ਤਰਨਤਾਰਨ: ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇੱਕ ਹੋਰ ਦੁਖਦਾਈ ਖ਼ਬਰ ਪੁਰਤਗਾਲ ਤੋਂ ਸਾਹਮਣੇ ਆਈ ਹੈ, ਜਿੱਥੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਥਾਰੂ ਦੇ ਰਹਿਣ ਵਾਲੇ 18 ਸਾਲਾ ਦਿਲਰਾਜ ਸਿੰਘ ਦੀ ਅਚਾਨਕ ਮੌਤ ਹੋ ਗਈ। ਰੋਜ਼ੀ-ਰੋਟੀ ਦੀ ਭਾਲ ਅਤੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਸੱਤ ਸਮੁੰਦਰ ਪਾਰ ਗਏ ਪੁੱਤ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਮ੍ਰਿਤਕ ਦਿਲਰਾਜ ਦੇ ਪਿਤਾ ਇੱਕ ਪੁਲਿਸ ਕਰਮਚਾਰੀ ਹਨ, ਉਨ੍ਹਾਂ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਦੀ ਮਜਬੂਰੀ ਦੱਸੀ। ਉਨ੍ਹਾਂ ਕਿਹਾ ਕਿ ਆਪਣੇ ਪੁੱਤਰ ਦੇ ਬਿਹਤਰ ਭਵਿੱਖ ਦੀ ਉਮੀਦ ਵਿੱਚ ਆਪਣੀ ਪੰਜ ਏਕੜ ਜ਼ਮੀਨ 20 ਲੱਖ ਰੁਪਏ ਵਿੱਚ ਗਿਰਵੀ ਰੱਖੀ ਸੀ। ਚਾਰ ਸਾਲ ਪਹਿਲਾਂ, ਜਦੋਂ ਦਿਲਰਾਜ ਨੇ ਆਪਣੀ 12ਵੀਂ ਜਮਾਤ ਪੂਰੀ ਕੀਤੀ, ਤਾਂ ਉਸਨੂੰ ਪੁਰਤਗਾਲ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ ਵੀ ਜ਼ਿੰਦਗੀ ਇਹੋ ਜਿਹੀ ਨਹੀਂ ਸੀ ਜਿਵੇਂ ਸੋਚੀ ਗਈ ਸੀ।
ਉਨ੍ਹਾਂ ਦੱਸਿਆ ਕਿ ਦਿਲਰਾਜ ਪੁਰਤਗਾਲ ਵਿੱਚ ਆਪਣੇ ਕਾਗਜ਼ੀ ਕਾਰਵਾਈ ਪੂਰੀ ਹੋਣ ਅਤੇ ਦੋ ਸਾਲ ਦਾ ਵੀਜ਼ਾ ਮਿਲਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਉੱਥੇ ਪ੍ਰਵਾਸੀ ਪੰਜਾਬੀ ਨੌਜਵਾਨਾਂ ਨੂੰ ਕਾਫੀ ਸੰਘਰਸ਼ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਦਾ ਪੁੱਤਰ ਵੀ ਬੇਹੱਦ ਮੁਸ਼ਕਲ ਹਾਲਾਤ ਵਿੱਚ ਇੱਕ ਛੋਟੇ ਜਿਹੇ ਕਮਰੇ ਵਿੱਚ ਦਿਨ ਗੁਜ਼ਾਰ ਰਿਹਾ ਸੀ। ਬੀਤੀ ਰਾਤ ਜਦੋਂ ਪਰਿਵਾਰ ਨੂੰ ਪੁੱਤਰ ਦੀ ਮੌਤ ਦੀ ਸੂਚਨਾ ਮਿਲੀ, ਤਾਂ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ, ਬਚਪਨ ਵਿੱਚ ਦਿਲਰਾਜ ਦੇ ਦਿਲ ਵਿੱਚ ਛੇਦ ਸੀ, ਜਿਸ ਨੂੰ ਵੀ ਇਸ ਅਚਾਨਕ ਹੋਈ ਮੌਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਪੁੱਤ ਦੀ ਮੌਤ ਤੋਂ ਬਾਅਦ ਹੁਣ ਪਰਿਵਾਰ ਦੀ ਸਿਰਫ਼ ਇੱਕ ਹੀ ਇੱਛਾ ਹੈ ਕਿ ਉਸ ਦਾ ਅੰਤਿਮ ਸੰਸਕਾਰ ਉਸਦੇ ਜੱਦੀ ਪਿੰਡ ਵਿੱਚ ਹੋਵੇ। ਪੀੜਤ ਪਰਿਵਾਰ ਨੇ ਕੇਂਦਰ ਸਰਕਾਰ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਥਾਨਕ ਵਿਧਾਇਕ ਨੂੰ ਭਾਵੁਕ ਅਪੀਲ ਕੀਤੀ ਹੈ। ਪਿਤਾਨੇ ਕਿਹਾ ਕਿ ਕਿਸੇ ਵੀ ਪਿਤਾ ਲਈ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਦਾ ਇੰਤਜ਼ਾਰ ਕਰਨਾ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਹੁੰਦਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮੁਸ਼ਕਲ ਘੜੀ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ ਅਤੇ ਦਿਲਰਾਜ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਪੰਜਾਬ ਵਾਪਸ ਲਿਆਂਦੀ ਜਾਵੇ।

