Home / ਓਪੀਨੀਅਨ / ਦੇਸ਼ ਭਗਤ ਬਾਬਾ ਭਗਤ ਸਿੰਘ ਬਿਲਗਾ, ਪੜ੍ਹੋ ਮਹਾਨ ਵਿਚਾਰਾਂ ਵਾਲੀ ਵਸੀਅਤ

ਦੇਸ਼ ਭਗਤ ਬਾਬਾ ਭਗਤ ਸਿੰਘ ਬਿਲਗਾ, ਪੜ੍ਹੋ ਮਹਾਨ ਵਿਚਾਰਾਂ ਵਾਲੀ ਵਸੀਅਤ

-ਅਵਤਾਰ ਸਿੰਘ

ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜਲੰਧਰ ਦੇ ਪ੍ਰਧਾਨ ਬਾਬਾ ਭਗਤ ਸਿੰਘ ਬਿਲਗਾ ਦਾ ਜਨਮ 1-2 ਅਪ੍ਰੈਲ 1907 ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਤੋਂ ਤਕਰੀਬਨ ਛੇ ਮਹੀਨੇ ਪਹਿਲਾਂ ਪਿੰਡ ਬਿਲਗਾ ਜਲੰਧਰ ਵਿੱਚ ਹੋਇਆ। ਰੋਜ਼ਗਾਰ ਦੀ ਭਾਲ ਵਿੱਚ ਦੱਖਣੀ ਅਮਰੀਕਾ ਦੇ ਅਰਜਨਟਾਈਨਾ ਵਿੱਚ ਗਏ ਜਿਥੇ ਉਨ੍ਹਾਂ ਦੀ ਮੁਲਾਕਾਤ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ (ਜੋ ਦੇਸ਼ ਨਿਕਾਲਾ ਕਾਰਨ ਬਾਹਰ ਸਨ) ਨਾਲ ਹੋਈ। ਉਥੇ ਰੇਲਵੇ ਸਟੋਰ ਵਿੱਚ ਨੌਕਰੀ ਕਰਨ ਦੇ ਨਾਲ ਨਾਲ ਨੌਜਵਾਨ ਭਾਰਤ ਸਭਾ ਤੇ ਕਿਰਤੀ ਪਾਰਟੀ ਨੂੰ ਫੰਡ ਭੇਜਣ ਲੱਗੇ। ਫਿਰ ਗਦਰ ਲਹਿਰ ਵਿੱਚ ਸਰਗਰਮੀ ਨਾਲ ਕੰਮ ਕਰਨਾ ਸ਼ੁਰੂ ਕੀਤਾ।

ਰੂਸ ‘ਚ ਇਨਕਲਾਬ ਆਉਣ ਤੇ ਉਹ 60 ਦੇ ਕਰੀਬ ਗਦਰੀਆਂ ਨਾਲ ਰੂਸ ਪਹੁੰਚ ਗਏ। ਰਸ਼ੀਅਨ ਭਾਸ਼ਾ, ਮਾਰਕਸਵਾਦ, ਰਾਜਨੀਤੀ, ਆਰਥਿਕਤਾ ਆਦਿ ਬਾਰੇ ਪੜਿਆ। 1933 ਵਿੱਚ ਪੈਰਿਸ, ਬਰਲਿਨ, ਕੋਲੰਬੋ ਹੁੰਦੇ ਹੋਏ ਕੰਨਿਆ ਕੁਮਾਰੀ ਲੁੱਕ ਛਿਪ ਕੇ ਪਹੁੰਚੇ। 1939 ਆਪਣੇ ਪਿੰਡ ਆ ਕੇ ਲੜਕੀਆਂ ਲਈ ਸਕੂਲ ਖੋਲ੍ਹਿਆ।

ਉਨ੍ਹਾਂ ਦੇ ਦੋ ਪੁੱਤਰ ਕੁਲਬੀਰ ਸਿੰਘ ਸੰਘੇੜਾ ਤੇ ਪ੍ਰੇਮ ਸਿੰਘ ਅਤੇ ਧੀ ਕ੍ਰਾਂਤੀ ਸੀ ਜੋ ਆਜ਼ਾਦੀ ਤੋਂ ਬਾਅਦ ਬਾਬਾ ਜੀ ਦੀ ਗ੍ਰਿਫਤਾਰੀ ਦੌਰਾਨ ਉਸਦੀ ਬੁਖਾਰ ਨਾਲ ਮੌਤ ਹੋ ਗਈ।

ਸਰਕਾਰ ਦੀਆਂ ਵਿਰੋਧੀ ਸਰਗਰਮੀਆਂ ਕਾਰਨ ਪਹਿਲੀ ਗ੍ਰਿਫਤਾਰੀ ਲਾਹੌਰ ਵਿੱਚ ਦੋ ਮਹੀਨੇ, ਪਿੰਡ ਵਿੱਚ ਇੱਕ ਸਾਲ ਨਜ਼ਰਬੰਦ, 1939 ਵਿਚ ਕੈਂਬਲਪੁਰ ਜੇਲ੍ਹ ਵਿੱਚ ਬੰਦ ਕੀਤਾ।

1947-48 ‘ਚ ਫਿਰਕੂ ਵੰਡ ਦਾ ਵਿਰੋਧ ਕਰਨ ‘ਤੇ ਆਜ਼ਾਦ ਭਾਰਤ ਦੀ ਸਰਕਾਰ ਨੇ ਬਾਬਾ ਜੀ ਨੂੰ ਇਕ ਸਾਲ ਧਰਮਸ਼ਾਲਾ ਦੀ ਯੋਲ ਜੇਲ ਵਿੱਚ ਬੰਦ ਕਰ ਦਿੱਤਾ। ਉਨ੍ਹਾਂ ਬਾਬਾ ਸੋਹਣ ਸਿੰਘ ਭਕਨਾ ਤੇ ਹੋਰ ਗਦਰੀਆਂ ਦੇ ਸਹਿਯੋਗ ਨਾਲ ਜਲੰਧਰ ਵਿੱਚ ਦੇਸ਼ ਭਗਤ ਯਾਦਗਾਰ ਹਾਲ ਬਣਾਇਆ ਜਿਸ ਨੂੰ ਉਨ੍ਹਾਂ ਆਪਣਾ ਘਰ ਬਣਾ ਲਿਆ।

ਪਿੰਡ ਪਿੰਡ ਜਾ ਕੇ ਗਦਰੀਆਂ ਤੇ ਹੋਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਫੋਟੋਆਂ, ਹੱਥ ਲਿਖਤਾਂ, ਦਸਤਾਵੇਜ, ਚਿੱਠੀਆਂ ਤੇ ਕਿਤਾਬਾਂ ਇਕੱਠੀਆਂ ਕਰਕੇ ਐਨ ਆਰ ਆਈ ਤੇ ਹੋਰ ਸਾਥੀਆਂ ਦੀ ਮਦਦ ਨਾਲ ਇਸ ਹਾਲ ਵਿਚ ਅਜਾਇਬਘਰ ਤੇ ਲਾਇਬ੍ਰੇਰੀ ਤਿਆਰ ਕੀਤੀ।

ਸਤੰਬਰ 1992 ਵਿੱਚ ਜਦ ਦੇਸ਼ ਭਗਤ ਯਾਦਾਗਾਰ ਮੇਲਾ ਪਹਿਲੀ ਵਾਰ ਸ਼ੁਰੂ ਹੋਇਆ ਤਾਂ ਉਹ ਬਹੁਤ ਹੀ ਖੁਸ਼ ਹੋਏ। ਉਹੋ ਮੇਲਾ ਹੁਣ ਹਰ ਸਾਲ ਪਹਿਲੀ ਨਵੰਬਰ ਨੂੰ ਵੀ ਮਨਾਇਆ ਜਾਂਦਾ, ਇਹ ਇਨਕਲਾਬੀ ਲਹਿਰ ਉਸਾਰਨ ਵਿਚ ਮਹੱਤਵਪੂਰਨ ਰੋਲ ਨਿਭਾ ਰਿਹਾ ਹੈ। ਉਨ੍ਹਾਂ ਦਾ 22-5- 2009 ਨੂੰ ਇੰਗਲੈਂਡ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ 24 -7- 2001 ਨੂੰ ਇਕ ਵਸੀਅਤ ਲਿਖੀ:

“ਮੇਰੀ ਮੌਤ ਤੋਂ ਬਾਅਦ ਸਸਕਾਰ ਕਰਨ ਉਪਰੰਤ ਮੇਰੀ ਰਾਖ ਸਤਲੁਜ ਦਰਿਆ ਵਿੱਚ ਵਹਾ ਦੇਣੀ। ਮੇਰੀ ਯਾਦ ਵਿਚ ਕੋਈ ਮੜੀ ਜਾਂ ਮੱਠ ਨਾ ਉਸਾਰਨਾ, ਮੇਰਾ ਸਵਰਗ ਨਰਕ ਵਿਚ ਕੋਈ ਵਿਸ਼ਵਾਸ ਨਹੀਂ ਤੇ ਨਾ ਹੀ ਬਿਸਤਰਾ, ਬਰਤਨ ਦੇਣਾ ਅਤੇ ਨਾ ਹੀ ਕੀਰਤਪੁਰ ਜਾਂ ਹਰਿਦੁਆਰ ਜਾ ਕੇ ਸਤ ਗਤ ਕਰਵਾਉਣੀ। ਮੇਰਾ ਤੁਹਾਡਾ ਤੁਅਲਕ ਸਤਲੁਜ ਦਰਿਆ ‘ਚ ਸੁਟਣ ਤੋਂ ਬਾਅਦ ਖਤਮ ਹੋ ਜਾਵੇਗਾ।”

ਉਨ੍ਹਾਂ ਦੇ ਵਿਚਾਰ 1.

“ਅੱਜ ਫਿਰਕਾਪ੍ਰਸਤੀ ਤੋਂ ਵੱਡਾ ਖਤਰਾ ਹੈ, ਇਸਦੀ ਜੰਮਣਹਾਰੀ ਸਰਮਾਏਦਾਰੀ ਹੈ। ਜੇਕਰ ਇਸ ਖਿਲਾਫ ਨਾ ਲੜਿਆ ਗਿਆ ਤਾਂ ਦੇਸ਼ ਮੁੜ ਗੁਲਾਮ ਹੋ ਜਾਵੇਗਾ।

2. ਧਰਮਾਂ ਦਾ ਵਿਰੋਧ ਧਰਮਾਂ ਦੀ ਫਿਲਾਸਫੀ ਤੋਂ ਖੜ ਕੇ ਹੀ ਕੀਤਾ ਜਾ ਸਕਦਾ।

3.ਧਰਮ ਦਾ ਰਾਜਨੀਤੀ ਵਿਚ ਕੋਈ ਦਖਲ ਨਹੀਂ ਹੋਣਾ ਚਾਹੀਦਾ।

4. ਹਿੰਦ ਕਮਿਉਨਿਸਟ ਪਾਰਟੀ ਦੀ ਲੀਡਰਸ਼ਿਪ ਮੱਧ ਵਰਗੀ ਬੁਧੀਜੀਵੀਆਂ ਦੇ ਹੱਥ ‘ਚ ਰਹੀ ਹੈ। ਜੋ ਦੇਸ਼ ਦੇ ਮਜ਼ਦੂਰਾਂ, ਕਿਸਾਨਾਂ ਦੇ ਅਮਲੀ ਜੀਵਨ ਨੂੰ ਸਮਝ ਨਹੀ ਸਕੀ।ਸਮਝ ਦੇ ਇਸ ਪਾੜੇ ਨੇ ਇਸਨੂੰ ਲੋਕਾਂ ਦੇ ਨੇੜੇ ਆਉਣ ਹੀ ਨਹੀਂ ਦਿੱਤਾ। ਹਰ ਸਾਲ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਬਾਬਾ ਜੀ ਦੇ 110 ਵੇਂ ਜਨਮ ਦਿਨ ਦੇ ਸਬੰਧ ਸਮਾਗਮ ਕੀਤੇ ਜਾਂਦੇ ਹਨ।

Check Also

ਫ਼ਲਦਾਰ ਬੂਟਿਆਂ ਵਿੱਚ ਸੂਖਮ ਤੱਤਾਂ ਦੀ ਘਾਟ

-ਡਾ.ਗੁਰਤੇਗ ਸਿੰਘ ਫ਼ਲਦਾਰ ਬੂਟਿਆਂ ਦੇ ਚੰਗੇ ਵਾਧੇ ਅਤੇ ਇਹਨਾਂ ਤੋਂ ਮਿਆਰੀ ਫ਼ਲ ਲੈਣ ਲਈ ਜ਼ਰੂਰੀ …

Leave a Reply

Your email address will not be published. Required fields are marked *