ਨਿਊਜ਼ ਡੈਸਕ: ਸੀਨੀਅਰ ਕਾਂਗਰਸੀ ਨੇਤਾ ਭੰਵਰ ਲਾਲ ਸ਼ਰਮਾ ਦਾ ਐਤਵਾਰ ਨੂੰ ਜੈਪੁਰ ਵਿੱਚ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਸ਼ਨੀਵਾਰ ਸ਼ਾਮ ਨੂੰ ਹੀ ਉਨ੍ਹਾਂ ਨੂੰ ਜੈਪੁਰ ਦੇ SMS ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ।
ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਹਨੂੰਮਾਨ ਨਗਰ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਗਿਆ ਹੈ। ਵਿਦਿਆਧਰ ਨਗਰ ਬ੍ਰਾਹਮਣ ਮਹਾਸਭਾ ਭਵਨ ਵਿਚ ਉਨ੍ਹਾਂ ਦੇ ਪਾਰਥਿਵ ਸਰੀਰ ਨੂੰ ਦਰਸ਼ਨਾਂ ਲਈ ਰੱਖਿਆ ਜਾਵੇਗਾ। ਸੋਮਵਾਰ ਨੂੰ ਸਰਦਾਰਸ਼ਹਿਰ ਵਿਚ ਅੰਤਿਮ ਸਸਕਾਰ ਕੀਤਾ ਜਾਵੇਗਾ।
ਭੰਵਰ ਲਾਲ ਸ਼ਰਮਾ ਦਾ ਜਨਮ 17 ਅਪ੍ਰੈਲ 1945 ਨੂੰ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਸਰਦਾਰਸ਼ਹਿਰ ਦੇ ਪਿੰਡ ਜੈਤਸੀਸਰ ਵਿੱਚ ਹੋਇਆ ਸੀ। ਭੰਵਰ ਲਾਲ ਸ਼ਰਮਾ ਨੇ 17 ਸਾਲ ਦੀ ਉਮਰ ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਸੀ।1962 ਵਿੱਚ ਉਹ ਜੈਤੀਸਰ ਗ੍ਰਾਮ ਪੰਚਾਇਤ ਦੇ ਸਰਪੰਚ ਬਣੇ। ਉਹ 1962 ਤੋਂ 1982 ਤੱਕ ਸਰਪੰਚ ਰਹੇ। 1982 ਵਿੱਚ ਉਹ ਸਰਦਾਰਸ਼ਹਿਰ ਪੰਚਾਇਤ ਸੰਮਤੀ ਦੇ ਪ੍ਰਧਾਨ ਚੁਣੇ ਗਏ।
ਭੰਵਰ ਲਾਲ ਸ਼ਰਮਾ ਨੇ 1985 ਵਿੱਚ ਲੋਕ ਦਲ ਤੋਂ ਆਪਣੀ ਪਹਿਲੀ ਰਾਜਸਥਾਨ ਵਿਧਾਨ ਸਭਾ ਚੋਣ ਲੜੀ ਅਤੇ ਵਿਧਾਇਕ ਬਣੇ। ਇਸ ਤੋਂ ਬਾਅਦ ਉਹ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ। ਉਹ 1990 ਵਿੱਚ ਦੂਜੀ ਵਾਰ ਵਿਧਾਇਕ ਬਣਨ ਵਿੱਚ ਕਾਮਯਾਬ ਹੋਏ। ਉਨ੍ਹਾਂ ਨੂੰ ਰਾਜਸਥਾਨ ਵਿੱਚ ਇੰਦਰਾ ਗਾਂਧੀ ਨਹਿਰੀ ਪ੍ਰਾਜੈਕਟ ਮੰਤਰੀ ਬਣਾਇਆ ਗਿਆ ਸੀ। ਉਨ੍ਹਾਂ ਨੇ 1996 ਵਿੱਚ ਰਾਜਸਥਾਨ ਵਿਧਾਨ ਸਭਾ ਉਪ ਚੋਣ ਵੀ ਜਿੱਤੀ ਸੀ। ਉਹ 1998, 2003, 2013 ਅਤੇ 2018 ਦੀਆਂ ਚੋਣਾਂ ਵਿੱਚ ਕਾਂਗਰਸ ਦੀ ਟਿਕਟ ‘ਤੇ ਵਿਧਾਇਕ ਬਣੇ ਸਨ।