ਜਗਤਾਰ ਸਿੰਘ ਸਿੱਧੂ
ਅੱਜ ਅਮ੍ਰਿਤਸਰ ਵਿਖੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਰਹਾਇਸ਼ ਉਪਰ ਸ਼ਾਮੀ ਸੰਖੇਪ ਜਿਹੀ ਹੋਰ ਹੰਗਾਮੀ ਮੀਟਿੰਗ ਨੇ ਪੰਥਕ ਅਤੇ ਰਾਜਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ । ਮੀਟਿੰਗ ਵਿੱਚ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੀ ਸ਼ਾਮਿਲ ਹੋਏ । ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈਕੇ ਪੰਥਕ ਧਿਰਾਂ ਅਤੇ ਅਕਾਲੀ ਦਲ ਦੇ ਸੰਕਟ ਦੇ ਮੱਦੇਨਜ਼ਰ ਇਹ ਮੀਟਿੰਗ ਬੜੀ ਅਹਿਮੀਅਤ ਰੱਖਦੀ ਹੈ। ਹਾਲਾਂਕਿ ਕਿ ਮੀਟਿੰਗ ਖਤਮ ਹੋਣ ਬਾਅਦ ਬਲਵਿੰਦਰ ਸਿੰਘ ਭੂੰਦੜ ਨੇ ਮੀਡੀਆ ਵਲੋ ਪੁੱਛੇ ਗਏ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਅਤੇ ਇਹ ਆਖਕੇ ਪੱਲਾ ਛੁਡਾਇਆ ਕਿ ਉਹ ਤਾਂ ਸਤਿਕਾਰ ਦੇਣ ਲਈ ਸਿੰਘ ਸਾਹਿਬਾਨ ਨੂੰ ਮਿਲੇ ਸਨ ਅਤੇ ਹੋਰ ਕੋਈ ਗੱਲ ਨਹੀਂ ਹੋਈ ਹੈ ।ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਨੇ ਪੱਤਰਕਾਰਾਂ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਅਤੇ ਇਹ ਹੀ ਕਿਹਾ ਕਿ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਭਰਾ ਦੇ ਭੋਗ ਤੋਂ ਹੀ ਸਿੰਘ ਸਾਹਿਬਾਨ ਦੇ ਨਾਲ ਆ ਗਏ ਸਨ। ਅਸਲ ਵਿੱਚ ਭਾਈ ਰਾਜੋਆਣਾ ਦੇ ਭਰਾ ਦੇ ਭੋਗ ਸਨ ਅਤੇ ਭਾਈ ਰਾਜੋਆਣਾ ਵੀ ਦਹਾਕਿਆਂ ਬਾਅਦ ਕੁਝ ਘੰਟਿਆਂ ਲਈ ਪੈਰੋਲ ਉੱਤੇ ਆਏ ਸਨ । ਉਸ ਪ੍ਰੋਗਰਾਮ ਦੀ ਸਮਾਪਤੀ ਬਾਅਦ ਹੀ ਗਿਆਨੀ ਰਘਬੀਰ ਸਿੰਘ ਦੀ ਰਿਹਾਇਸ਼ ਉਤੇ ਇਹ ਮੁਲਾਕਾਤ ਕੀਤੀ ਗਈ ਹੈ ਜਿਸ ਨੂੰ ਲੈ ਕੇ ਸਵਾਲ ਉੱਠ ਰਹੇ ਹਨ । ਪੱਤਰਕਾਰਾਂ ਨੇ ਇਹ ਸਵਾਲ ਪੁੱਛਣ ਦੀ ਵੀ ਕੋਸ਼ਿਸ਼ ਕੀਤੀ ਕਿ ਕੀ ਸਿੰਘ ਸਾਹਿਬਾਨ ਦੇ ਅਸਤੀਫ਼ੇ ਦੇਣ ਦਾ ਕੋਈ ਮਾਮਲਾ ਹੈ ਪਰ ਧਾਮੀ ਅਤੇ ਭੂੰਦੜ ਨੇ ਅਜਿਹੀ ਕੋਈ ਪੁਸ਼ਟੀ ਨਹੀਂ ਕੀਤੀ । ਸਿੰਘ ਸਾਹਿਬਾਨ ਦਾ ਵੀ ਇਸ ਮੁਲਾਕਾਤ ਬਾਰੇ ਕੋਈ ਪ੍ਰਤੀਕਰਮ ਨਹੀਂ ਆਇਆ । ਇਸ ਦਾ ਨਤੀਜਾ ਇਹ ਵੀ ਹੈ ਕਿ ਮੀਡੀਆ ਅੰਦਰ ਮੁਲਾਕਾਤ ਦੇ ਆਪੋ ਅਪਣੇ ਮਾਇਣੇ ਕੱਢੇ ਜਾਂ ਰਹੇ ਹਨ।
ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਇਸ ਸੰਕਟ ਦੇ ਸਮੇ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ ਪਰ ਪ੍ਰਸਥਿਤੀਆਂ ਇਮਤਿਹਾਨ ਲੈਣ ਵਾਲੀਆਂ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਇਸ ਸੰਕਟ ਦੇ ਦੌਰ ਵਿੱਚ ਕਮੇਟੀ ਦੀ ਸ਼ਾਨ ਨਾਲ ਚੋਣ ਜਿੱਤਕੇ ਇਹ ਸਾਬਿਤਕਰ ਦਿੱਤਾ ਕਿ ਮੁਸ਼ਕਲ ਸਥਿਤੀ ਵਿੱਚ ਵੀ ਉਨ੍ਹਾਂ ਨੇ ਨਾ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਭਾਲ ਕੇ ਰੱਖਿਆ ਸਗੋਂ ਪਿਛਲੀਆਂ ਚੋਣਾਂ ਨਾਲੋਂ ਵੀ ਵੱਡਾ ਫਰਕ ਜਿੱਤ ਦਾ ਦਰਜ ਕਰਵਾਇਆ । ਇਹ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਦੇ ਕੁਝ ਆਗੂਆਂ ਵਲੋਂ ਸਿੰਘ ਸਾਹਿਬਾਨ ਬਾਰੇ ਸਖਤ ਟਿੱਪਣੀਆਂ ਕਰਨ ਦੇ ਬਾਵਜੂਦ ਧਾਮੀ ਨੇ ਸਿੰਘ ਸਾਹਿਬਾਨ ਦੇ ਮਾਮਲਿਆਂ ਵਿੱਚ ਅਕਾਲੀ ਦਲ ਅਤੇ ਪੰਥਕ ਹਸਤੀਆਂ ਵਿੱਚ ਸੰਤੁਲਨ ਬਣਾਇਆ ਹੋਇਆ ਹੈ । ਚਾਹੇ ਕਿਸੇ ਵਲੋਂ ਅੱਜ ਦੀ ਮੀਟਿੰਗ ਬਾਰੇ ਕੋਈ ਵੀ ਸਬੰਧਤ ਧਿਰਾਂ ਦੀ ਟਿੱਪਣੀ ਸਾਹਮਣੇ ਨਹੀਂ ਆਈ ਅਤੇ ਨਾ ਹੀ ਆਉਣ ਦੀ ਉਮੀਦ ਹੈ ਪਰ ਇਹ ਕਿਹਾ ਜਾ ਸਕਦਾ ਹੈ ਕਿ ਇਹ ਮੀਟਿੰਗ ਵੀ ਧਾਮੀ ਹੋਣਾਂ ਦੇ ਸੰਤੁਲਨ ਬਣਾਈ ਰੱਖਣ ਦੇ ਯਤਨ ਦਾ ਵੱਡਾ ਹਿੱਸਾ ਹੈ।
ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਕੀਤਾ ਜਾਵੇ ਤਾਂ ਕਾਰਜਕਾਰੀ ਪ੍ਰਧਾਨ ਭੂੰਦੜ ਸੰਕਟ ਦੇ ਸਮੇਂ ਜ਼ਿੰਮੇਵਾਰੀ ਨਿਭਾਉਣ ਵਾਲੇ ਤਜਰਬੇਕਾਰ ਆਗੂ ਹਨ ਪਰ ੳਨਾਂ ਦੀ ਭੂਮਿਕਾ ਨੂੰ ਬਾਦਲਾਂ ਦੀ ਅਗਵਾਈ ਹੇਠ ਚਲਦਿਆਂ ਹੀ ਪ੍ਰਵਾਨ ਕੀਤਾ ਜਾਂਦਾ ਹੈ । ਖਾਸ ਤੌਰ ਤੇ ਸੰਕਟ ਵੇਲੇ ਅਸਤੀਫਾ ਦੇਣ ਵਾਲੇ ਆਗੂ ਪਾਰਟੀ ਅੰਦਰ ਕੇਵਲ ਬਾਦਲਾਂ ਦੀ ਅਗਵਾਈ ਹੇਠ ਹੀ ਪਾਰਟੀ ਨੂੰ ਤੁਰਦੇ ਵੇਖਦੇ ਆਏ ਹਨ। ਹੁਣ ਵੀ ਤਰਨਤਾਰਨ ਦੇ ਸਾਬਕਾ ਵਿਧਾਇਕ ਸੰਧੂ ਦਾ ਪਾਰਟੀ ਤੋਂ ਅਸਤੀਫਾ ਅਤੇ ਮਾਝੇ ਦੇ ਹੀ ਭਾਜਪਾ ਤੋਂ ਆਏ ਜੋਸ਼ੀ ਦਾ ਅਸਤੀਫਾ ਪਾਰਟੀ ਉੱਪਰ ਲੀਡਰਸ਼ਿਪ ਦੀ ਪਕੜ ਕਮਜ਼ੋਰ ਪੈਣ ਦਾ ਇਕ ਵੱਡਾ ਕਾਰਨ ਹੈ । ਪਾਰਟੀ ਦੇ ਆਉਣ ਵਾਲੇ ਦਿਨਾਂ ਵਿੱਚ ਸੰਕਟ ਤੋਂ ਫੌਰੀ ਬਾਹਰ ਆਉਣ ਦੀ ਸੰਭਾਵਨਾ ਵੀ ਨਜ਼ਰ ਨਹੀਂ ਆ ਰਹੀ ।
ਸੰਪਰਕ/9814002186