ਤਾਲਿਬਾਨ ਨੇ ਕਰੇਨ ਨਾਲ ਅਫਗਾਨ ਸ਼ਹਿਰ ਦੇ ਮੁੱਖ ਚੌਕ ‘ਚ ਲਾਸ਼ ਨੂੰ ਟੰਗਿਆ,ਮੁੜ ਤੋਂ ਫਾਂਸੀ ਤੇ ਹੱਥ ਕੱਟਣ ਦੀ ਸਜ਼ਾ ਕਰੇਗਾ ਸ਼ੁਰੂ

TeamGlobalPunjab
2 Min Read

ਕਾਬੁਲ : ਅਫ਼ਗਾਨਿਸਤਾਨ ‘ਚ ਤਾਲਿਬਾਨੀ ਸਰਕਾਰ ਆਪਣੀ ਹਕੂਮਤ ਦੀ ਦਹਿਸ਼ਤ ਫੈਲਾਉਣ ਲਈ ਕਰੂਰ ਹਰਕਤਾਂ ਨੂੰ ਅੰਜਾਮ ਦੇ ਰਹੀ ਹੈ। ਚਸ਼ਮਦੀਦ ਨੇ ਦੱਸਿਆ ਕਿ ਸ਼ਨੀਵਾਰ ਨੂੰ ਤਾਲਿਬਾਨ ਨੇ ਪੱਛਮੀ ਅਫਗਾਨਿਸਤਾਨ ਦੇ ਹੇਰਾਤ ਸ਼ਹਿਰ ਦੇ ਮੁੱਖ ਚੌਕ ਵਿੱਚ ਇੱਕ ਕਰੇਨ ਨਾਲ ਇੱਕ ਲਾਸ਼ ਨੂੰ ਲਟਕਾ ਦਿੱਤਾ ।ਵਜ਼ੀਰ ਅਹਿਮਦ ਸਦੀਕੀ, ਜੋ ਕਿ ਚੌਕ ਦੇ ਪਾਸੇ ਇੱਕ ਫਾਰਮੇਸੀ ਚਲਾਉਂਦੇ ਹਨ, ਨੇ ਦੱਸਿਆ ਕਿ ਚਾਰ ਲਾਸ਼ਾਂ ਨੂੰ ਚੌਕ ਵਿੱਚ ਲਿਆਂਦਾ ਗਿਆ ਸੀ ਅਤੇ ਤਿੰਨ ਲਾਸ਼ਾਂ ਨੂੰ ਪ੍ਰਦਰਸ਼ਿਤ ਕਰਨ ਲਈ ਸ਼ਹਿਰ ਦੇ ਹੋਰ ਚੌਕਾਂ ਵਿੱਚ ਭੇਜਿਆ ਗਿਆ । ਲਾਸ਼ ਨੂੰ ਉਨ੍ਹਾਂ ਨੇ ਕਰੇਨ ਦੀ ਮਦਦ ਨਾਲ ਚੌਰਾਹੇ ‘ਤੇ ਟੰਗ ਦਿੱਤਾ। 

ਤਾਲਿਬਾਨ ਨੇ ਚੌਰਾਹੇ ‘ਤੇ ਲਾਸ਼ ਟੰਗਦੇ ਹੋਏ ਐਲਾਨ ਕੀਤਾ ਕਿ ਮਾਰੇ ਗਏ ਇਨ੍ਹਾਂ ਚਾਰ ਲੋਕਾਂ ਨੇ ਅਗਵਾ ਕਾਂਡ ਕੀਤਾ ਸੀ ਤੇ ਇਨ੍ਹਾਂ ਸਾਰਿਆਂ ਨੂੰ ਪੁਲਿਸ ਨੇ ਮੁਕਾਬਲੇ ‘ਚ ਮਾਰਿਆ ਹੈ। ਤਾਲਿਬਾਨ ਦਾ ਇਸ ਘਟਨਾ ਦੇ ਸਬੰਧ ‘ਚ ਕੋਈ ਬਿਆਨ ਨਹੀਂ ਆਇਆ ਹੈ। ਤਾਲਿਬਾਨ ਦੇ ਸੰਸਥਾਪਕਾਂ ‘ਚੋਂ ਇਕ ਤੇ ਇਸਲਾਮੀ ਕਾਨੂੰਨਾਂ ਦੇ ਸਖ਼ਤੀ ਨਾਲ ਲਾਗੂ ਕਰਨ ਦੇ ਹਮਾਇਤੀ ਮੁੱਲਾ ਨੂਰਉੱਦੀਨ ਤੁਰਾਬੀ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਤਾਲਿਬਾਨ ਮੁੜ ਤੋਂ ਫਾਂਸੀ ਤੇ ਹੱਥ ਕੱਟਣ ਦੀ ਸਜ਼ਾ ਸ਼ੁਰੂ ਕਰੇਗਾ। ਇਸ ਵਾਰ ਇਹ ਸਜ਼ਾ ਜਨਤਕ ਨਹੀਂ ਹੋਵੇਗੀ।

ਤਾਲਿਬਾਨ ਨੇ ਮੁੜ ਤੋਂ ਆਪਣੇ ਪੁਰਾਣੇ ਸ਼ਾਸਨ ਦੀ ਯਾਦ ਦਿਵਾ ਦਿੱਤੀ ਹੈ। ਤਾਲਿਬਾਨ ਦੀ ਸਰਕਾਰ ਬਣਨ ਤੋਂ ਬਾਅਦ ਕਾਇਦੇ ਕਾਨੂੰਨਾਂ ਦੀ ਬਜਾਏ ਹੁਣ ਉਹ ਪੁਰਾਣੇ ਅੰਦਾਜ਼ ‘ਚ ਹੀ ਸਰਕਾਰ ਚਲਾਉਣ ਲੱਗਾ ਹੈ।

Share this Article
Leave a comment