ਬਚਾਓ ਵਿੱਚ ਹੀ ਬਚਾਓ ਹੈ! ਕਣਕ ਦੀ ਵਾਢੀ ਦੌਰਾਨ ਵਿਚਾਰਨਯੋਗ ਜ਼ਰੂਰੀ ਨੁਕਤੇ

TeamGlobalPunjab
7 Min Read

-ਡਾ ਮਨਜੀਤ ਸਿੰਘ

ਸਰਕਾਰ ਦੁਆਰਾ ਕੋਵਿਡ-19 (ਕਰੋਨਾ ਵਾਇਰਸ) ਸਬੰਧੀ ਬਚਾਅ ਮੁਹਿੰਮ ਤਹਿਤ ਤਾਲਾਬੰਦੀ/ਕਰਫਿਊ ਦੌਰਾਨ ਕਣਕ ਦੀ ਫਸਲ ਦੀ ਵਢਾਈ-ਗਹਾਈ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਨੂੰ ਚਲਾਉਣ ਦੀ ਛੋਟ ਦਿੱਤੀ ਗਈ ਹੈ। ਇਸ ਸਬੰਧ ਵਿੱਚ ਕਿਸਾਨ ਵੀਰਾਂ, ਖੇਤ ਮਜਦੂਰਾਂ ਦੇ ਨਾਲ-ਨਾਲ ਮਸ਼ੀਨਾਂ ਨੂੰ ਜੀਵਾਣੂ ਰਹਿਤ ਰਖਣ ਲਈ ਕੁਝ ਨੁਕਤੇ ਇਸ ਤਰਾਂ ਹਨ:

ਕੋਵਿਡ-19 ਤੋਂ ਬਚਾਓ ਹਿਤ

ਸੰਦ ਅਤੇ ਮਸ਼ੀਨਾਂ ਦੀ ਰੋਜਮਰ੍ਹਾ ਦੀ ਸਫਾਈ ਅਤੇ ਇਹਨਾਂ ਨੂੰ ਜੀਵਾਣੂ ਰਹਿਤ ਕਿਵੇਂ ਕਰੀਏ:

- Advertisement -

ਕਿਸਾਨ ਵੀਰੋ! ਮਸ਼ੀਨਾਂ ਦੇ ਪੁਰਜੇ ਅਤੇ ਸੰਦ ਜਿਹਨਾ ਉੱਤੇ ਹੱਥ ਲੱਗਦੇ ਰਹਿੰਦੇ ਹਨ ਜਿਵੇਂ ਕਿ ਵਾਢੀ ਲਈ ਦਾਤਰੀ, ਟਰੈਕਟਰ ਅਤੇ ਕੰਬਾਈਨ ਦੇ ਕੰਟਰੋਲ, ਜਿਵੇਂ ਸਟੀਅਰਰਿੰਗ, ਰੇਸ ਲੀਵਰ, ਗੀਅਰ ਲੀਵਰ, ਲਿਫਟ ਲੀਵਰ, ਸੀਟ, ਸੀਸ਼ਾ (ਕੰਬਾਈਨ ਦੇ ਸਾਰੇ ਵਰਤਵ ਵਾਲੇ ਲੀਵਰ) ਥਰੈਸ਼ਰ ਦੇ ਰੁੱਗ ਲਾਉਣ ਵਾਲੇ ਪਰਣਾਲੇ, ਮਸ਼ੀਨ ਦੀ ਹੁੱਕ, ਸਪਰੇਅਰ ਲਾਂਸ ਆਦਿ ਦੀ ਸਫਾਈ ਵਾਰ-ਵਾਰ ਇਨ੍ਹਾਂ ਵਿਧੀਆਂ ਨਾਲ ਕਰੋ:

ਮਸ਼ੀਨਾਂ ਦੀ ਸਾਬਣ/ਕੱਪੜੇ ਧੋਣ ਵਾਲੇ ਸੋਡੇ ਨਾਲ ਘੁਲੇ ਪਾਣੀ ਨਾਲ ਅਤੇ ਸੋਡਿਅਮ ਹਾਈਪੋਕਲੋਰਾਈਟ (1%) ਦੇ ਘੋਲ ਨਾਲ ਸਫਾਈ (3 ਸਟੈਪ) ਕਰੋ:

(a) ਪਾਣੀ ਵਿੱਚ ਸਾਬਣ/ਸੋਡੇ ਦਾ ਘੋਲ ਤਿਆਰ ਕਰਕੇ ਢੋਲ ਵਾਲੇ ਸਪਰੇਅਰ ਨਾਲ ਉਪਰ ਦੱਸੇ ਪੁਰਜ਼ਿਆਂ ਉੱਪਰ ਚੰਗੀ ਤਰ੍ਹਾਂ ਸਪਰੇਅ ਕਰੋ। ਵੱਡੇ ਖੇਤਰ ਜਿਵੇਂ ਕਿ ਮਸ਼ੀਨੀ ਸ਼ੈੱਡ ਆਦਿ ਵਿੱਚ ਸਪਰੇਅ ਲਈ ਏਅਰੋ ਬਲਾਸਟ ਸਪਰੇਅਰ ਦੁਆਰਾ ਸਪਰੇਅ ਜਿਆਦਾ ਢੁੱਕਵੀਂ ਰਹੇਗੀ।
(ਅ) ਸਾਫ ਪਾਣੀ ਨਾਲ ਸਤਿਹ ਨੂੰ ਧੋਵੋ ਅਤੇ 10 ਮਿੰਟ ਲਈ ਸੁੱਕਣ ਦਾ ਇੰਤਜ਼ਾਰ ਕਰੋ।
(ੲ) ਫਿਰ ਉਸ ਜਗ੍ਹਾ ਨੂੰ ਸੋਡਿਅਮ ਹਾਈਪੋਕਲੋਰਾਈਟ ਜੀਵਾਣੂ ਨਾਸ਼ਕ ਦੀ ਨਿਰਧਾਰਤ ਮਾਤਰਾ (1%) ਪਾ ਕੇ ਸਾਫ਼ ਕਰੋ ਜਾਂ ਸਪਰੇਅ ਕਰੋ।
(ਨੋਟ: ਇਸ ਕੰਮ ਦੌਰਾਨ ਟਰੈਕਟਰ ਅਤੇ ਮਸ਼ੀਨ ਦੇ ਬਿਜਲੀ ਵਾਲੇ ਹਿੱਸੇ ਪਾਲੀਥੀਨ ਦੀ ਸ਼ੀਟ ਨਾਲ ਢਕ ਦਿਉ। ਸਪਰੇਅ ਅੱਖਾਂ ਵਿਚ ਅਤੇ ਚਮੜੀ ਤੇ ਨਾਂ ਪੈਣ ਦਿਓ।)

ਜਿਆਦਾਤਰ ਛੁਹਣ ਵਾਲੇ ਹਿੱਸਿਆਂ ਨੂੰ ਜੀਵਾਣੂ ਰਹਿਤ ਕਰਨ ਲਈ
ਮਸ਼ੀਨਰੀ ਦੇ ਜਿਆਦਾਤਰ ਛੂਹਣ ਵਾਲੇ ਹਿੱਸਿਆਂ ਜਿਵੇਂ ਕਿ ਸਟੀਅਰਿੰਗ, ਰੇਸ ਲੀਵਰ, ਗੀਅਰ ਲੀਵਰ, ਸ਼ਿਫਟਿੰਗ ਲੀਵਰ, ਲਿਫਟ ਲੀਵਰ, ਸ਼ੀਸ਼ਾ ਥਰੈਸ਼ਰ ਦੇ ਰੁੱਗ ਲਾਉਣ ਵਾਲੇ ਪਰਣਾਲੇ ਆਦਿ ਅਲਕੋਹਲ/ ਸਪਿਰਟ ਨਾਲ ਗਿੱਲੇ ਕੀਤੇ ਫੰਬੇ/ ਕੱਪੜੇ ਨਾਲ ਸਾਫ਼ ਕਰੋ ਜਾਂ ਸੇਨੇਟਾਈਜਰ ਦੀ ਵਰਤੋਂ ਕਰੋ।

ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ

- Advertisement -

• ਹਰ ਵਿਅਕਤੀ ਤੋਂ ਘੱਟੋ-ਘੱਟ ਇਕ-ਦੋ ਮੀਟਰ ਦੀ ਦੂਰੀ ਬਣਾ ਕੇ ਰਖੋ।
• ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕੀ ਕਰਨਾ ਅਤੇ ਕੀ ਨਹੀਂ ਕਰਨਾ ਹੈ ਸਬੰਧੀ ਜਾਰੀ ਸ਼ਿਫਾਰਸ਼ਾਂ ਦੀ ਪਾਲਣਾ ਕਰੋ।
• ਖੇਤ ਵਿੱਚ ਕੰਮ ਦੌਰਾਨ ਢੁੱਕਵੇਂ ਕੱਪੜੇ, ਦਸਤਾਨੇ ਅਤੇ ਮੁੰਹ ਤੇ ਮਾਸਕ ਜ਼ਰੂਰ ਪਾਓ ।
• ਰੋਟੀ ਘਰੋਂ ਹੀ ਲੈ ਕੇ ਜਾਓ।
• ਖੇਤ ਵਿੱਚ ਕੰਮ ਦੌਰਾਨ ਪੀਣ ਵਾਲੇ ਪਾਣੀ ਦੀ ਬੋਤਲ ਥੈਲੇ ਵਿੱਚ ਰੱਖੋ ਅਤੇ ਇਹ ਬੋਤਲ ਕਿਸੇ ਨਾਲ ਵੀ ਸਾਂਝੀ ਨਾ ਕਰੋ ।
• ਮਸ਼ੀਨ ਉਪਰ ਘੱਟ ਤੋਂ ਘੱਟ (ਚਾਰ ਤੋਂ ਜਿਆਦਾ ਨਹੀਂ) ਤੰਦਰੁਸਤ ਬੰਦੇ ਹੀ ਬਿਠਾਓ ਅਤੇ ਉਹ ਆਪਸ ਵਿੱਚ ਜਿੰਨਾ ਹੋ ਸਕੇ ਦੂਰੀ ਬਣਾ ਕੇ ਰੱਖਣ।
• ਜਦੋਂ ਕੰਮ ਕਰਨ ਵਾਲਾ ਜ਼ਿਆਦਾ ਥਕੇਵਾਂ ਮਹਿਸੂਸ ਕਰੇ, ਤਾਂ ਉਸਨੂੰ ਸਾਹ ਦਿਵਾਓ।
• ਕਿਸਾਨਾਂ ਅਤੇ ਕਾਮਿਆਂ ਨੂੰ ਥੋੜੇ-ਥੋੜੇ ਵਕਫੇ ਤੇ ਆਪਣੇ ਹੱਥ ਸਾਬਣ/ ਡਿਟਰਜੈਂਟ ਜਾਂ ਸੈਨੀਟਾਈਜ਼ਰ ਨਾਲ ਸਾਫ਼ ਕਰਦੇ ਰਹਿਣਾ ਚਾਹੀਦਾ ਹੈ ।
• ਅੱਖਾਂ, ਨੱਕ ਅਤੇ ਮੂੰਹ ਨੂੰ ਹੱਥ ਲਾਉਣ ਤੋਂ ਗੁਰੇਜ਼ ਕਰੋ ।
• ਖੁੱਲ੍ਹੇ ਥਾਂ ਵਿੱਚ ਨਾ ਥੁੱਕੋ ।
• ਛਿੱਕ-ਖੰਘ ਆਉਣ ਸਮੇਂ ਮੂੰਹ ਨੂੰ ਢੱਕੋ।
• ਵਿਸਾਖੀ ਦੇ ਮੇਲੇ ਨਾ ਲਾਓ।
• ਅਫ਼ਵਾਹਾਂ ਤੋਂ ਬਚੋ।
• ਹੋ ਸਕੇ ਤਾਂ ਬੋਰੀਆਂ ਭਰ ਕੇ ਹੀ ਮੰਡੀਆਂ ਵਿੱਚ ਲੈ ਕੇ ਜਾਓ।
• ਜੇਕਰ ਕਿਸੇ ਨੂੰ ਖਾਂਸੀ/ਬੁਖਾਰ ਹੋਵੇ ਤਾਂ ਉਸਨੂੰ ਦੂਰ ਰਖੋ ਅਤੇ ਉਸਦਾ ਡਾਕਟਰ ਤੋਂ ਚੈਕਅੱਪ ਕਰਾਓ।
• ਘਰ ਪਹੁੰਚਣ ਤੇ ਕੱਪੜੇ ਸਾਬਣ ਨਾਲ ਧੋਵੋ ਅਤੇ ਸਾਬਣ ਨਾਲ ਨਹਾਓ।
ਸੁਰੱਖਿਅਤ ਤਰੀਕੇ ਨਾਲ ਮਸ਼ੀਨਰੀ ਚਲਾਉਣ ਸਬੰਧੀ ਸੁਝਾਅ
• ਕੰਬਾਈਨ ਅਤੇ ਸਟਰਾਰੀਪਰ ਦੀ ਵਰਤੋਂ ਦਿਨ ਦੇ ਸਮੇਂ ਹੀ ਕਰੋ (ਸਵੇਰੇ 9.੦੦ ਤੋਂ ਸ਼ਾਮ 7.੦੦ ਵਜੇ ਤੱਕ)। ਕਿਉਂਕਿ ਰਾਤ ਸਮੇਂ ਇਹਨਾਂ ਦੀ ਵਰਤੋਂ ਨਾਲ ਹਾਦਸੇ ਦੇ ਮੌਕੇ ਵਧ ਜਾਂਦੇ ਹਨ।
• ਟਰੈਕਟਰ, ਕੰਬਾਈਨ, ਸਟਰਾਰੀਪਰ, ਥਰੈਸ਼ਰ ਆਦਿ ਦੀ ਢੁਕਵੀਂ ਦੇਖ-ਰੇਖ ਕਰੋ ਅਤੇ ਇਹਨਾਂ ਦਾ ਸਹੀ ਤਰੀਕੇ ਨਾਲ ਕੰਮ ਕਰਨਾ ਯਕੀਨੀ ਬਣਾਓ ।
• ਬੈਟਰੀ, ਸਟਾਰਟਰ ਅਤੇ ਸਾਰੇ ਕਰੰਟ ਵਾਲੇ ਕੁਨੈਕਸ਼ਨ ਸਹੀ ਤਰ੍ਹਾਂ ਕੰਮ ਕਰਦੇ ਹੋਣੇ ਚਾਹੀਦੇ ਹਨ ਅਤੇ ਇਹ ਸਾਫ-ਸੁਥਰੇ ਰੱਖੇ ਜਾਣ।
• ਸੁੱਕੀ ਫਸਲ ਦੀ ਕਟਾਈ ਅਤੇ ਗਹਾਈ ਤੇ ਤੇਲ ਦੀ ਖਪਤ ਘੱਟ ਹੁੰਦੀ ਹੈ । ਜੇਕਰ ਫਸਲ ਪੂਰੀ ਤਰ੍ਹਾਂ ਪੱਕੀ ਹੋਵੇ ਤਾਂ ਦਾਣਿਆਂ ਦੀ ਟੁੱਟ ਭੱਜ/ਨੁਕਸਾਨ ਘਟ ਹੁੰਦਾ ਹੈ।
ਅੱਗ ਲਗਣ ਤੋ ਬਚਾਓ ਲਈ
• ਤਾਰਾਂ ਦੇ ਜੋੜ, ਖਾਸ ਕਰਕੇ ਬੈਟਰੀ ਦੇ ਟਰਮੀਨਲ ਕੱਸੇ ਹੋਣ ਕਿਉਂਕਿ ਟਰੈਕਟਰ/ ਕੰਬਾਈਨ ਦੇ ਸਟਾਰਟ ਹੋਣ ਵੇਲੇ ਢਿੱਲੇ ਜੋੜਾਂ ਕਰਕੇ ਸਪਾਰਕ ਹੋਣ ਨਾਲ ਪੱਕੀ ਹੋਈ ਫਸਲ ਵਿੱਚ ਅੱਗ ਲੱਗਣ ਦਾ ਡਰ ਰਹਿੰਦਾ ਹੈ।
• ਟਰੈਕਟਰ ਦੇ ਸਾਈਲੈਂਸਰ ਵਿੱਚੋਂ ਨਿਕਲਣ ਵਾਲੇ ਧੂੰਏ ਅਤੇ ਚਿੰਗਿਆੜੀ ਨਾਲ ਫਸਲ ਨੂੰ ਅੱਗ ਲੱਗਣ ਦਾ ਖਦਸ਼ਾ ਰਹਿੰਦਾ ਹੈ । ਇਸ ਲਈ ਸਾਈਲੈਂਸਰ ਉਪਰ ਵੱਲ ਹੋਣਾ ਚਾਹੀਦਾ ਹੈ।
• ਕਿਸਾਨ ਵੀਰੋ ! ਟਰਾਂਸਫਾਰਮਰ ਦੇ ਆਲੇ ਦੁਆਲੇ ਦੀ ਇੱਕ ਮਰਲਾ ਕਣਕ ਪਹਿਲਾਂ ਹੀ ਕੱਟ ਲਓ। ਖੇਤਾਂ ਵਿੱਚ ਲੱਗੇ ਟਰਾਂਸਫਾਰਮਰ ਦੇ ਆਲੇ-ਦੁਆਲੇ ਦੇ 10 ਮੀਟਰ ਦੇ ਘੇਰੇ ਨੂੰ ਗਿੱਲਾ ਰੱਖੋ। ਜੇਕਰ ਕੋਈ ਚੰਗਿਆੜੀ ਡਿੱਗ ਵੀ ਜਾਵੇ ਤਾਂ ਉਸ ਨਾਲ ਅੱਗ ਲੱਗਣ ਤੋਂ ਬਚਾਅ ਹੋ ਜਾਵੇਗਾ।
• ਪੂਰੀ ਤਰ੍ਹਾਂ ਪੱਕਣ ਤੇ ਹੀ ਫਸਲ ਦੀ ਕਟਾਈ ਕਰੋ। ਜੇਕਰ ਬਾਰਿਸ਼ ਕਰਕੇ ਫਸਲ ਵਿੱਚ ਨਮੀ ਆ ਗਈ ਹੋਵੇ ਤਾਂ ਫਸਲ ਦੀ ਨਮੀਂ ਖਤਮ ਹੋਣ ਤੇ ਹੀ ਫਸਲ ਦੀ ਕਟਾਈ/ਗਹਾਈ ਕੀਤੀ ਜਾਵੇ। ਕਿਉਂਕਿ ਜੇ ਫਸਲ ਸਿੱਲ੍ਹੀ ਹੋਵੇ ਤਾਂ ਇਸ ਦਾ ਨਾੜ ਨਰਮ ਹੋ ਜਾਂਦਾ ਹੈ ਅਤੇ ਇਹ ਥਰੈਸ਼ਰ ਦੀ ਸ਼ਾਫਟ ਦੇ ਨਾਲ ਲਿਪਟ ਜਾਂਦਾ ਹੈ ਅਤੇ ਥਰੈਸ਼ਿੰਗ ਸਿਲੰਡਰ ਵਿੱਚ ਰਗੜ ਪੈਦਾ ਹੋਣ ਤੇ ਅੱਗ ਫੜ ਲੈਂਦਾ ਹੈ।
• ਜੇਕਰ ਸਟਰਾਅ ਰੀਪਰ ਦਾ ਕਟਰਬਾਰ ਜਮੀਨ ਦੇ ਜਿਆਦਾ ਨੇੜੇ ਰੱਖਿਆ ਜਾਂਦਾ ਹੈ ਤਾਂ ਇਹ ਮਿੱਟੀ ਦੇ ਡਲੇ, ਇੱਟਾਂ ਦੇ ਟੁਕੜੇ ਆਦਿ ਸਖਤ ਪਦਾਰਥ ਜੋ ਕੇ ਜਮੀਨ ਤੇ ਪਏ ਹੁੰਦੇ ਹਨ, ਉਠਾ ਲੈਂਦਾ ਹੈ ਅਤੇ ਇਹ ਚੀਜ਼ਾਂ ਮਸ਼ੀਨ ਵਿੱਚ ਚਲੇ ਜਾਣ ਤੇ ਰਗੜ ਨਾਲ ਅੱਗ ਲੱਗ ਜਾਂਦੀ ਹੈ।
• ਮੁਰੰਮਤ ਸਮੇਂ ਟਰੈਕਟਰ ਜਾਂ ਮਸ਼ੀਨ ਫਸਲ ਤੋਂ ਦੂਰ ਖੜ੍ਹੀ ਕਰਕੇ ਠੀਕ ਕੀਤੀ ਜਾਵੇ।
• ਲੋੜ ਪੈਣ ਤੇ ਵਰਤੋਂ ਲਈ ਨੇੜੇ ਦੇ ਟਿਊਬਵੈਲ ਤੋ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਪਾਣੀ ਨਾਲ ਭਰਿਆ ਟੈਂਕਰ ਅਤੇ ਸਪਰੇਅਰ ਟੈਂਕਰ ਖੇਤ/ਪਿੰਡ ਦੇ ਨੇੜੇ ਮੌਜੂਦ ਹੋਣਾ ਚਾਹੀਦਾ ਹੈ।
• ਬਿਜਲੀ ਨਾ ਹੋਣ ਦੀ ਸੂਰਤ ਵਿੱਚ ਟਰੈਕਟਰ ਵਾਲੇ ਜਨਰੇਟਰ ਤਿਆਰ ਰੱਖੋ ਤਾਂ ਕਿ ਟਿਊਬਵੈਲ ਨੂੰ ਲੋੜ ਪੈਣ ਤੇ ਚਲਾਇਆ ਜਾ ਸਕੇ।
• ਬਿਜਲੀ ਸਪਲਾਈ ਵਾਲ਼ਿਆਂ ਦਾ ਨੰਬਰ ਨੋਟ ਕਰ ਕੇ ਰੱਖੋ ਤਾਂ ਜੋ ਲੋੜ ਪੈਣ ਤੇ ਬੰਦ ਕਰਨ ਲਈ ਸੂਚਨਾ ਦਿੱਤੀ ਜਾ ਸਕੇ।

Share this Article
Leave a comment