WhatsApp Web ਵਰਤਣ ਵਾਲੇ ਹੋ ਜਾਣ ਸਾਵਧਾਨ! ਕੰਪਿਊਟਰ ‘ਤੇ ਲਾਗਇਨ ਛੱਡਣਾ ਪੈ ਸਕਦੈ ਮਹਿੰਗਾ!

raajan tiwari
3 Min Read

News Desk : ਜੇਕਰ ਤੁਸੀਂ ਵੀ ਦਫ਼ਤਰ ਜਾਂ ਕਿਸੇ ਦੂਜੇ ਵਿਅਕਤੀ ਦੇ ਕੰਪਿਊਟਰ ‘ਤੇ WhatsApp Web ਚਲਾਉਂਦੇ ਹੋ ਤਾਂ ਹੁਣੇ ਸਾਵਧਾਨ ਹੋ ਜਾਓ… ਕਿਉਂਕਿ ਤੁਹਾਡੀ ਇੱਕ ਛੋਟੀ ਜਿਹੀ ਲਾਪਰਵਾਹੀ ਤੁਹਾਡੀਆਂ ਨਿੱਜੀ ਚੈਟਾਂ, ਸੰਪਰਕਾਂ ਅਤੇ ਇੱਥੋਂ ਤੱਕ ਕਿ ਤੁਹਾਡੀ ਪਛਾਣ ਨੂੰ ਵੀ ਖ਼ਤਰੇ ਵਿੱਚ ਪਾ ਸਕਦੀ ਹੈ। ਜੀ ਹਾਂ, ਭਾਰਤ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ I4C ਨੇ WhatsApp Web ਦੀ ਵਰਤੋਂ ਕਰਨ ਵਾਲਿਆਂ ਲਈ ਖ਼ਾਸ ਐਡਵਾਈਜ਼ਰੀ ਜਾਰੀ ਕਰਦਿਆਂ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ। ਦਰਅਸਲ, ਗ੍ਰਹਿ ਮੰਤਰਾਲੇ ਅਧੀਨ ਕੰਮ ਕਰਨ ਵਾਲੇ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਯਾਨੀ I4C ਮੁਤਾਬਕ, ਬਹੁਤ ਸਾਰੇ ਲੋਕ WhatsApp Web ਦੀ ਵਰਤੋਂ ਕਰਨ ਤੋਂ ਬਾਅਦ ਸਿਰਫ਼ ਬ੍ਰਾਊਜ਼ਰ ਦੀ ਟੈਬ ਜਾਂ ਵਿੰਡੋ ਬੰਦ ਕਰ ਦਿੰਦੇ ਹਨ। ਪਰ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਿਰਫ਼ ਟੈਬ ਬੰਦ ਕਰਨ ਨਾਲ ਤੁਹਾਡਾ WhatsApp ਅਕਾਊਂਟ ਲਾਗਆਊਟ ਨਹੀਂ ਹੁੰਦਾ। ਤੁਹਾਡਾ ਲਾਗਇਨ ਸੈਸ਼ਨ ਐਕਟਿਵ ਰਹਿ ਸਕਦਾ ਹੈ ਅਤੇ ਬਾਅਦ ਵਿੱਚ ਉਸੇ ਕੰਪਿਊਟਰ ਦੀ ਵਰਤੋਂ ਕਰਨ ਵਾਲਾ ਕੋਈ ਹੋਰ ਵਿਅਕਤੀ ਤੁਹਾਡੀਆਂ ਚੈਟਾਂ ਤੱਕ ਪਹੁੰਚ ਬਣਾ ਸਕਦਾ ਹੈ।

ਹੁਣ ਗੱਲ ਕਰਦੇ ਹਾਂ ਕਿ ਇਸ ਨਾਲ ਕੀ ਨੁਕਸਾਨ ਹੋ ਸਕਦਾ ਹੈ?

ਜੇਕਰ ਕਿਸੇ ਅਣਅਧਿਕਾਰਤ ਵਿਅਕਤੀ ਦੇ ਹੱਥ ਤੁਹਾਡਾ WhatsApp ਅਕਾਊਂਟ ਲੱਗ ਜਾਂਦਾ ਹੈ ਤਾਂ ਉਹ ਤੁਹਾਡੇ ਦੋਸਤਾਂ, ਰਿਸ਼ਤੇਦਾਰਾਂ ਅਤੇ ਸਹਿਕਰਮੀਆਂ ਨੂੰ ਤੁਹਾਡੇ ਨਾਮ ‘ਤੇ ਮੈਸੇਜ ਭੇਜ ਕੇ ਪੈਸਿਆਂ ਦੀ ਮੰਗ ਕਰ ਸਕਦਾ ਹੈ। ਇਸ ਤੋਂ ਇਲਾਵਾ ਫਰਜ਼ੀ ਲਿੰਕ ਭੇਜ ਕੇ ਸਾਈਬਰ ਠੱਗੀ ਕੀਤੀ ਜਾ ਸਕਦੀ ਹੈ। ਤੁਹਾਡੀਆਂ ਨਿੱਜੀ ਚੈਟਾਂ, ਕਾਂਟੈਕਟਸ ਅਤੇ ਗਰੁੱਪਾਂ ਦੀ ਜਾਣਕਾਰੀ ਵੀ ਲੀਕ ਹੋ ਸਕਦੀ ਹੈ।

ਸਾਈਬਰ ਕੈਫੇ ਅਤੇ ਦਫ਼ਤਰ ਦੇ ਕੰਪਿਊਟਰਾਂ ‘ਤੇ ਖ਼ਾਸ ਸਾਵਧਾਨੀ!

I4C ਨੇ ਸਾਂਝੇ ਕੰਪਿਊਟਰਾਂ, ਸਾਈਬਰ ਕੈਫੇ, ਹੋਟਲਾਂ ਦੇ ਬਿਜ਼ਨਸ ਸੈਂਟਰਾਂ ਅਤੇ ਪਬਲਿਕ ਕੰਪਿਊਟਰਾਂ ‘ਤੇ WhatsApp Web ਦੀ ਵਰਤੋਂ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਹੁਣ ਜਾਣ ਲਓ ਬਚਾਅ ਦੇ ਜ਼ਰੂਰੀ ਤਰੀਕੇ।

  • ਪਹਿਲਾ, ਕੰਮ ਖ਼ਤਮ ਹੁੰਦਿਆਂ ਹੀ WhatsApp Web ਤੋਂ ਮੈਨੂਅਲੀ ਲਾਗਆਊਟ ਜ਼ਰੂਰ ਕਰੋ।

  • ਦੂਜਾ, ਆਪਣੇ ਮੋਬਾਈਲ ਵਿੱਚ WhatsApp ਦੇ Linked Devices ਸੈਕਸ਼ਨ ਨੂੰ ਚੈੱਕ ਕਰਦੇ ਰਹੋ ਅਤੇ ਕਿਸੇ ਅਣਜਾਣ ਡਿਵਾਈਸ ਨੂੰ ਤੁਰੰਤ ਲਾਗਆਊਟ ਕਰੋ।

  • ਤੀਜਾ, ਜੇਕਰ ਸਾਂਝੇ ਕੰਪਿਊਟਰ ‘ਤੇ ਲਾਗਇਨ ਕਰਨਾ ਜ਼ਰੂਰੀ ਹੋਵੇ ਤਾਂ Incognito ਜਾਂ Private Browsing ਮੋਡ ਵਰਤੋ। ਪਰ ਇਸ ਦੇ ਬਾਵਜੂਦ ਲਾਗਆਊਟ ਕਰਨਾ ਨਾ ਭੁੱਲੋ।

  • ਚੌਥਾ, ਆਪਣੇ ਮੋਬਾਈਲ, ਕੰਪਿਊਟਰ ਅਤੇ ਬ੍ਰਾਊਜ਼ਰ ਨੂੰ ਹਮੇਸ਼ਾ ਅਪਡੇਟ ਰੱਖੋ।

ਇਸ ਲਈ ਯਾਦ ਰੱਖੋ, WhatsApp Web ਦੀ ਟੈਬ ਬੰਦ ਕਰਨਾ ਅਤੇ ਅਕਾਊਂਟ ਲਾਗਆਊਟ ਕਰਨਾ ਦੋ ਵੱਖ-ਵੱਖ ਗੱਲਾਂ ਹਨ। ਇੱਕ ਛੋਟੀ ਜਿਹੀ ਸਾਵਧਾਨੀ ਤੁਹਾਨੂੰ ਵੱਡੀ ਸਾਈਬਰ ਠੱਗੀ ਤੋਂ ਬਚਾ ਸਕਦੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment