ਚੰਡੀਗੜ੍ਹ: ਸੁਤੰਤਰਤਾ ਦਿਹਾੜੇ ਦੇ ਮੌਕੇ ਦਿੱਲੀ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਕ ਖੁਫੀਆ ਏਜੰਸੀਆਂ ਨੂੰ ਇਨਪੁਟ ਮਿਲਿਆ ਹੈ ਕਿ ਜੰਮੂ ‘ਚ ਸਰਗਰਮ ਅੱਤਵਾਦੀ ਦਿੱਲੀ ਜਾਂ ਇਸ ਦੇ ਆਸਪਾਸ ਦੇ ਇਲਾਕਿਆਂ ‘ਚ ਆਤਮਘਾਤੀ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਹਨ। ਦਿੱਲੀ ਤੋਂ ਇਲਾਵਾ ਪੰਜਾਬ ‘ਚ ਵੀ ਸੁਰੱਖਿਆ ਬਲਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਖੁਫੀਆ ਏਜੰਸੀਆਂ ਨੇ ਅੱਤਵਾਦੀਆਂ ਵਿਚਾਲੇ ਹੋਈ ਗੱਲਬਾਤ ਦੇ ਆਧਾਰ ‘ਤੇ ਇਨਪੁਟ ਦਿੱਤੇ ਹਨ। ਏਜੰਸੀਆਂ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਇਹ ਹਮਲਾ ਸੁਤੰਤਰਤਾ ਦਿਹਾੜੇ ਮੌਕੇ ਹੀ ਹੋਵੇ। ਅਜਿਹਾ ਇਸ ਲਈ ਕਿਉਂਕਿ ਉਸ ਦਿਨ ਹਰ ਥਾਂ ਭਾਰੀ ਸੁਰੱਖਿਆ ਕਰਮਚਾਰੀ ਤਾਇਨਾਤ ਹੁੰਦੇ ਹਨ, ਪਰ ਅੱਤਵਾਦੀ ਇੱਕ-ਦੋ ਦਿਨ ਬਾਅਦ ਕਾਰਵਾਈ ਕਰ ਸਕਦੇ ਹਨ।
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਸੂਤਰਾਂ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਦੇ ਕਠੂਆ ‘ਚ ਦੇਖੇ ਗਏ ਦੋ ਸ਼ੱਕੀ ਵਿਅਕਤੀਆਂ ਦੇ ਦਿੱਲੀ ਵੱਲ ਵਧਣ ਦੀ ਸੰਭਾਵਨਾ ਹੈ। ਇਨ੍ਹਾਂ ਲੋਕਾਂ ਕੋਲ ਹਥਿਆਰ ਵੀ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਲੋਕ ਪਠਾਨਕੋਟ ਵੱਲ ਚਲੇ ਗਏ ਹਨ ਅਤੇ ਉਥੋਂ ਦਿੱਲੀ ਵੱਲ ਵੀ ਜਾ ਸਕਦੇ ਹਨ। ਇੰਨਾ ਹੀ ਨਹੀਂ ਸੁਰੱਖਿਆ ਬਲਾਂ ਅਤੇ ਏਜੰਸੀਆਂ ਨੂੰ ਡਰ ਹੈ ਕਿ ਇਹ ਅੱਤਵਾਦੀ ਅਮਰਨਾਥ ਯਾਤਰਾ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਇਸ ਤੋਂ ਇਲਾਵਾ ਦਿੱਲੀ ਦੇ ਅਹਿਮ ਨਾਮੀ ਅਦਾਰਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਪਿਛਲੇ ਕਈ ਸਾਲਾਂ ਤੋਂ ਸੁਰੱਖਿਆ ਬਲ ਅਤੇ ਏਜੰਸੀਆਂ ਅੱਤਵਾਦੀਆਂ ਨੂੰ ਕਾਬੂ ਕਰਨ ‘ਚ ਕਾਮਯਾਬ ਰਹੀਆਂ ਹਨ।
ਅਲਰਟ ‘ਚ ਕਿਹਾ ਗਿਆ ਹੈ ਕਿ ਅੱਤਵਾਦੀ ਭਾਰੀ ਭੀੜ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਦਰਅਸਲ, ਇਹ ਅਲਰਟ ਅਜਿਹੇ ਸਮੇਂ ਜਾਰੀ ਕੀਤਾ ਗਿਆ ਹੈ ਜਦੋਂ ਜੰਮੂ ਡਿਵੀਜ਼ਨ ਵਿੱਚ ਅੱਤਵਾਦੀਆਂ ਦੀਆਂ ਗਤੀਵਿਧੀਆਂ ਵਧ ਗਈਆਂ ਹਨ, ਜਿਸ ਨੂੰ ਕਸ਼ਮੀਰ ਦੇ ਮੁਕਾਬਲੇ ਸ਼ਾਂਤੀਪੂਰਨ ਦੱਸਿਆ ਜਾਂਦਾ ਹੈ। ਕਠੂਆ, ਡੋਡਾ, ਊਧਮਪੁਰ ਅਤੇ ਰਾਜੌਰੀ ਵਰਗੇ ਜ਼ਿਲ੍ਹਿਆਂ ਵਿੱਚ ਅੱਤਵਾਦੀ ਹਮਲੇ ਵਧ ਗਏ ਹਨ। ਹੁਣ ਇਹ ਵੀ ਖਦਸ਼ਾ ਹੈ ਕਿ ਇਹ ਅੱਤਵਾਦੀ ਪੰਜਾਬ ਅਤੇ ਦਿੱਲੀ ਵੱਲ ਵਧ ਸਕਦੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।