ਕੈਨੇਡਾ ਸਰਕਾਰ ਵੱਲੋਂ ਵਿਦੇਸ਼ੀ ਨਾਗਰਿਕਾਂ ਲਈ ਵੱਡਾ ਐਲਾਨ

TeamGlobalPunjab
2 Min Read

ਟੋਰਾਂਟੋ: ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਵਿਜ਼ਟਰ ਵੀਜ਼ਾ ਜਾਂ ਸਟੱਡੀ ਪਰਮਿਟ ’ਤੇ ਮੁਲਕ ‘ਚ ਆਏ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਰੀਨਿਊ ਕਰਵਾਉਣ ਦਾ ਇਕ ਹੋਰ ਮੌਕਾ ਦਿੱਤਾ ਹੈ, ਜਿਨ੍ਹਾਂ ਕੋਲ 30 ਜਨਵਰੀ 2020 ਜਾਂ ਇਸ ਤੋਂ ਬਾਅਦ ਵੈਲਿਡ ਵੀਜ਼ਾ ਮੌਜੂਦਾ ਸੀ ਪਰ 31 ਮਈ 2021 ਤੋਂ ਪਹਿਲਾਂ ਇਸ ਦੀ ਮਿਆਦ ਖ਼ਤਮ ਹੋ ਗਈ। ਅਜਿਹੇ ਵਿਦੇਸ਼ੀ ਨਾਗਰਿਕ 31 ਅਗਸਤ 2021 ਤੱਕ ਵੀਜ਼ਾ ਮਿਆਦ ‘ਚ ਵਾਧਾ ਕਰ ਸਕਦੇ ਹਨ।

ਵੀਜ਼ਾ ਮਿਆਦ ਵਧਾਉਣ ਦੀ ਇਹ ਛੋਟ ਪਿਛਲੇ ਸਾਲ 14 ਜੁਲਾਈ ਨੂੰ ਲਾਗੂ ਜਨਤਕ ਨੀਤੀ ਤਹਿਤ ਦਿੱਤੀ ਗਈ ਹੈ। ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਨੇ ਮੁਲਕ ‘ਚ ਫਸੇ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਮਿਆਦ ਵਧਾਉਣ ਲਈ 31 ਦਸੰਬਰ 2020 ਤੱਕ ਦਾ ਸਮਾਂ ਦਿਤਾ ਸੀ ਜਿਸ ਨੂੰ ਹੁਣ 31 ਅਗਸਤ 2021 ਤੱਕ ਵਧਾ ਦਿਤਾ ਗਿਆ ਹੈ। ਆਮ ਹਾਲਾਤ ‘ਚ ਵਿਦੇਸ਼ੀ ਨਾਗਰਿਕਾਂ ਨੂੰ ਆਪਣਾ ਇਮੀਗ੍ਰੇਸ਼ਨ ਸਟੇਟਸ ਬਹਾਲ ਕਰਵਾਉਣ ਲਈ ਸਿਰਫ਼ 90 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ।

ਵੀਜ਼ਾ ਮਿਆਦ ਵਧਾਉਣ ਦੇ ਇਛੁਕ ਵਿਦੇਸ਼ੀ ਨਾਗਰਿਕਾਂ ਲਈ ਲਾਜ਼ਮੀ ਹੈ ਕਿ ਉਹ ਕੈਨੇਡਾ ‘ਚ ਆਉਣ ਤੋਂ ਬਾਅਦ ਇਥੇ ਹੀ ਰਹੇ ਹੋਣ ਅਤੇ ਇਸੇ ਦੌਰਾਨ ਉਨ੍ਹਾਂ ਦੀ ਵੀਜ਼ਾ ਮਿਆਦ ਖ਼ਤਮ ਹੋਈ ਹੋਵੇ। ਇਸ ਤੋਂ ਇਲਾਵਾ ਵਿਦੇਸ਼ੀ ਨਾਗਰਿਕਾਂ ਨੂੰ ਐਪਲੀਕੇਸ਼ਨ ਪ੍ਰੋਸੈਸਿੰਗ ਫ਼ੀਸ ਵੀ ਅਦਾ ਕਰਨੀ ਹੋਵੇਗੀ। ਇਮੀਗ੍ਰੇਸ਼ਨ ਵਿਭਾਗ ਨੇ ਦੱਸਿਆ ਕਿ ਇਹ ਨੀਤੀ ਨੌਕਰੀ ਦੀ ਪੇਸ਼ਕਸ਼ ਵਾਲੇ ਵਰਕ ਪਰਮਿਟ ਧਾਰਕਾਂ ‘ਤੇ ਵੀ ਲਾਗੂ ਹੁੰਦੀ ਹੈ।

Share this Article
Leave a comment