ਚੰਡੀਗੜ੍ਹ : ਡੇਰਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਸਣੇ ਹੋਰ ਡੇਰਾ ਪ੍ਰੇਮੀਆਂ ਨੂੰ ਪੰਚਕੂਲਾ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਜਾਣਕਾਰੀ ਮੁਤਾਬਿਕ ਅਦਾਲਤ ਨੇ ਹਨੀਪ੍ਰੀਤ ਸਣੇ ਸਾਰਿਆਂ ਨੂੰ 125 ਤੇ 121-ਏ ਦੇਸ਼ਧ੍ਰੋਹ ਦੀ ਧਾਰਾ ਤੋਂ ਬਰੀ ਕਰ ਦਿੱਤਾ ਹੈ।
ਦੱਸ ਦਈਏ ਕਿ ਹਨੀਪ੍ਰੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਮੰਨੀ ਜਾਂਦੀ ਹੈ। ਜਦੋਂ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ ‘ਚ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ , ਤਾਂ ਉਸ ਸਮੇਂ ਹਨੀਪ੍ਰੀਤ ਅਤੇ ਇਹਨਾਂ ਡੇਰਾ ਪ੍ਰੇਮੀਆਂ ‘ਤੇ ਪੰਚਕੂਲਾ ‘ਚ ਹਿੰਸਾ ਭੜਕਾਉਣ ਦੇ ਮਾਮਲੇ ‘ਚ ਦੇਸ਼ਧ੍ਰੋਹ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਹੋਇਆ ਸੀ। ਇਸ ਬਾਰੇ ਹਨੀਪ੍ਰੀਤ ਦੇ ਵਕੀਲ ਨੇ ਦੱਸਿਆ ਕਿ ਹੁਣ ਇਹ ਹਨੀਪ੍ਰੀਤ ਸਣੇ ਸਾਰੇ ਜਣੇ ਜ਼ਮਾਨਤ ਲਈ ਅਰਜੀ ਲਗਾ ਸਕਦੇ ਹਨ।
ਦੱਸਣਯੋਗ ਹੈ ਕਿ 25 ਅਗਸਤ 2017 ਨੂੰ ਪੰਚਕੂਲਾ ‘ਚ ਹਿੰਸਾ ‘ਚ 36 ਦੇ ਕੀਰਬ ਲੋਕ ਮਾਰੇ ਗਏ ਸਨ , ਪਰ ਹੁਣ ਹਨੀਪ੍ਰੀਤ ਅਤੇ ਇਨ੍ਹਾਂ ਡੇਰਾ ਪ੍ਰੇਮੀਆਂ ਨੂੰ ਜ਼ਮਾਨਤ ਮਿਲਣਾ ਤਕਰੀਬਨ ਤੈਅ ਹੀ ਸਮਝਿਆ ਜਾ ਰਿਹਾ ਹੈ। ਇਸ ਮਾਮਲੇ ‘ਤੇ ਅਗਲੀ ਸੁਣਵਾਈ 6 ਨਵੰਬਰ ਨੂੰ ਹੋਵੇਗੀ।