ਤਹਿਰਾਨ: ਈਰਾਨ ਵਿੱਚ ਹਿਜਾਬ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਅਜੇ ਵੀ ਜਾਰੀ ਹਨ। ਪ੍ਰਦਰਸ਼ਨ ‘ਚ ਸ਼ਾਮਿਲ ਹੋਣ ਵਾਲੀਆਂ ਮਸ਼ਹੂਰ ਹਸਤੀਆਂ ਨਾਲ ਵੀ ਬੁਰਾ ਵਿਵਹਾਰ ਹੋ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਈਰਾਨ ਰੈਵੋਲਿਊਸ਼ਨਰੀ ਗਾਰਡ ਦੇ ਜਵਾਨਾਂ ਨੇ ਮਸ਼ਹੂਰ ਸ਼ੈੱਫ ਮਹਸ਼ਾਦ ਸ਼ਾਹੀਦੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੈ। ਈਰਾਨ ਦੇ ਜੈਮੀ ਓਲੀਵਰ ਵਜੋਂ ਜਾਣੇ ਜਾਂਦੇ ਮਹਸ਼ਾਦ ਨੂੰ ਉਸਦੇ 20ਵੇਂ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਈਰਾਨੀ ਬਲਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਹੈ।
ਉਨ੍ਹਾਂ ਦੀ ਬੇਰਹਿਮੀ ਨਾਲ ਹੱਤਿਆ ਨਾਲ ਈਰਾਨ ਵਿਚ ਸੋਗ ਦੀ ਲਹਿਰ ਹੈ। ਸ਼ਾਹੀਦੀ ਦੇ ਅੰਤਿਮ ਸੰਸਕਾਰ ਦੌਰਾਨ ਕਥਿਤ ਤੌਰ ‘ਤੇ ਹਜ਼ਾਰਾਂ ਲੋਕ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਸਨ। ਦੱਸ ਦੇਈਏ ਕਿ 19 ਸਾਲਾ ਮਹਸ਼ਾਦ ਨੂੰ ਹਿਜਾਬ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ।ਉਨ੍ਹਾਂ ਨੂੰ ਅਰਾਕ ਸ਼ਹਿਰ ਵਿੱਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਦੀ ਹਿਰਾਸਤ ਵਿੱਚ ਡੰਡਿਆਂ ਨਾਲ ਕੁੱਟਿਆ ਗਿਆ। ਸਿਰ ‘ਤੇ ਸੱਟ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਹਾਲਾਂਕਿ, ਸ਼ਾਹੀਦੀ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ‘ਤੇ ਇਹ ਕਹਿਣ ਲਈ ਦਬਾਅ ਪਾਇਆ ਗਿਆ ਸੀ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।
ਦੂਜੇ ਪਾਸੇ ਈਰਾਨੀ ਅਧਿਕਾਰੀਆਂ ਨੇ ਸ਼ੈੱਫ ਦੀ ਮੌਤ ਦੀ ਜ਼ਿੰਮੇਵਾਰੀ ਤੋਂ ਇਨਕਾਰ ਕੀਤਾ ਹੈ। ਈਰਾਨ ਦੇ ਚੀਫ਼ ਜਸਟਿਸ ਅਬਦੋਲਮੇਹਦੀ ਮੌਸਾਵੀ ਨੇ ਇੱਥੋਂ ਤੱਕ ਕਿਹਾ ਕਿ ਉਨ੍ਹਾਂ ਦੀਆਂ ਬਾਹਾਂ, ਲੱਤਾਂ ਜਾਂ ਖੋਪੜੀ ਵਿੱਚ ਫ੍ਰੈਕਚਰ ਜਾਂ ਦਿਮਾਗੀ ਸੱਟ ਦੇ ਕੋਈ ਨਿਸ਼ਾਨ ਨਹੀਂ ਹਨ। ਹਾਲਾਂਕਿ, ਸੋਸ਼ਲ ਮੀਡੀਆ ‘ਤੇ ਕਈ ਉਪਭੋਗਤਾਵਾਂ ਨੇ ਉਨ੍ਹਾਂ ਦੀ ਮੌਤ ਲਈ ਈਰਾਨੀ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਈਰਾਨੀ ਅਮਰੀਕੀ ਲੇਖਿਕਾ ਡਾ: ਨੀਨਾ ਅੰਸਾਰੀ ਨੇ ਲਿਖਿਆ, ਮਹਿਰਸ਼ਾਦ ਸ਼ਾਹੀਦੀ ਬੁਟੇ ਰੈਸਟੋਰੈਂਟ ਵਿੱਚ ਇੱਕ ਪ੍ਰਤਿਭਾਸ਼ਾਲੀ ਨੌਜਵਾਨ ਸ਼ੈੱਫ ਸੀ। ਉਸ ਨੂੰ ਈਰਾਨ ਵਿਚ ਸੁਰੱਖਿਆ ਬਲਾਂ ਨੇ ਬੇਰਹਿਮੀ ਨਾਲ ਮਾਰ ਦਿੱਤਾ ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.