ਓਨਟਾਰੀਓ ‘ਚ ਕੋਰੋਨਾ ਦੇ 446 ਨਵੇਂ ਮਾਮਲਿਆਂ ਤੋਂ ਬਾਅਦ ਸਟੇਟ ਆਫ ਐਮਰਜੈਂਸੀ ਦੀ ਮਿਆਦ 30 ਜੂਨ ਤੱਕ ਵਧਾਈ ਗਈ

TeamGlobalPunjab
2 Min Read

ਓਨਟਾਰੀਓ : ਓਨਟਾਰੀਓ ਪ੍ਰੋਵਿੰਸ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਤੇਜੀ ਨਾਲ ਵੱਧ ਰਹੇ ਹਨ। ਬੀਤੇ ਦਿਨੀਂ ਪ੍ਰੋਵਿੰਸ ‘ਚ ਕੋਰੋਨਾ ਦੇ 446 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਤੋਂ ਬਾਅਦ ਪ੍ਰੀਮੀਅਰ ਡੱਗ ਫੋਰਡ ਵੱਲੋਂ ਓਨਟਾਰੀਓ ‘ਚ ਸਟੇਟ ਆਫ ਐਮਰਜੈਂਸੀ ਨੂੰ 30 ਜੂਨ ਤੱਕ ਵਧਾ ਦਿੱਤਾ ਗਿਆ ਹੈ। ਪ੍ਰੀਮੀਅਰ ਫੋਰਡ ਨੇ ਇਹ ਵੀ ਕਿਹਾ ਕਿ ਇਸਦਾ ਇਹ ਮਤਲਬ ਨਹੀਂ ਕਿ ਸਰਕਾਰ ਨੇ ਰੀਓਪਨਿੰਗ ਹੋਲਡ ਕਰ ਦਿੱਤੀ ਹੈ। ਸਰਕਾਰ ਸੁਰੱਖਿਅਤ ਤਰੀਕੇ ਨਾਲ ਅਰਥਚਾਰਾ ਖੋਲ੍ਹਣ ਲਈ ਲਗਾਤਾਰ ਕੰਮ ਕਰ ਰਹੀ ਹੈ। ਪ੍ਰੀਮੀਅਰ ਫੋਰਡ ਨੇ ਬਿਜਨਸ ਅਦਾਰਿਆਂ ਵੱਲੋਂ ਫਰੰਟ ਲਾਇਨ ਵਰਕਰਾਂ ਲਈ ਜ਼ਰੂਰੀ ਸਮਾਨ ਬਣਾਉਣ ਲਈ ਦਿਖਾਏ ਗਏ ਉਤਸ਼ਾਹ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਦੀ ਸ਼ਲਾਘਾ ਕੀਤੀ।

ਦੱਸ ਦਈਏ ਕਿ ਬੀਤੀ ਦਿਨੀਂ ਓਨਟਾਰੀਓ ਪ੍ਰੋਵਿੰਸ ‘ਚ ਕੋਵਿਡ-19 ਦੇ 446 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇੱਕ ਵਾਰੀ ਫਿਰ ਇਨ੍ਹਾਂ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਸ ਦੌਰਾਨ 17 ਹੋਰ ਲੋਕਾਂ ਦੀ ਮੌਤ ਹੋ ਗਈ ਤੇ ਮਰਨ ਵਾਲਿਆਂ ਦੀ ਕੁੱਲ ਗਿਣਤੀ 2293 ਤੱਕ ਅੱਪੜ ਗਈ ਹੈ। ਪਬਲਿਕ ਹੈਲਥ ਓਨਟਾਰੀਓ ਦੀਆਂ ਰਿਪੋਰਟਾਂ ਮੁਤਾਬਕ 2293 ਮੌਤਾਂ ਵਿੱਚੋਂ 1465 ਲਾਂਗ ਟਰਮ ਕੇਅਰ ਵਿੱਚ ਹੋਈਆਂ ਹਨ। ਪਰ ਲਾਂਗ ਟਰਮ ਕੇਅਰ ਮੰਤਰਾਲੇ ਅਨੁਸਾਰ ਲਾਂਗ ਟਰਮ ਕੇਅਰ ਹੋਮਜ਼ ਵਿੱਚ 1652 ਲੋਕ ਮਾਰੇ ਗਏ ਹਨ। ਲਾਂਗ ਟਰਮ ਕੇਅਰ ਫੈਸਿਲਿਟੀਜ਼ ਵਿੱਚ ਆਊਟਬ੍ਰੇਕ ਦੀ ਗਿਣਤੀ 112 ਤੋਂ 105 ਰਹਿ ਗਈ ਹੈ।

ਪ੍ਰੋਵਿੰਸ ਵੱਲੋਂ ਕੋਵਿਡ-19 ਦੇ ਕੁਲ ਮਾਮਲਿਆਂ ਦੀ ਗਿਣਤੀ 28,709 ਦੱਸੀ ਜਾ ਰਹੀ ਹੈ। ਇਨ੍ਹਾਂ ਵਿੱਚੋਂ 78.3 ਫੀਸਦੀ ਲੋਕ ਸਿਹਤਯਾਬ ਹੋ ਗਏ ਦੱਸੇ ਜਾਂਦੇ ਹਨ। ਇੱਕ ਦਿਨ ਪਹਿਲਾਂ ਪ੍ਰੋਵਿੰਸ ਵੱਲੋਂ 15244 ਟੈਸਟ ਮੁਕੰਮਲ ਕੀਤੇ ਗਏ।

Share this Article
Leave a comment