ਤਮਿਲਨਾਡੂ: ਮਦੁਰੈ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ 2020 ਦੇ ਇੱਕ ਮਾਮਲੇ ਵਿੱਚ ਅਦਾਲਤ ਨੇ 9 ਪੁਲਿਸ ਮੁਲਾਜ਼ਮਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ, ਸਾਰਿਆਂ ‘ਤੇ ਸਾਂਝੇ ਤੌਰ ‘ਤੇ 1.40 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਦਰਅਸਲ, ਜੂਨ 2020 ਵਿੱਚ ਲੌਕਡਾਊਨ ਦੌਰਾਨ ਪੁਲਿਸ ਨੇ ਇਕ ਪਿਓ-ਪੁੱਤ ਨੂੰ ਦੇਰ ਤੱਕ ਦੁਕਾਨ ਖੋਲ੍ਹਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਸੀ। ਇਸ ਦੌਰਾਨ ਦੋਵਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਪਿਓ-ਪੁੱਤ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ 9 ਪੁਲਿਸ ਮੁਲਾਜ਼ਮ ਦੋਸ਼ੀ ਪਾਏ ਗਏ ਸਨ, ਜਿਸ ਤੋਂ ਬਾਅਦ ਅਦਾਲਤ ਨੇ ਸਾਰਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।
ਸਾਰੇ ਪੁਲਿਸ ਮੁਲਾਜ਼ਮਾਂ ਨੂੰ ਤੂਤੀਕੋਰਿਨ ਦੇ ਸਥਾਨਕੁਲਮ ਵਿੱਚ ਹਿਰਾਸਤ ਦੌਰਾਨ ਬੇਰਹਿਮ ਤਸ਼ੱਦਦ ਦੇ ਕੇ ਪਿਓ-ਪੁੱਤ ਦਾ ਕਤਲ ਕਰਨ ਦੇ ਜੁਰਮ ਵਿੱਚ ਦੋਸ਼ੀ ਪਾਇਆ ਗਿਆ ਹੈ । ਪਹਿਲੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੀ. ਮੁਥੂਕੁਮਾਰਨ ਨੇ ਇਸ ਨੂੰ ‘ਵਿਰਲੇ ਤੋਂ ਵਿਰਲਾ’ ਮਾਮਲਾ ਦੱਸਿਆ। ਉਨ੍ਹਾਂ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਜਨਤਾ ਦੀ ਰੱਖਿਆ ਦਾ ਜ਼ਿੰਮਾ ਸੰਭਾਲਣ ਵਾਲਿਆਂ ਨੇ ਅਜਿਹਾ ਅਪਰਾਧ ਕੀਤਾ ਹੈ, ਜਿਸ ਨੇ ਸਮਾਜ ਦੀ ਸਮੂਹਿਕ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਦਾਲਤ ਨੇ ਪੀ. ਜੈਰਾਜ ਅਤੇ ਉਨ੍ਹਾਂ ਦੇ ਬੇਟੇ ਜੇ. ਬੈਨਿਕਸ ਦੀ ਹੱਤਿਆ ਦੇ ਦੋਸ਼ੀ ਪਾਏ ਗਏ ਸਾਰੇ 9 ਪੁਲਿਸ ਅਧਿਕਾਰੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ, ਸਾਰੇ ਦੋਸ਼ੀਆਂ ‘ਤੇ 1.40 ਕਰੋੜ ਰੁਪਏ ਦਾ ਸਾਂਝਾ ਜੁਰਮਾਨਾ ਵੀ ਲਗਾਇਆ ਗਿਆ ਹੈ, ਜੋ ਕਿ ਪੀੜਤ ਪਰਿਵਾਰ ਨੂੰ ਮੁਆਵਜ਼ੇ ਵਜੋਂ ਦਿੱਤਾ ਜਾਵੇਗਾ।
ਇਸ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਪੁਲਿਸ ਮੁਲਾਜ਼ਮਾਂ ਵਿੱਚ ਇੰਸਪੈਕਟਰ ਐੱਸ. ਸ਼੍ਰੀਧਰ, ਸਬ-ਇੰਸਪੈਕਟਰ ਪੀ. ਰਘੂ ਗਣੇਸ਼ ਅਤੇ ਕੇ. ਬਾਲਕ੍ਰਿਸ਼ਨਨ, ਹੈੱਡ ਕਾਂਸਟੇਬਲ ਐੱਸ. ਮੁਰੂਗਨ ਅਤੇ ਏ. ਸਮਦੁਰਈ ਸ਼ਾਮਲ ਹਨ। ਇਸ ਦੇ ਨਾਲ ਹੀ ਕਾਂਸਟੇਬਲ ਐੱਮ. ਮੁਥੂਰਾਜ, ਐੱਸ. ਚੇਲਾਦੁਰਈ, ਐਕਸ. ਥਾਮਸ ਫ੍ਰਾਂਸਿਸ ਅਤੇ ਐੱਸ. ਵੇਲੂਮੁਥੂ ਵੀ ਸ਼ਾਮਲ ਹਨ।ਹਾਲਾਂਕਿ ਇਸ ਮਾਮਲੇ ਵਿੱਚ 10ਵੇਂ ਮੁਲਜ਼ਮ ਸਪੈਸ਼ਲ ਸਬ-ਇੰਸਪੈਕਟਰ ਪਾਲਦੁਰਈ ਦੀ ਟਰਾਇਲ ਦੌਰਾਨ ਕੋਵਿਡ ਕਾਰਨ ਮੌਤ ਹੋ ਗਈ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

