ਤਾਮਿਲਨਾਡੂ : ਨੋਕੀਆ ਮੋਬਾਈਲ ਕੰਪਨੀ ਦੇ ਪਲਾਂਟ ‘ਚ 42 ਕਾਮੇ ਮਿਲੇ ਕੋਰੋਨਾ ਪਾਜ਼ੀਟਿਵ, ਪਲਾਂਟ ਬੰਦ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਮਹਾਮਾਰੀ ਹੋਰ ਵੀ ਘਾਤਕ ਰੂਪ ਧਾਰਨ ਕਰਦੀ ਜਾ ਰਹੀ ਹੈ। ਰੋਜ਼ਾਨਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦੇੇ ਮਿਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ‘ਚ ਹੀ ਨੋਕੀਆ ਮੋਬਾਈਲ ਕੰਪਨੀ ਦੇ ਤਾਮਿਲਨਾਡੂ ਪਲਾਂਟ ‘ਚ 42 ਕਰਮਚਾਰੀ ਕੋਰੋਨਾ ਪਾਜ਼ੀਟਿਵ ਮਿਲੇ ਹਨ। ਜਿਸ ਤੋਂ ਬਾਅਦ ਕੰਪਨੀ ਨੇ ਉਕਤ ਪਲਾਂਟ ਨੂੰ ਬੰਦ ਕਰ ਦਿੱਤਾ ਹੈ। ਇਸ ਦੀ ਅਧਿਕਾਰਿਤ ਪੁਸ਼ਟੀ ਨੋਕੀਆ ਕੰਪਨੀ ਵੱਲੋਂ ਕੀਤੀ ਗਈ ਹੈ।

ਦੱਸ ਦਈਏ ਕਿ ਲੌਕਡਾਊਨ ‘ਚ ਸਰਕਾਰ ਵੱਲੋਂ ਢਿੱਲ ਦੇਣ ਤੋਂ ਬਾਅਦ ਕੁਝ ਸ਼ਰਤਾਂ ਨਾਲ ਕੰਪਨੀਆਂ  ਦੁਬਾਰਾ ਕੰਮ ਸ਼ੁਰੂ ਕਰਨ ਦੀ ਆਗਿਆ ਦਿੱਤੀ ਗਈ ਸੀ। ਜਿਸ ਤੋਂ ਬਾਅਦ ਨੋਕੀਆ ਕੰਪਨੀ ਦੇ ਤਾਮਿਲਨਾਡੂ ਪਲਾਂਟ ‘ਚ ਵੀ ਕੰਮਕਾਜ਼ ਸ਼ੁਰੂ ਹੋ ਗਿਆ ਸੀ। ਪਰ ਕੰਪਨੀ ਦੇ ਪਲਾਂਟ ‘ਚ 42 ਕਾਮਿਆਂ ‘ਚ ਕੋਰੋਨਾ ਦੇ ਲੱਛਣ ਮਿਲਣ ਤੋਂ ਬਾਅਦ ਕੰਪਨੀ ਨੇ ਪਲਾਂਟ ਨੂੰ ਬੰਦ ਕਰ ਦਿੱਤਾ ਹੈ। ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੇ ਚੱਲਦੇ ਕੰਪਨੀ ਵੱਲੋਂ ਪਲਾਂਟ ‘ਚ ਸਮਾਜਿਕ ਦੂਰੀ ਦੇ ਨਿਯਮ ਨੂੰ ਧਿਆਨ ‘ਚ ਰੱਖਦੇ ਹੋਏ ਬਹੁਤ ਸਾਰੇ ਉਪਾਅ ਅਤੇ ਤਬਦੀਲੀਆਂ ਕੀਤੀਆਂ ਗਈਆਂ ਸਨ।

ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ‘ਚ ਓਪੋ ਮੋਬਾਈਲ ਕੰਪਨੀ ਦੀ ਫੈਕਟਰੀ ‘ਚ ਵੀ ਕੋਰੋਨਾ ਦੇ 9 ਮਾਮਲੇ ਸਾਹਮਣੇ ਆਏ ਸਨ। ਜਿਸ ਤੋਂ ਬਾਅਦ ਓਪੋ ਨੇ ਫੈਕਟਰੀ ਨੂੰ ਬੰਦ ਕਰ ਦਿੱਤਾ ਸੀ।

ਜੇਕਰ ਤਾਮਿਲਨਾਡੂ ਦੀ ਗੱਲ ਕਰੀਏ ਤਾਂ ਸੂਬੇ ‘ਚ ਹੁਣ ਤੱਕ ਕੋਰੋਨਾ ਦੇ 17 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 118 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਦੂਜੇ ਪਾਸੇ ਦੇਸ਼ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 4,300 ਤੋਂ ਟੱਪ ਗਿਆ ਹੈ ਅਤੇ 1 ਲੱਖ 52 ਹਜ਼ਾਰ ਲੋਕ ਕੋਰੋਨਾ ਸੰਕਰਮਿਤ ਹਨ।

- Advertisement -

Share this Article
Leave a comment