ਅੱਖ ‘ਚੋਂ ਸੁੱਕਾ ਸ਼ਰਮ ਦਾ ਹੰਝੂ!

TeamGlobalPunjab
7 Min Read

-ਜਗਤਾਰ ਸਿੰਘ ਸਿੱਧੂ

ਹਜ਼ੂਰ ਸਾਹਿਬ ਤੋਂ ਪੰਜਾਬ ਪਰਤੀ ਸੰਗਤ ਨਾਲ ਰਾਜਸੀ ਧਿਰਾਂ ਵੱਲੋਂ ਕੀਤੀ ਜਾ ਰਹੀ ਰਾਜਨੀਤੀ ਨੇ ਸਮੁੱਚੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਹੈ। ਇਸ ਵੇਲੇ ਮੁਲਕ ‘ਚ ਕੋਰੋਨਾ ਵਾਇਰਸ ਦੇ ਲੱਛਣਾਂ ਵਾਲੇ ਮਰੀਜ਼ਾਂ ਦਾ ਭਾਰਤ ‘ਚ ਅੰਕੜਾ 50 ਹਜ਼ਾਰ ਤੋਂ ਪਾਰ ਚਲਾ ਗਿਆ ਹੈ। ਅੱਜ ਹੀ ਏਮਜ਼ ਦੇ ਸੀਨੀਅਰ ਡਾਕਟਰਾਂ ਨੇ ਦੱਸਿਆ ਹੈ ਕਿ ਜੂਨ ਮਹੀਨੇ ਤੱਕ ਕੋਰੋਨਾ ਮਹਾਮਾਰੀ ਭਾਰਤ ‘ਚ ਸਿਖਰ ਵੱਲ ਨੂੰ ਜਾਵੇਗੀ ਪਰ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਕਿਸ ਹੱਦ ਤੱਕ ਲੋਕ ਬਿਮਾਰੀ ਦੀ ਚਪੇਟ ‘ਚ ਆਉਣਗੇ। ਅਜਿਹੀ ਸਥਿਤੀ ‘ਚ ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ‘ਚੋਂ ਕਈਆਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗਣ ਦਾ ਮਾਮਲਾ ਇਸ ਤਰ੍ਹਾਂ ਰਿੜਕਿਆ ਜਾ ਰਿਹਾ ਹੈ ਜਿਵੇਂ ਕਿ ਦੇਸ਼ ਅੰਦਰ ਇਹ ਹੀ ਇੱਕ ਸਭ ਤੋਂ ਵੱਡੀ ਸਮੱਸਿਆ ਹੈ। ਕਦੇ-ਕਦੇ ਤਾਂ ਇੰਝ ਲੱਗਦਾ ਹੈ ਕਿ ਸਾਡੇ ਰਾਜਸੀ ਆਗੂਆਂ ਦੀ ਅੱਖ ਵਿੱਚ ਸ਼ਰਮ ਨਾਂ ਦਾ ਹੰਝੂ ਹੀ ਸੁੱਕ ਗਿਆ ਹੈ। ਹਜ਼ੂਰ ਸਾਹਿਬ ਦੀ ਸੰਗਤ ‘ਤੇ ਮੁਸ਼ੀਬਤ ਦਾ ਪਹਾੜ ਟੁਟਿਆ ਹੋਇਆ ਹੈ। ਇਸ ਸੰਗਤ ‘ਚ ਜਿਹੜੇ ਕੋਰੋਨਾ ਬਿਮਾਰੀ ਆਉਣ ਕਾਰਨ ਮਰੀਜ਼ ਬਣ ਗਏ ਹਨ ਉਨ੍ਹਾਂ ਦੇ ਤੰਦਰੁਸਤ ਹੋਣ ਦੀ ਚਿੰਤਾ ਹੈ। ਅਸੀਂ ਤਾਂ ਸਾਰਿਆਂ ਦੇ ਭਲੇ ਲਈ ਅਰਦਾਸ ਕਰਦੇ ਹਾਂ। ਜਿਹੜੇ ਬਿਮਾਰ ਨਹੀਂ ਹਨ, ਉਨ੍ਹਾਂ ਨੂੰ ਵੀ 14 ਦਿਨ ਲਈ ਇਕਾਂਤਵਾਸ ‘ਚ ਰੱਖਿਆ ਗਿਆ ਹੈ। ਇਹ ਸਾਰੇ ਗੁਰੂ ਘਰ ਦੇ ਸ਼ਰਧਾਲੂ ਹਨ ਅਤੇ ਇਨ੍ਹਾਂ ਦੀ ਜੀਵਨਸ਼ੈਲੀ ਵੀ ਮਰਿਆਦਾ ਵਾਲੀ ਹੁੰਦੀ ਹੈ। ਪੰਜਾਬ ਸਰਕਾਰ ਨੇ ਪਹਿਲਾਂ ਤਾਂ ਇਨ੍ਹਾਂ ਨੂੰ ਗੈਰ ਜ਼ਿੰਮੇਵਾਰੀ ਨਾਲ ਬੱਸਾਂ ‘ਚ ਢੋਅ ਕੇ ਲਿਆਂਦਾ। ਫਿਰ ਉਨ੍ਹਾਂ ਦੇ ਇਕਾਂਤਵਾਸ ਲਈ ਪ੍ਰਬੰਧਾਂ ‘ਚ ਖਾਮੀਆਂ ਹਨ। ਬਹੁਤੇ ਪਰਿਵਾਰਾਂ ਵੱਲੋਂ ਮੀਡੀਆ ‘ਚ ਵੀ ਆਪਣੀ ਪਰੇਸ਼ਾਨੀ ਬਾਰੇ ਦੱਸਿਆ ਗਿਆ ਹੈ। ਜਦੋਂ ਅਚਾਨਕ ਲੌਕਡਾਊਨ ਲੱਗਾ ਤਾਂ ਉਸ ਵੇਲੇ ਇਨ੍ਹਾਂ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਕਿਸੇ ਨੇ ਸੰਜੀਦਗੀ ਨਾ ਦਿਖਾਈ। ਜੇਕਰ ਦੇਸ਼ ਦੇ ਹੋਰ ਹਿੱਸਿਆਂ ‘ਚ ਯਾਤਰੀ ਆਪਣੇ ਰਾਜਾਂ ਨੂੰ ਜਾ ਸਕਦੇ ਹਨ ਤਾਂ ਹਜ਼ੂਰ ਸਾਹਿਬ ਦੇ ਯਾਤਰੀਆਂ ਨੂੰ ਵਾਪਸ ਕਿਉਂ ਨਹੀਂ ਲਿਆਂਦਾ ਗਿਆ। ਅਕਾਲੀ ਦਲ ਕੇਂਦਰ ‘ਚ ਮੋਦੀ ਸਰਕਾਰ ਦਾ ਭਾਈਵਾਲ ਹੈ। ਹਰ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ‘ਤੇ ਕਿਸੇ ਨੂੰ ਇਤਰਾਜ਼ ਨਹੀਂ ਹੋ ਸਕਦਾ ਪਰ ਪੰਜਾਬ ਦੇ ਭਲੇ ਲਈ ਵੀ ਕੁਝ ਕਰ ਕੇ ਵਿਖਾਓ। ਨੰਦੇੜ ਸਾਹਿਬ ਤੋਂ ਜਦੋਂ ਬੱਸਾਂ ਆਉਣੀਆਂ ਸਨ ਤਾਂ ਉਸ ਵੇਲੇ ਇੱਕ-ਦੂਜੇ ਤੋਂ ਵੱਧ ਨੰਬਰ ਬਨਾਉਣ ਦੀ ਰਾਜਨੀਤੀ ਹੋਈ। ਜਦੋਂ ਯਾਤਰੀ ਵਾਪਸ ਆਏ ਤਾਂ ਉਨ੍ਹਾਂ ਦੇ ਨਾਲ ਕਿੰਨੇ ਹੀ ਉਨ੍ਹਾਂ ਰਾਜਾਂ ਵਿੱਚ ਕੰਮ ਕਰਦੇ ਮਜ਼ਦੂਰ ਵੀ ਸ਼ਾਮਲ ਹੋ ਗਏ ਜਿਹੜੇ ਕਿ ਪੰਜਾਬ ਆਉਣ ਲਈ ਵੇਖ ਰਹੇ ਸਨ। ਸਾਰੀਆਂ ਰਾਜਸੀ ਧਿਰਾਂ ਦੇ ਆਗੂਆਂ ਨੇ ਫੋਨ ਕਰਕੇ ਇਨ੍ਹਾਂ ਮਜ਼ਦੂਰਾਂ ਨੂੰ ਬੱਸ ‘ਚ ਲਿਆਉਣ ਦੇ ਪ੍ਰਬੰਧ ਕੀਤੇ। ਕਿਸੇ ਨੇ ਇਹ ਨਹੀਂ ਪੁੱਛਿਆ ਕਿ ਇਨ੍ਹਾਂ ‘ਚੋਂ ਕੋਈ ਕੋਰੋਨਾ ਦਾ ਮਰੀਜ਼ ਤਾਂ ਨਹੀਂ? ਵਾਪਸ ਆਏ ਤਾਂ ਕਈਆਂ ਨੂੰ ਘਰੋ ਘਰੀ ਤੋਰ ਦਿੱਤਾ ਗਿਆ। ਬਾਅਦ ‘ਚ ਬਿਮਾਰੀ ਦੇ ਲੱਛਣਾਂ ਦਾ ਪਤਾ ਲੱਗਾ ਤਾਂ ਪੁਲੀਸ ਉਨ੍ਹਾਂ ਨੂੰ ਪਿੰਡਾਂ ‘ਚੋਂ ਇਸ ਤਰ੍ਹਾਂ ਚੁੱਕ ਕੇ ਲਿਆਈ ਜਿਵੇਂ ਦਹਿਸ਼ਤਗਰਦ ਕਾਬੂ ਕੀਤੇ ਹੋਣ। ਪਿੰਡਾਂ ਵਿੱਚ ਇਸ ਕਾਰਵਾਈ ਬਾਰੇ ਸ਼ਬਦ ਵੀ ਇਸ ਤਰ੍ਹਾਂ ਦੇ ਇਸਤੇਮਾਲ ਕੀਤੇ ਜਾ ਰਹੇ ਹਨ, “ਚੁੱਕ ਕੇ ਲੈ ਗਏ,” ਗੱਡੀ ‘ਚ ਸੁੱਟ ਕੇ ਲੈ ਗਏ।” ਇਸ ਮਾਹੌਲ ਨੇ ਪੰਜਾਬ ਦੇ ਕਾਲੇ ਦਿਨਾਂ ‘ਚ ਵਰਤੇ ਜਾਂਦੇ ਉਹ ਸ਼ਬਦ ਵੀ ਚੇਤੇ ਕਰਵਾ ਦਿੱਤੇ ਜਦੋਂ ਪੁਲੀਸ ਵਾਲੇ ਬਗੈਰ ਕਿਸੇ ਦੀ ਇਜਾਜ਼ਤ ਦੇ ਬੰਦਿਆਂ ਨੂੰ ਘਰਾਂ ਤੋਂ ਚੁੱਕ ਕੇ ਲੈ ਜਾਂਦੇ ਸਨ। ਇਨ੍ਹਾਂ ਸ਼ਬਦਾਂ ਦਾ ਇਸਤੇਮਾਲ ਕਰਨ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਜ਼ੂਰ ਸਾਹਿਬ ਤੋਂ ਆਈ ਸੰਗਤ ਨਾਲ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦਾ ਵਤੀਰਾ ਅਪਣਾਇਆ ਗਿਆ।

ਹੁਣ ਇਸ ਮਾਮਲੇ ਬਾਰੇ ਅਕਾਲੀ ਦਲ ਅਤੇ ਕਾਂਗਰਸ ਦੇ ਨੇਤਾ ਕਿਸ ਮੰਤਵ ਲਈ ਰਾਜਨੀਤੀ ਕਰ ਰਹੇ ਹਨ। ਟੀ.ਵੀ. ਚੈੱਨਲਾਂ ਦੀਆਂ ਬਹਿਸਾਂ ‘ਚ ਇੱਕ-ਦੂਜੇ ਨੂੰ ਭੰਢਿਆ ਜਾ ਰਿਹਾ ਹੈ। ਸਥਿਤੀ ਇਹ ਬਣ ਗਈ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੀਜੀ ਜਾਂ ਚੌਥੀ ਵਾਰ ਇਹ ਬਿਆਨ ਦੇਣਾ ਪਿਆ ਹੈ ਕਿ ਹਜ਼ੂਰ ਸਾਹਿਬ ਦੀ ਸੰਗਤ ਨੂੰ ਲੈ ਕੇ ਹੋ ਰਹੀ ਰਾਜਨੀਤੀ ਬੰਦ ਕੀਤੀ ਜਾਵੇ। ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ। ਪੰਜਾਬੀਆਂ ਦੀ ਸੇਵਾ ਭਾਵਨਾ ਦੀ ਤਾਂ ਪੂਰੀ ਦੁਨੀਆ ਤਾਰੀਫ ਕਰ ਰਹੀ ਹੈ। ਇਨ੍ਹਾਂ ਵੱਲੋਂ ਲੰਗਰ ਦੀ ਪ੍ਰਥਾ ਨੂੰ ਯੂ.ਐੱਨ.ਓ. ਵੱਲੋਂ ਸਲਾਹਿਆ ਗਿਆ ਹੈ। ਸਿੱਖ ਭਾਈਚਾਰਾ ਤਾਂ ਜੰਗ ਦੇ ਮੈਦਾਨ ਵਿੱਚ ਵੀ ਮਾਨਵਤਾ ਦਾ ਪੱਲਾ ਨਹੀਂ ਛੱਡਦਾ। ਜੰਗ ਦੇ ਮੈਦਾਨ ‘ਚ ਵੀ ਬਗੈਰ ਕਿਸੇ ਵਿਤਕਰੇ ਦੇ ਮੂੰਹ ‘ਚ ਪਾਣੀ ਪਾਉਂਦਾ ਹੈ। ਸ਼ਾਇਦ ਇਹੋ ਇੱਕ ਦੁਨੀਆ ਦਾ ਅਜਿਹਾ ਭਾਈਚਾਰਾ ਹੋਵੇਗਾ ਜਿਹੜਾ ਕਿ ਸੜਕਾਂ ‘ਤੇ ਖੜ੍ਹੇ ਹੋ ਕੇ ਦੋਵੇਂ ਹੱਥ ਜੋੜ ਕੇ ਲੰਗਰ ਛੱਕਣ ਲਈ ਬੇਨਤੀ ਕਰਦਾ ਹੋਵੇ। ਫਿਰ ਇਸ ਮਰਿਆਦਾ ਦੀ ਰੌਸ਼ਨੀ ‘ਚ ਜਦੋਂ ਹਜ਼ੂਰ ਸਾਹਿਬ ਦੀ ਸੰਗਤ ਨੂੰ ਲੈ ਕੇ ਸਿੱਖ ਭਾਈਚਾਰੇ ਦੇ ਦਾਅਵੇਦਾਰ ਅਖਵਾਉਣ ਵਾਲੇ ਲੋਕ ਮੇਹਣੋ ਮੇਹਣੀ ਹੋਣ ਤਾਂ ਇਸ ਤੋਂ ਵੱਧ ਸ਼ਰਮਸਾਰ ਗੱਲ ਕੀ ਹੋ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਗਲਤੀਆਂ ਵੀ ਸਭ ਦੇ ਸਾਹਮਣੇ ਹਨ ਤਾਂ ਫਿਰ ਅਕਾਲੀ ਦਲ ਦੇ ਆਗੂਆਂ ਨੇ ਅਜਿਹਾ ਕੀ ਕਰ ਦਿੱਤਾ ਜਿਸ ਦੇ ਸਿਰ ‘ਤੇ ਉਹ ਬਿਆਨਬਾਜ਼ੀ ਕਰ ਰਹੇ ਹਨ। ਇਸ ਸਥਿਤੀ ਦਾ ਫਾਇਦਾ ਉਠਾ ਕੇ ਮੀਡੀਆ ਦੇ ਇੱਕ ਹਿੱਸੇ ਨੇ ਵੀ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਹਜ਼ੂਰ ਸਾਹਿਬ ਤੋਂ ਆਈ ਸੰਗਤ ਆਖਦੀ ਹੈ ਕਿ ਉਨ੍ਹਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਕਿਵੇਂ ਅਤੇ ਕਿਹੜੇ ਵੇਲੇ ਉਨ੍ਹਾਂ ਵਿਚੋਂ ਕਈਆਂ ਨੂੰ ਬਿਮਾਰੀ ਲੱਗ ਗਈ। ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਨੰਦੇੜ ਸਾਹਿਬ ਵਿਖੇ ਉਨ੍ਹਾਂ ਦੇ ਕੋਰੋਨਾ ਬਾਰੇ ਟੈਸਟ ਸਹੀ ਢੰਗ ਨਾਲ ਹੋਏ ਵੀ ਜਾਂ ਨਹੀਂ? ਮੀਡੀਆ ਦੀਆਂ ਬਹਿਸਾਂ ਅਤੇ ਰਾਜਸੀ ਨੇਤਾਵਾਂ ਦੀ ਮੇਹਣੋ ਮੇਹਣੀ ਨੇ ਵੀ ਉਨ੍ਹਾਂ ਨੂੰ ਨਿਰਾਸ਼ ਕੀਤਾ ਹੈ। ਇਸ ਸਮੇਂ ਪੰਜਾਬ ਦੀ ਜੋ ਸਥਿਤੀ ਬਣੀ ਹੋਈ ਹੈ ਸਾਰਿਆਂ ਵੱਲੋਂ ਰੱਲ ਕੇ ਹੀ ਇਸ ਸਥਿਤੀ ਦਾ ਟਾਕਰਾ ਕੀਤਾ ਜਾ ਸਕਦਾ ਹੈ। ਪੰਜਾਬ ਤੰਦਰੁਸਤ ਰਹੇ। ਰਾਜਨੀਤੀ ਹੋਰਾਂ ਮੌਕਿਆਂ ਲਈ ਛੱਡ ਦੇਣੀ ਚਾਹੀਦੀ ਹੈ?

ਸੰਪਰਕ : 9814002186

- Advertisement -

Share this Article
Leave a comment