ਸੀਰੀਆ ਦੇ ਸਾਬਕਾ ਰਾਸ਼ਟਰਪਤੀ ਨੂੰ ਸੁਣਾਈ ਗਈ ਸਜ਼ਾ-ਏ-ਮੌਤ

Global Team
3 Min Read

ਨਿਊਜ਼ ਡੈਸਕ: ਸੀਰੀਆ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਬਸ਼ਰ ਅਲ-ਅਸਦ, ਉਨ੍ਹਾਂ ਦੇ ਛੋਟੇ ਭਰਾ ਮਾਹਿਰ ਅਲ-ਅਸਦ ਅਤੇ ਰਿਸ਼ਤੇਦਾਰ ਅਤੀਫ ਨਜੀਬ ਨੂੰ ਫਾਂਸੀ ਦੀ ਸਜ਼ਾ ਸੁਣਾਈ। ਤਿੰਨਾਂ ਨੂੰ ਦੇਸ਼ ਵਿੱਚ ਗ੍ਰਹਿ ਯੁੱਧ ਦੌਰਾਨ ਹੋਈਆਂ ਮੌਤਾਂ ਅਤੇ ਜ਼ੁਲਮਾਂ ਨਾਲ ਜੁੜੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ।

ਬਸ਼ਰ ਅਤੇ ਮਾਹਿਰ ਦੋਵੇਂ ਦਸੰਬਰ 2024 ਵਿੱਚ ਉਨ੍ਹਾਂ ਦੀ ਸਰਕਾਰ ਡਿੱਗਣ ਤੋਂ ਬਾਅਦ ਰੂਸ ਚਲੇ ਗਏ ਸਨ। ਰੂਸ ਨੇ ਉਨ੍ਹਾਂ ਨੂੰ ਸ਼ਰਨ ਦਿੱਤੀ ਹੋਈ ਹੈ। ਇਸ ਕਾਰਨ ਦੋਵਾਂ ਨੂੰ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਹੀ ਸਜ਼ਾ ਸੁਣਾਈ ਗਈ। ਦੂਜੇ ਪਾਸੇ ਅਤੀਫ ਨਜੀਬ ਨੂੰ ਜਨਵਰੀ 2025 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮੰਗਲਵਾਰ ਨੂੰ ਉਸ ਨੂੰ ਕੈਦੀ ਦੀ ਵਰਦੀ ਵਿੱਚ ਪਿੰਜਰੇ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਪ੍ਰਦਰਸ਼ਨਕਾਰੀਆਂ ’ਤੇ ਕਾਰਵਾਈ ਦੇ ਹੁਕਮ ਦਾ ਦੋਸ਼

ਅਤੀਫ ਨਜੀਬ ਸੀਰੀਆਈ ਫੌਜ ਵਿੱਚ ਬ੍ਰਿਗੇਡੀਅਰ ਜਨਰਲ ਰਹਿ ਚੁੱਕੇ ਹਨ। 2011 ਵਿੱਚ ਉਹ ਦਾਰਾ ਸੂਬੇ ਵਿੱਚ ਸਿਆਸੀ ਸੁਰੱਖਿਆ ਸ਼ਾਖਾ ਦੇ ਮੁਖੀ ਸਨ। ਉਨ੍ਹਾਂ ’ਤੇ ਪ੍ਰਦਰਸ਼ਨਕਾਰੀਆਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਹੁਕਮ ਦੇਣ ਦਾ ਦੋਸ਼ ਲੱਗਿਆ।

ਇਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਹੋਰ ਤੇਜ਼ ਹੋਏ ਅਤੇ ਸੀਰੀਆ ਗ੍ਰਹਿ ਯੁੱਧ ਦੀ ਲਪੇਟ ਵਿੱਚ ਆ ਗਿਆ। ਇਹ ਸੰਘਰਸ਼ 2024 ਤੱਕ ਚੱਲਿਆ, ਜਿਸ ਦੌਰਾਨ ਕਰੀਬ ਪੰਜ ਲੱਖ ਲੋਕਾਂ ਦੀ ਮੌਤ ਹੋਈ।

53 ਸਾਲ ਪੁਰਾਣਾ ਅਸਦ ਰਾਜ ਹੋਇਆ ਖ਼ਤਮ

ਇਹ ਬਸ਼ਰ ਅਲ-ਅਸਦ ਖ਼ਿਲਾਫ਼ ਕਿਸੇ ਅਪਰਾਧਿਕ ਮਾਮਲੇ ਵਿੱਚ ਆਇਆ ਪਹਿਲਾ ਫੈਸਲਾ ਦੱਸਿਆ ਜਾ ਰਿਹਾ ਹੈ। ਦਸੰਬਰ 2024 ਵਿੱਚ ਵਿਦਰੋਹੀਆਂ ਨੇ ਦਮਿਸ਼ਕ ’ਤੇ ਕਬਜ਼ਾ ਕਰਕੇ ਅਸਦ ਸਰਕਾਰ ਨੂੰ ਹਟਾ ਦਿੱਤਾ ਸੀ। ਇਸ ਨਾਲ 1971 ਤੋਂ ਚੱਲ ਰਿਹਾ ਅਸਦ ਪਰਿਵਾਰ ਦਾ ਲੰਮਾ ਰਾਜ ਵੀ ਖ਼ਤਮ ਹੋ ਗਿਆ।

ਸਰਕਾਰ ਡਿੱਗਣ ਤੋਂ ਪਹਿਲਾਂ ਬਸ਼ਰ ਅਲ-ਅਸਦ ਪਰਿਵਾਰ ਸਮੇਤ ਰੂਸ ਚਲੇ ਗਏ। ਇਸ ਤੋਂ ਬਾਅਦ ਵਿਦਰੋਹੀ ਆਗੂ ਅਹਿਮਦ ਅਲ-ਸ਼ਰਾ ਦੀ ਅਗਵਾਈ ਵਿੱਚ ਨਵੀਂ ਸਰਕਾਰ ਬਣੀ, ਜਿਸ ਨੇ ਅਸਦ ਦੇ ਸ਼ਾਸਨ ਦੌਰਾਨ ਹੋਈਆਂ ਹੱਤਿਆਵਾਂ ਅਤੇ ਜ਼ੁਲਮਾਂ ਦੀ ਜਾਂਚ ਸ਼ੁਰੂ ਕੀਤੀ।

ਰੂਸ ਤੇ ਈਰਾਨ ਦੀ ਹਮਾਇਤ ਵੀ ਨਹੀਂ ਬਚਾ ਸਕੀ ਸਰਕਾਰ

ਗ੍ਰਹਿ ਯੁੱਧ ਦੌਰਾਨ ਅਸਦ ਸਰਕਾਰ ਨੂੰ ਰੂਸ, ਈਰਾਨ ਅਤੇ ਹਿਜ਼ਬੁੱਲਾਹ ਦਾ ਸਮਰਥਨ ਮਿਲਦਾ ਰਿਹਾ। ਪਰ 2024 ਵਿੱਚ ਹਾਲਾਤ ਬਦਲ ਗਏ। ਇਜ਼ਰਾਈਲ ਦੇ ਹਮਲਿਆਂ ਕਾਰਨ ਹਿਜ਼ਬੁੱਲਾਹ ਅਤੇ ਈਰਾਨ-ਸਮਰਥਿਤ ਧੜੇ ਕਮਜ਼ੋਰ ਹੋਏ, ਜਦਕਿ ਰੂਸ ਯੂਕਰੇਨ ਜੰਗ ਵਿੱਚ ਉਲਝਿਆ ਹੋਇਆ ਸੀ।

ਇਸ ਮੌਕੇ ਦਾ ਫਾਇਦਾ ਚੁੱਕਦਿਆਂ ਤੁਰਕੀ-ਸਮਰਥਿਤ ਵਿਦਰੋਹੀਆਂ ਨੇ ਇਦਲਿਬ ਤੋਂ ਵੱਡਾ ਹਮਲਾ ਸ਼ੁਰੂ ਕੀਤਾ। ਉਹ ਤੇਜ਼ੀ ਨਾਲ ਕਈ ਸ਼ਹਿਰਾਂ ’ਤੇ ਕਾਬਜ਼ ਹੁੰਦੇ ਹੋਏ 8 ਦਸੰਬਰ 2024 ਨੂੰ ਦਮਿਸ਼ਕ ਪਹੁੰਚ ਗਏ। ਇਸ ਤੋਂ ਬਾਅਦ ਅਸਦ ਪਰਿਵਾਰ ਦਾ ਸ਼ਾਸਨ ਪੂਰੀ ਤਰ੍ਹਾਂ ਖ਼ਤਮ ਹੋ ਗਿਆ।

Share This Article
Leave a Comment