾਂ ਫਿਰ ਚੋਣਾਂ ਤਾਂ ਹੀ ਸੰਭਵ ਹੋ ਸਕਣਗੀਆਂ ਜੇਕਰ ਸੁਖਪਾਲ ਖਹਿਰਾ, ਨਾਜ਼ਰ ਸਿੰਘ ਮਾਨਸ਼ਾਹੀਆ, ਅਮਰਜੀਤ ਸਿੰਘ ਸੰਦੋਆ ਤੇ ਮਾਸਟਰ ਬਲਦੇਵ ਸਿੰਘ ਦੇ ਅਸਤੀਫਿਆਂ ‘ਤੇ ਕਾਰਵਾਈ ਕਰਕੇ ਸਰਕਾਰ ਇਹ ਹਲਕੇ ਵੀ ਵਿਧਾਇਕਾਂ ਤੋਂ ਵੀ ਸੱਖਣੇ ਕਰਦੀ ਹੈ ਤੇ ਚੋਣ ਕਮਿਸ਼ਨ ਇੱਥੇ ਜ਼ਿਮਨੀ ਚੋਣਾਂ ਕਰਵਾਉਂਦਾ ਹੈ ਤੇ ਇਹ ਕਦੋਂ ਹੋਵੇਗਾ ਇਹ ਨੇੜਲੇ ਭਵਿੱਖ ਵਿੱਚ ਕਿਸੇ ਨੂੰ ਹੁੰਦਾ ਸੰਭਵ ਦਿਖਾਈ ਨਹੀਂ ਦੇ ਰਿਹਾ। ਸੋ ਇਸ ਵਾਰ ਦੀਆਂ ਜ਼ਿਮਨੀ ਚੋਣਾਂ ਵਿੱਚ ਕੈਪਟਨ ਲਈ ਉਨ੍ਹਾਂ ਲੋਕਾਂ ਨੂੰ ਸ਼ਾਂਤ ਕਰਨਾ ਬੇਹੱਦ ਔਖਾ ਹੋਵੇਗਾ ਜਿਹੜੇ ਕੋਈ ਨਾ ਕੋਈ ਆਸ ਲੈ ਕੇ ਦਾਅਵੇਦਾਰੀ ਠੋਕਣ ਵਾਲੇ ਹਨ।

  [alg_back_button]

Share this Article
Leave a comment